For the best experience, open
https://m.punjabitribuneonline.com
on your mobile browser.
Advertisement

ਟੀਐੱਮਸੀ ਨੂੰ ਹਾਸ਼ੀਏ ’ਤੇ ਧੱਕੇਗਾ ਸੰਦੇਸ਼ਖਲੀ ਦਾ ਤੂਫਾਨ: ਮੋਦੀ

07:02 AM Mar 07, 2024 IST
ਟੀਐੱਮਸੀ ਨੂੰ ਹਾਸ਼ੀਏ ’ਤੇ ਧੱਕੇਗਾ ਸੰਦੇਸ਼ਖਲੀ ਦਾ ਤੂਫਾਨ  ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਟਰੋ ਦੇ ਸਫਰ ਦੌਰਾਨ ਮੁਸਾਫਰਾਂ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਪੀਟੀਆਈ
Advertisement

* ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੀ ਪਹਿਲੀ ਅੰਡਰਵਾਟਰ ਮੈਟਰੋ ਦਾ ਉਦਘਾਟਨ

Advertisement

ਬਾਰਾਸਾਤ (ਪੱਛਮੀ ਬੰਗਾਲ), 6 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਵਿਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ‘ਸੰਦੇਸ਼ਖਲੀ’ ਦੀ ਗੂੰਜ ਪੂਰੇ ਦੇਸ਼ ਵਿਚ ਸੁਣਾਈ ਦੇੇਵੇਗੀ। ਉਨ੍ਹਾਂ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਵਿਚ ਸੱਤਾਧਾਰੀ ਪਾਰਟੀ ਨੂੰ ਹਾਸ਼ੀਏ ’ਤੇ ਧੱਕਣ ਵਿਚ ‘ਨਾਰੀ ਸ਼ਕਤੀ’ ਦੀ ਕੇਂਦਰੀ ਭੂਮਿਕਾ ਰਹੇਗੀ। ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਸਦਰਮੁਕਾਮ ਬਾਰਾਸਾਤ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਲਾਕੇ ਦੀਆਂ ਔਰਤਾਂ ਨਾਲ ਜੋ ਕੁਝ ਹੋਇਆ ਉਹ ‘ਬਹੁਤ ਸ਼ਰਮ ਦੀ ਗੱਲ’ ਹੈ। ਪ੍ਰਧਾਨ ਮੰਤਰੀ ਰੈਲੀ ਮਗਰੋਂ ਸੰਦੇਸ਼ਖਲੀ ਤੋਂ ਆਈਆਂ ਔਰਤਾਂ ਦੇ ਸਮੂਹ ਨੂੰ ਵੀ ਮਿਲੇ। ਉਨ੍ਹਾਂ ਔਰਤਾਂ ਨੂੰ ‘ਮਾਂ ਦੁਰਗਾ’ ਦੱਸਦਿਆਂ ਨਿਆਂ ਤੇ ਸੁਰੱਖਿਆ ਦਾ ਭਰੋਸਾ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਤ੍ਰਿਣਮੂਲ ਕਾਂਗਰਸ ਸਰਕਾਰ ਸੂਬੇ ਵਿਚ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਥਾਂ ਤੁਸ਼ਟੀਕਰਨ ਦੀ ਸਿਆਸਤ ਨੂੰ ਤਰਜੀਹ ਦੇ ਰਹੀ ਹੈ। ਇਸ ਤੋਂ ਪਹਿਲਾਂ ਅੱਜ ਦਿਨ ਵੇਲੇ ਸ੍ਰੀ ਮੋਦੀ ਨੇ ਕੋਲਕਾਤਾ ਮੈਟਰੋ ਦੇ ਐਸਪਲਾਨੇਡ-ਹਾਵੜਾ ਮੈਦਾਨ ਖੰਡ ਦਾ ਉਦਘਾਟਨ ਕੀਤਾ, ਜੋ ਹੁਗਲੀ ਨਦੀ ਦੇ ਹੇਠੋਂ ਲੰਘਦਾ ਹੈ। ਇਹ ਦੇਸ਼ ਦੀ ਪਹਿਲੀ ਅੰਡਰਵਾਟਰ ਟਰਾਂਸਪੋਰਟੇਸ਼ਨ ਸੁਰੰਗ ਹੈ। ਸ੍ਰੀ ਮੋਦੀ ਨੇ ਮੈਟਰੋ ਦਾ ਸਫ਼ਰ ਵੀ ਕੀਤਾ।

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲਕਾਤਾ (ਪੱਛਮੀ ਬੰਗਾਲ) ਵਿਚ ਦੇਸ਼ ਦੀ ਪਹਿਲੀ ਅੰਡਰਵਾਟਰ ਮੈਟਰੋ ਦਾ ਉਦਘਾਟਨ ਕਰਨ ਮੌਕੇ ਲੋਕਾਂ ਦਾ ਪਿਆਰ ਕਬੂਲਦੇ ਹੋਏ। -ਫੋਟੋ: ਪੀਟੀਆਈ

ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਟੀਐੱਮਸੀ ਆਗੂ ਵੱਖ ਵੱਖ ਥਾਵਾਂ ’ਤੇ ਗਰੀਬ, ਦਲਿਤ ਤੇ ਆਦਿਵਾਸੀ ਪਰਿਵਾਰਾਂ ਦੀਆਂ ਭੈਣਾਂ ਤੇ ਧੀਆਂ ’ਤੇ ਜ਼ੁਲਮ ਕਰ ਰਹੇ ਹਨ। ਬੰਗਾਲ ਤੇ ਦੇਸ਼ ਦੀਆਂ ਔਰਤਾਂ ਗੁੱਸੇ ਵਿਚ ਹਨ। ਸੰਦੇਸ਼ਖਲੀ ਦਾ ਇਹ ਤੂਫਾਨ ਪੱਛਮੀ ਬੰਗਾਲ ਦੇ ਹਰ ਹਿੱਸੇ ਵਿਚ ਪਹੁੰਚੇਗਾ ਤੇ ਸੂਬੇ ਵਿਚ ਟੀਐੱਮਸੀ ਨੂੰ ਹਾਸ਼ੀਏ ’ਤੇ ਧੱਕੇਗਾ।’’ ਉਨ੍ਹਾਂ ਕਿਹਾ, ‘‘ਬੰਗਾਲ ਦੀ ਧਰਤੀ ਔਰਤਾਂ ਦੀ ਸ਼ਕਤੀ ਲਈ ਪ੍ਰੇਰਨਾ ਦਾ ਸਰੋਤ ਸੀ। ਪਰ ਅੱਜ ਉਸੇ ਧਰਤੀ ਉੱਤੇ ਟੀਐੱਮਸੀ ਦੇ ਰਾਜ ਵਿਚ ਔਰਤਾਂ ’ਤੇ ਜ਼ੁਲਮ ਹੋ ਰਹੇ ਹਨ। ਸੰਦੇਸ਼ਖ਼ਲੀ ਵਿਚ ਜੋ ਕੁਝ ਹੋਇਆ ਉਸ ਨਾਲ ਕਿਸੇ ਦਾ ਵੀ ਸਿਰ ਸ਼ਰਮ ਨਾਲ ਝੁਕ ਜਾਵੇਗਾ। ਪਰ ਇਥੋਂ ਦੀ ਟੀਐੱਮਸੀ ਸਰਕਾਰ ਨੂੰ ਔਰਤਾਂ ਦੇ ਦੁੱਖ ਦਰਦਾਂ ਦੀ ਕੋਈ ਪ੍ਰਵਾਹ ਨਹੀਂ ਹੈ।’’ ਸ੍ਰੀ ਮੋਦੀ ਨੇ ਕਿਹਾ ਕਿ ਟੀਐੱਮਸੀ ਸਰਕਾਰ ਕਥਿਤ ਅਪਰਾਧੀਆਂ ਦੀ ਢਾਲ ਬਣ ਰਹੀ ਹੈ। ਕਾਨੂੰਨੀ ਦਖਲ ਦੇ ਬਾਵਜੂਦ ਸੂਬਾਈ ਅਥਾਰਿਟੀਜ਼ ਵੱਲੋਂ ਸੰਦੇਸ਼ਖਲੀ ਘਟਨਾਵਾਂ ਲਈ ਜ਼ਿੰਮੇਵਾਰ ਲੋਕਾਂ ਦੀ ਗ੍ਰਿਫ਼ਤਾਰੀ ਵਿਚ ਅੜਿੱਕੇ ਡਾਹੇ ਜਾ ਰਹੇ ਹਨ।
ਸ੍ਰੀ ਮੋਦੀ ਨੇ ਕਿਹਾ, ‘‘ਟੀਐੱਮਸੀ ਨੇ ਅਪਰਾਧੀਆਂ ਨੂੰ ਬਚਾਉਣ ਲਈ ਆਪਣਾ ਪੂਰਾ ਟਿੱਲ ਲਾਇਆ। ਸੂਬਾ ਸਰਕਾਰ ਨੂੰ ਹਾਲਾਂਕਿ ਪਹਿਲਾਂ ਹਾਈ ਕੋਰਟ ਤੇ ਮਗਰੋਂ ਸੁਪਰੀਮ ਕੋਰਟ ਤੋਂ ਝਟਕਾ ਲੱਗਾ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਟੀਐੱਮਸੀ ਸਰਕਾਰ ਦਲਾਲਾਂ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਤੇ ਇਹ ਭੈਣਾਂ ਤੇ ਧੀਆਂ ਨੂੰ ਸੁਰੱਖਿਆ ਨਹੀਂ ਦੇ ਸਕਦੀ। ਦੂਜੇ ਪਾਸੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਬਲਾਤਕਾਰ ਜਿਹੇ ਗੰਭੀਰ ਅਪਰਾਧਾਂ ਲਈ ਮੌਤ ਦੀ ਸਜ਼ਾ ਜਿਹੀਆਂ ਵਿਵਸਥਾਵਾਂ ਕੀਤੀਆਂ ਹਨ।’’ ਉਨ੍ਹਾਂ ਵਿਮੈੱਨਜ਼ ਹੈਲਪਲਾਈਨ ਜਿਹੇ ਕੇਂਦਰੀ ਉਪਰਾਲੇ ਲਾਗੂ ਕਰਨ ਵਿਚ ਨਾਕਾਮ ਰਹਿਣ ਲਈ ਵੀ ਮਮਤਾ ਬੈਨਰਜੀ ਸਰਕਾਰ ਨੂੰ ਭੰਡਿਆ। ਉਨ੍ਹਾਂ ਕਿਹਾ, ‘‘ਬੰਗਾਲ ਨੂੰ ਟੀਐੱਮਸੀ ਨਾਮ ਦਾ ਗ੍ਰਹਿਣ ਲੱਗਾ ਹੈ। ਇਸ ਲਈ ਤੁਸੀਂ ਸਾਰਿਆਂ, ਭੈਣਾਂ ਤੇ ਮਾਵਾਂ ਨੇ ਵਿਰੋਧੀ ਧਿਰਾਂ ਦੇ ਗੱਠਜੋੜ ਨੂੰ ਹਰਾਉਣਾ ਹੈ ਤਾਂ ਕਿ ਦੇਸ਼ ਦੇ ਹਰ ਕੋਨੇ ਵਿਚ ਕਮਲ ਖਿੜ ਸਕੇ।’’ ਸ੍ਰੀ ਮੋਦੀ ਨੇ ਜ਼ੋਰ ਦੇ ਕੇ ਆਖਿਆ ਕਿ 140 ਕਰੋੜ ਭਾਰਤੀ ‘ਮੇਰਾ ਪਰਿਵਾਰ’ ਹਨ। ਸ੍ਰੀ ਮੋਦੀ ਨੇ ਕੋਚੀ ਮੈਟਰੋ ਦੇ ਫੇਜ਼ 1ਬੀ ਤੇ ਆਗਰਾ ਮੈਟਰੋ ਦੇ ਤਰਜੀਹੀ ਲਾਂਘੇ ਦਾ ਵੀ ਵਰਚੁਅਲੀ ਉਦਘਾਟਨ ਕੀਤਾ।
ਇਸ ਦੌਰਾਨ ਭਾਜਪਾ ਆਗੂਆਂ ਨੇ ਦੋਸ਼ ਲਾਇਆ ਕਿ ਸੰਦੇਸ਼ਖਲੀ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਵਿਚ ਸ਼ਾਮਲ ਹੋਣ ਲਈ ਆਈਆਂ ਔਰਤਾਂ, ਜੋ ਕੁਝ ਬੱਸਾਂ ਵਿਚ ਸਵਾਰ ਸਨ, ਨੂੰ ‘ਸੁਰੱਖਿਆ ਪ੍ਰੋਟੋਕਾਲ’ ਦੇ ਹਵਾਲੇ ਨਾਲ ਕਈ ਥਾਵਾਂ ’ਤੇ ਰੋਕਿਆ ਗਿਆ। ਉਧਰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਵਾਲੀਆਂ ਔਰਤਾਂ ਨੇ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਮੋਦੀ ਨੇ ਬੜੇ ਸੰਜਮ ਨਾਲ ਉਨ੍ਹਾਂ ਨੂੰ ਸੁਣਿਆ ਅਤੇ ਨਿਆਂ ਤੇ ਸੁਰੱਖਿਆ ਦਾ ਭਰੋਸਾ ਦਿੱਤਾ। ਸ੍ਰੀ ਮੋਦੀ ਨੇ ਬਾਅਦ ਵਿਚ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਬੇਤੀਆ ਵਿਚ ਵੀ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਦੌਰਾਨ ਸ੍ਰੀ ਮੋਦੀ ਨੇ ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਨੂੰ ਜੰਮ ਕੇ ਭੰਡਿਆ। -ਪੀਟੀਆਈ

ਸੀਬੀਆਈ ਹਵਾਲੇ ਕੀਤਾ ਸ਼ਾਹਜਹਾਂ ਸ਼ੇਖ

ਕੋਲਕਾਤਾ: ਸੰਦੇਸ਼ਖਲੀ ਜਬਰੀ ਵਸੂਲੀ, ਜ਼ਮੀਨ ਹੜੱਪਣ ਤੇ ਜਿਨਸੀ ਸ਼ੋਸ਼ਣ ਕੇਸਾਂ ਵਿਚ ਮੁੱਖ ਮੁਲਜ਼ਮ ਮੁਅੱਤਲਸ਼ੁਦਾ ਟੀਐੱਮਸੀ ਆਗੂ ਸ਼ਾਹਜਹਾਂ ਸ਼ੇਖ ਨੂੰ ਈਡੀ ਅਧਿਕਾਰੀਆਂ ’ਤੇ ਹਮਲੇ ਨਾਲ ਸਬੰਧਤ ਕੇਸ ਵਿਚ ਕਲਕੱਤਾ ਹਾਈ ਕੋਰਟ ਦੇ ਹੁਕਮਾਂ ’ਤੇ ਅੱਜ ਸ਼ਾਮੀਂ ਪੱਛਮੀ ਬੰਗਾਲ ਸੀਆਈਡੀ ਦੀ ਹਿਰਾਸਤ ’ਚੋਂ ਸੀਬੀਆਈ ਹਵਾਲੇ ਕਰ ਦਿੱਤਾ ਗਿਆ ਹੈ। ਸੀਬੀਆਈ ਅਧਿਕਾਰੀਆਂ ਦੀ ਟੀਮ ਸ਼ੇਖ ਦੀ ਸਪੁਰਦਗੀ ਹਾਸਲ ਕਰਨ ਲਈ ਅੱਜ ਸ਼ਾਮੀਂ 4 ਵਜੇ ਤੋਂ ਪਹਿਲਾਂ ਭਵਾਨੀ ਭਵਨ ਸਥਿਤ ਸੀਆਈਡੀ ਹੈੱਡਕੁਆਰਟਰਜ਼ ਪੁੱਜ ਗਈ ਸੀ। ਕੋਲਕਾਤਾ ਹਾਈ ਕੋਰਟ ਵੱਲੋਂ ਸ਼ਾਮ ਸਵਾ ਚਾਰ ਵਜੇ ਦੀ ਡੈੱਡਲਾਈਨ ਨਿਰਧਾਰਿਤ ਕੀਤੇ ਜਾਣ ਦੇ ਬਾਵਜੂਦ ਸੀਬੀਆਈ ਨੂੰ ਸ਼ਾਮੀਂ 6:48 ਵਜੇ ਦੇ ਕਰੀਬ ਮੁਲਜ਼ਮ ਦੀ ਸਪੁਰਦਗੀ ਮਿਲੀ। ਸੀਬੀਆਈ ਨੂੰ ਸ਼ਾਹਜਹਾਂ ਸ਼ੇਖ਼ ਦੀ ਕਸਟਡੀ ਹਾਸਲ ਕਰਨ ਲਈ ਤਿੰਨ ਘੰਟੇ ਤੋਂ ਵੱਧ ਸਮਾਂ ਉਡੀਕ ਕਰਨੀ ਪਈ। ਸ਼ੇਖ ਨੂੰ 29 ਫਰਵਰੀ ਨੂੰ ਗ੍ਰਿਫ਼ਤਾਰੀ ਮਗਰੋਂ ਸੀਆਈਡੀ ਦੇ ਭਵਾਨੀ ਭਵਨ ਸਥਿਤ ਹੈੱਡਕੁਆਰਟਰਜ਼ ਵਿਚ ਹੀ ਰੱਖਿਆ ਗਿਆ ਹੈ। ਸੀਬੀਆਈ ਨੂੰ ਸੌਂਪੇ ਜਾਣ ਤੋਂ ਪਹਿਲਾਂ ਸੀਆਈਡੀ ਨੇ ਸ਼ੇਖ ਦਾ ਸਰਕਾਰੀ ਐੱਸ.ਐੱਸ.ਕੇ.ਐੱਮ ਮੈਡੀਕਲ ਕਾਲਜ ਤੇ ਹਸਪਤਾਲ ’ਚੋਂ ਮੈਡੀਕਲ ਕਰਵਾਇਆ ਗਿਆ। ਸੀਬੀਆਈ ਅਧਿਕਾਰੀ ਸ਼ੇਖ ਨੂੰ ਪਹਿਲਾਂ ਮੈਡੀਕਲ ਚੈਕਅੱਪ ਲਈ ਈਐੱਸਆਈ ਹਸਪਤਾਲ ਤੇ ਮਗਰੋਂ ਨਿਜ਼ਾਮ ਪੈਲੇਸ ਸਥਿਤ ਕੇਂਦਰੀ ਜਾਂਚ ਏਜੰਸੀ ਦੇ ਦਫ਼ਤਰ ਲੈ ਗਏ। ਭਾਜਪਾ ਵਿਧਾਇਕ ਸ਼ੰਕਰ ਘੋਸ਼ ਨੇ ਕਿਹਾ, ‘‘ਇਹ ਬਹੁਤ ਸ਼ਰਮਨਾਕ ਹੈ। ਕਲਕੱਤਾ ਹਾਈ ਕੋਰਟ ਵੱਲੋਂ 4:15 ਵਜੇ ਦੀ ਡੈੱਡਲਾਈਨ ਨਿਰਧਾਰਿਤ ਕੀਤੇ ਜਾਣ ਦੇ ਬਾਵਜੂਦ ਸ਼ਾਹਜਹਾਂ ਸ਼ੇਖ ਨੂੰ ਦੋ ਘੰਟੇ ਤੋਂ ਵੱਧ ਸਮੇਂ ਦੀ ਦੇਰੀ ਨਾਲ ਸੀਬੀਆਈ ਦੇ ਸਪੁਰਦ ਕੀਤਾ ਗਿਆ। ਇਸ ਤੋਂ ਸਾਫ਼ ਹੈ ਕਿ ਟੀਐੱਮਸੀ ਸਰਕਾਰ ਨਿਆਂਪਾਲਿਕਾ ਦਾ ਕਿੰਨਾ ਕੁ ਸਤਿਕਾਰ ਕਰਦੀ ਹੈ।’’ ਕਾਬਿਲੇਗੌਰ ਹੈ ਕਿ ਸੀਬੀਆਈ ਨੇ ਮੰਗਲਵਾਰ ਨੂੰ ਵੀ ਮੁਅੱਤਲ ਟੀਐੱਮਸੀ ਆਗੂ ਸ਼ਾਹਜਹਾਂ ਸ਼ੇਖ ਦੀ ਸਪੁਰਦਗੀ ਹਾਸਲ ਕਰਨ ਲਈ ਕੋਸ਼ਿਸ਼ ਕੀਤੀ ਸੀ, ਪਰ ਸੀਆਈਡੀ ਨੇ ਨਾਂਹ ਕਰ ਦਿੱਤੀ। ਸੀਆਈਡੀ ਨੇ ਤਰਕ ਦਿੱਤਾ ਸੀ ਕਿ ਸੂਬਾ ਸਰਕਾਰ ਨੇ ਕਲਕੱਤਾ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਹੈ, ਜਿਸ ਕਰਕੇ ਸ਼ੇਖ ਨੂੰ ਅਜੇ ਸੀਬੀਆਈ ਹਵਾਲੇ ਨਹੀਂ ਕੀਤਾ ਜਾ ਸਕਦਾ। ਸੁਪਰੀਮ ਕੋਰਟ ਨੇ ਹਾਲਾਂਕਿ ਪਟੀਸ਼ਨ ’ਤੇ ਫੌਰੀ ਸੁਣਵਾਈ ਤੋਂ ਨਾਂਹ ਕਰਦਿਆਂ ਸਰਕਾਰੀ ਵਕੀਲ ਨੂੰ ਰਜਿਸਟਰਾਰ ਜਨਰਲ ਕੋਲ ਜਾਣ ਲਈ ਕਿਹਾ ਸੀ। ਸ਼ੇਖ ਨੂੰ ਪਿਛਲੇ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਦੋਂ ਕੇਸ ਦੀ ਜਾਂਚ ਪੱਛਮੀ ਬੰਗਾਲ ਸੀਆਈਡੀ ਨੇ ਆਪਣੇ ਹੱਥਾਂ ਵਿਚ ਲੈ ਲਈ ਸੀ। -ਪੀਟੀਆਈ

Advertisement
Author Image

joginder kumar

View all posts

Advertisement