ਸਰਕਾਰੀ ਸਕੂਲਾਂ ਵਿੱਚ 11ਵੀਂ ’ਚ ਦਾਖਲੇ ਲਈ ਮੈਰਿਟ ਸੂਚੀ ਜਾਰੀ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 27 ਜੂਨ
ਯੂਟੀ ਦੇ ਸਿੱਖਿਆ ਵਿਭਾਗ ਨੇ 42 ਸਰਕਾਰੀ ਸਕੂਲਾਂ ਵਿਚ 11ਵੀਂ ਜਮਾਤ ਵਿਚ ਦਾਖਲੇ ਲਈ ਮੈਰਿਟ ਸੂਚੀ ਅੱਜ ਜਾਰੀ ਕਰ ਦਿੱਤੀ ਹੈ। ਇਹ ਸੂਚੀ ਵਿਭਾਗ ਨੇ ਪਹਿਲਾਂ ਦੁਪਹਿਰ ਵੇਲੇ ਜਾਰੀ ਕਰਨੀ ਸੀ ਪਰ ਤਕਨੀਕੀ ਖਾਮੀਆਂ ਕਾਰਨ ਸ਼ਾਮ ਚਾਰ ਵਜੇ ਤੋਂ ਬਾਅਦ ਜਾਰੀ ਹੋਈ ਜੋ ਸਿੱਖਿਆ ਵਿਭਾਗ ਦੀ ਵੈਬਸਾਈਟ ‘ਤੇ ਉਪਲੱਬਧ ਹੈ। ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਤੋਂ ਦਸਵੀਂ ਜਮਾਤ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਸੂਚੀ ਸਕੂਲ ਅਲਾਟ ਕਰਨ ਤੇ ਉਨ੍ਹਾਂ ਦੀ ਸਟਰੀਮ ਸਣੇ ਅਪਲੋਡ ਕਰ ਦਿੱਤੀ ਹੈ। ਇਸ ਵਾਰ ਵਿਗਿਆਨ ਸਟਰੀਮ ਦੇ ਮੈਡੀਕਲ ਵਿੱਚ ਸਭ ਤੋਂ ਵੱਧ ਕੱਟਆਫ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-16 ਦੀ 95.80 ਫੀਸਦੀ ਰਹੀ ਹੈ ਜਦਕਿ ਨਾਨ ਮੈਡੀਕਲ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-33 ਦੀ 96.40 ਫੀਸਦੀ ਰਹੀ। ਕਾਮਰਸ ਵਿੱਚ ਸਭ ਤੋਂ ਵੱਧ 95 ਫੀਸਦੀ ਕੱਟਆਫ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-16 ਦੀ ਅਤੇ ਆਰਟਸ ਵਿੱਚ ਸਭ ਤੋਂ ਵੱਧ ਕੱਟਆਫ 93.80 ਫੀਸਦੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-16 ਤੇ ਸੈਕਟਰ-35 ਦੇ ਸਕੂਲਾਂ ਦੀ ਰਹੀ। ਇਸ ਵਾਰ ਯੂਟੀ ਨੇ ਸ਼ਹਿਰ ਦੇ ਵਿਦਿਆਰਥੀਆਂ ਦੇ ਹੱਕ ਵਿਚ ਫੈਸਲਾ ਲੈਂਦਿਆਂ ਸਰਕਾਰੀ ਸਕੂਲਾਂ ਤੋਂ ਦਸਵੀਂ ਜਮਾਤ ਕਰਨ ਵਾਲੇ ਵਿਦਿਆਰਥੀਆਂ ਲਈ 85 ਫੀਸਦੀ ਸੀਟਾਂ ਰਾਖਵੀਆਂ ਰੱਖੀਆਂ ਹਨ ਜਦਕਿ ਹੋਰ ਸੂਬਿਆਂ ਤੇ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਵਿਚੋਂ ਦਸਵੀਂ ਪਾਸ ਕਰ ਚੁੱਕੇ ਵਿਦਿਆਰਥੀਆਂ ਲਈ ਸਿਰਫ 15 ਫੀਸਦੀ ਕੋਟਾ ਹੈ। ਇਸ ਵੇਲੇ ਗਿਆਰ੍ਹਵੀਂ ਜਮਾਤ ਲਈ 13875 ਸੀਟਾਂ ਹਨ ਜਿਨ੍ਹਾਂ ਵਿਚੋਂ 85 ਫੀਸਦੀ ਮਤਲਬ 11794 ਸੀਟਾਂ ਸਰਕਾਰੀ ਸਕੂਲ ਤੋਂ 10ਵੀਂ ਪਾਸ ਕਰਨ ਵਾਲਿਆਂ ਲਈ ਹਨ। ਸਰਕਾਰੀ ਸਕੂਲ ਵਿਚੋਂ ਪਾਸ ਹੋਣ ਵਾਲਿਆਂ ਵਿਚੋਂ 8283 ਨੇ ਆਰਟਸ, 1263 ਨੇ ਵਿਗਿਆਨ ਤੇ 1118 ਨੇ ਕਾਮਰਸ ਵਿਚ ਅਪਲਾਈ ਕੀਤਾ ਹੈ। ਇਸ ਤੋਂ ਇਲਾਵਾ 2081 ਸੀਟਾਂ ਯੂਟੀ ਦੇ ਪ੍ਰਾਈਵੇਟ ਸਕੂਲਾਂ ਤੇ ਹੋਰ ਰਾਜਾਂ ਦੇ ਵਿਦਿਆਰਥੀਆਂ ਲਈ ਰਾਖਵੀਆਂ ਹਨ। ਇਸ ਵਰਗ ਵਿੱਚ 2329 ਨੇ ਆਰਟਸ, 2845 ਨੇ ਵਿਗਿਆਨ ਤੇ 1399 ਨੇ ਕਾਮਰਸ ਵਿੱਚ ਅਪਲਾਈ ਕੀਤਾ ਹੈ।
ਸਟਰੀਮ ਮੁਤਾਬਕ ਸੀਟਾਂ ਦੀ ਗਿਣਤੀ
ਚੰਡੀਗੜ੍ਹ ਵਿਚ 42 ਸੀਨੀਅਰ ਸੈਕੰਡਰੀ ਸਕੂਲ ਹਨ ਜਿਨ੍ਹਾਂ ਵਿਚ ਗਿਆਰ੍ਹਵੀਂ ਜਮਾਤ ਲਈ 13875 ਸੀਟਾਂ ਹਨ। ਇਨ੍ਹਾਂ ਵਿਚੋਂ ਮੈਡੀਕਲ ਅਤੇ ਨਾਨ-ਮੈਡੀਕਲ ਵਿੱਚ 3080, ਕਾਮਰਸ ਵਿੱਚ 1980, ਆਰਟਸ ਵਿੱਚ 7060 ਅਤੇ ਵੋਕੇਸ਼ਨਲ ਕੋਰਸਾਂ ਵਿੱਚ 1755 ਸੀਟਾਂ ਹਨ। ਚੰਡੀਗੜ੍ਹ ਦੇ 18 ਸਕੂਲ ਮੈਡੀਕਲ, 17 ਨਾਨ-ਮੈਡੀਕਲ, 23 ਸਕੂਲ ਕਾਮਰਸ, 39 ਸਕੂਲ ਆਰਟਸ ਅਤੇ 23 ਸਕੂਲ ਵੋਕੇਸ਼ਨਲ ਕੋਰਸ ਮੁਹੱਈਆ ਕਰਵਾ ਰਹੇ ਹਨ। ਅੱਜ ਮੈਰਿਟ ਸੂਚੀ ਜਾਰੀ ਹੋਣ ਤੋਂ ਬਾਅਦ ਹੁਣ ਵਿਦਿਆਰਥੀ 30 ਜੂਨ ਤੱਕ ਅਲਾਟ ਹੋਏ ਸਕੂਲਾਂ ਵਿੱਚ ਦਸਤਾਵੇਜ਼ਾਂ ਦੀ ਜਾਂਚ ਕਰਵਾ ਸਕਦੇ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਲਈ ਜਮਾਤਾਂ ਪਹਿਲੀ ਜੁਲਾਈ ਨੂੰ ਸ਼ੁਰੂ ਹੋਣਗੀਆਂ।