ਐੱਸਸੀ/ਬੀਸੀ ਅਧਿਆਪਕਾਂ ਦੇ ਕਾਡਰ ਨੂੰ ਬੇਇਨਸਾਫ਼ੀ ਖ਼ਿਲਾਫ਼ ਡਟਣ ਦਾ ਸੁਨੇਹਾ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 26 ਦਸੰਬਰ
ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ ਦੀ ਅਗਵਾਈ ਹੇਠ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ ਅਤੇ ਸਮੁੱਚੀ ਟੀਮ ਦੇ ਪ੍ਰਬੰਧ ਹੇਠ ਸੀਨੀਆਰਤਾ/ਜੰਜੂਆ ਜੱਜਮੈਂਟ, ਰੋਸਟਰ ਨੀਤੀ/ਰਾਖਵਾਂਕਰਨ, ਸਿੱਖਿਆ ਨੀਤੀ- 2020, ਪੁਰਾਣੀ ਪੈਨਸ਼ਨ ਬਹਾਲੀ ਅਤੇ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਦੇ ਮੁੱਦਿਆਂ ਬਾਰੇ ਕਨਵੈਨਸ਼ਨ ਕਰਵਾਈ ਗਈ। ਇਸ ਸਬੰਧੀ ਸੂਬਾ ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਨੇ ਦੱਸਿਆ ਕਿ ਬਲਜੀਤ ਸਿੰਘ ਸਲਾਣਾ ਵੱਲੋਂ ਸਮੁੱਚੇ ਕਾਡਰ ਨੂੰ ਹਰ ਤਰ੍ਹਾਂ ਦੇ ਅਨਿਆਂ ਖ਼ਿਲਾਫ਼ ਨਿੱਡਰਤਾ ਨਾਲ ਡਟਣ ਦਾ ਸੁਨੇਹਾ ਦਿੱਤਾ ਗਿਆ। ਕਾਰਜਕਾਰੀ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਨੇ ਸੀਨੀਆਰਤਾ ਸਬੰਧੀ 1978 ਦੇ ਸੇਵਾ ਨਿਯਮਾਂ ਅਤੇ ਜੰਜੂਆ ਜੱਜਮੈਂਟ ਉੱਤੇ ਚਰਚਾ ਕਰਦਿਆਂ ਦੱਸਿਆ ਕਿ ਕਿਵੇਂ ਇਸ ਫ਼ੈਸਲੇ ਨੂੰ ਗਲਤ ਢੰਗ ਨਾਲ ਲਾਗੂ ਕੇ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸੀਨੀਆਰਤਾ ਸੂਚੀ ਵਿੱਚ ਪਿੱਛੇ ਧੱਕ ਕੇ ਤਰੱਕੀਆਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਸੂਬਾ ਮੀਤ ਪ੍ਰਧਾਨ ਪਰਵਿੰਦਰ ਭਾਰਤੀ ਨੇ ਰੋਸਟਰ ਨੁਕਤੇ ਅਤੇ ਰਾਖਵਾਂਕਰਨ ਨੀਤੀ ਨੂੰ ਸਾਹਮਣੇ ਰੱਖਿਆ। ਸੂਬਾ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਨੇ ਨਵੀਂ ਸਿੱਖਿਆ ਨੀਤੀ 2020 ਦੇ ਸਮਾਜ ਉੱਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਗੱਲ ਕੀਤੀ। ਆਗੂਆਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਡਾ. ਅੰਬੇਡਕਰ ਪ੍ਰਤੀ ਕੀਤੀ ਅਪਮਾਨਜਨਕ ਟਿੱਪਣੀ ਵਿਰੁੱਧ ਨਿੰਦਾ ਮਤਾ ਪਾਸ ਕੀਤਾ ਅਤੇ ਹਰ ਜ਼ਿਲ੍ਹੇ ਵਿੱਚ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਵਿਆਸ ਲਾਲ ਅਤੇ ਦਰਸ਼ਨ ਸਿੰਘ ਡਾਂਗੋ ਵੱਲੋਂ ਨਿਭਾਈ ਗਈ। ਕਨਵੈਨਸ਼ਨ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਮੀਤ ਪ੍ਰਧਾਨ ਵੀਰ ਸਿੰਘ ਮੋਗਾ, ਵਿਜੇ ਮਾਨਸਾ, ਹਰਬੰਸ ਲਾਲ ਪਰਜੀਆਂ ਤੇ ਕਮਲਜੀਤ ਸਿੰਘ ਭਵਾਨੀਗੜ੍ਹ ਸ਼ਾਮਲ ਸਨ।