ਕੈਨੇਡਾ ਤੇ ਅਮਰੀਕਾ ਦਾ ਰਲੇਵਾਂ ਬੱਚਿਆਂ ਵਾਲੀ ਖੇਡ ਨਹੀਂ: Justin Trudeau
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 8 ਜਨਵਰੀ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਸਤੀਫੇ ਦੇ ਐਲਾਨ ਤੋਂ ਬਾਅਦ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਾਰਡ ਟਰੰਪ ਵਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੇ ਬਿਆਨ ’ਤੇ ਟਰੂਡੋ ਨੇ ਤਨਜ਼ ਕੱਸਿਆ ਹੈ। ਟਰੂਡੋ ਨੇ ਕਿਹਾ ਕਿ ਕਿਸੇ ਪ੍ਰਭੂਸੱਤਾ ਸੰਪੂਰਨ ਮੁਲਕ ਦਾ ਦੂਜੇ ਦੇਸ਼ ਵਿੱਚ ਰਲੇਵਾਂ ਕੋਈ ਬੱਚਿਆਂ ਵਾਲੀ ਖੇਡ ਨਹੀਂ ਹੈ। ਟਰੂਡੋ ਨੇ ਆਪਣੇ ‘ਐਕਸ’ ਖਾਤੇ ’ਤੇ ਪਾਈ ਪੋਸਟ ਵਿੱਚ ਲਿਖਿਆ ਕਿ ਦੋਵਾਂ ਦੇਸ਼ਾਂ ਭਾਵ ਅਮਰੀਕਾ ਤੇ ਕੈਨੇਡਾ ਵਿੱਚ ਕਾਮਿਆਂ ਅਤੇ ਭਾਈਚਾਰਿਆਂ ਨੂੰ ਇੱਕ ਦੂਜੇ ਦੇ ਸਭ ਤੋਂ ਵੱਡੇ ਵਪਾਰਕ ਅਤੇ ਸੁਰੱਖਿਆ ਦੇ ਤਕੜੇ ਭਾਈਵਾਲ ਹੋਣ ਦਾ ਦੁਵੱਲਾ ਫਾਇਦਾ ਮਿਲਦਾ ਹੈ।
ਉੱਧਰ ਜਦ ਟਰੰਪ ਤੋਂ ਪੁੱਛਿਆ ਗਿਆ ਕੀ ਉਹ ਕੈਨੇਡਾ ਨੂੰ ਆਪਣਾ ਸੂਬਾ ਬਣਾਉਣ ਲਈ ਫੌਜੀ ਤਾਕਤ ਦੀ ਵਰਤੋਂ ਕਰਨਗੇ, ਤਾਂ ਟਰੰਪ ਨੇ ਸਰਹੱਦ ਨੂੰ ਆਰਜ਼ੀ ਤੌਰ ’ਤੇ ਖਿੱਚੀ ਲਕੀਰ ਗਰਦਾਨਦੇ ਹੋਏ ਕਿਹਾ ਕਿ ਇਸ ਨੂੰ ਹਟਾ ਦੇਣਾ ਕੌਮੀ ਸਲਾਮਤੀ ਪੱਖੋਂ ਵੀ ਚੰਗਾ ਸਾਬਤ ਹੋਏਗਾ। ਟਰੰਪ ਨੇ ਆਪਣੀ ਗੱਲ ਸਾਫ਼ ਕਰਦਿਆਂ ਕਿਹਾ ਸੀ ਕਿ ਬੇਸ਼ੱਕ ਅਮਰੀਕਾ ਕੋਲ ਕੈਨੇਡਾ ਨੂੰ ਮਿਲਾਉਣ ਦੇ ਦਾਅਵੇ ਦਾ ਕੋਈ ਹੱਕ ਨਹੀਂ, ਪਰ ਅਮਰੀਕਾ ਹਰ ਸਾਲ ਗਵਾਂਢੀ ਦੇਸ਼ ਵਜੋਂ ਕੈਨੇਡਾ ਦੀ ਸੁਰੱਖਿਆ ਅਤੇ ਸੰਭਾਲ ਵਾਸਤੇ ਸੈਂਕੜੇ ਅਰਬ ਡਾਲਰ ਦਾ ਖਰਚਾ (ਸਬਸਿਡੀ) ਕਰਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡਿਆਈ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਜੇ ਉਨ੍ਹਾਂ ਨੂੰ ਗੁਆਂਢੀ ਦੇਸ਼ ਤੋਂ ਇੰਨਾ ਜ਼ਿਆਦਾ ਸਮਰਥਨ ਮਿਲਦਾ ਹੈ ਤਾਂ ਕਿਉਂ ਨਾ ਉਹ ਇਸ ਦਾ ਹਿੱਸਾ ਬਣ ਜਾਣ।
ਟਰੰਪ ਦੇ ਇਕ ਹੋਰ ਬਿਆਨ ’ਤੇ ਟਿੱਪਣੀ ਕਰਦੇ ਹੋਏ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਾਨੀ ਜੌਲੀ ਨੇ ਕਿਹਾ ਹੈ ਕਿ ਕੈਨੇਡਾ ਦੀ ਆਰਥਿਕਤਾ ਮਜਬੂਤ ਹੈ, ਦੇਸ਼ ਵਾਸੀ ਤਾਕਤਵਰ ਹਨ ਜੋ ਕਿਸੇ ਵੀ ਤਰ੍ਹਾਂ ਦੀਆਂ ਧਮਕੀਆਂ ਤੋਂ ਡਰ ਕੇ ਪਿੱਛੇ ਮੁੜਨ ਵਾਲੇ ਨਹੀਂ ਹਨ।