For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਯੂਨੀਵਰਸਿਟੀ ’ਚ ਅਧਿਆਪਕਾਂ ਦੀ ਘਾਟ ਕਾਰਨ ਵਿਭਾਗਾਂ ਦਾ ਰਲੇਵਾਂ

08:49 AM Jul 23, 2024 IST
ਪੰਜਾਬੀ ਯੂਨੀਵਰਸਿਟੀ ’ਚ ਅਧਿਆਪਕਾਂ ਦੀ ਘਾਟ ਕਾਰਨ ਵਿਭਾਗਾਂ ਦਾ ਰਲੇਵਾਂ
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 22 ਜੁਲਾਈ
ਪੰਜਾਬੀ ਯੂਨੀਵਰਸਿਟੀ ਪਟਿਆਲਾ ਮੌਜੂਦਾ ਸਮੇਂ ਅਧਿਆਪਕਾਂ ਦੀ ਕਮੀ ਨਾਲ ਜੂਝ ਰਹੀ ਹੈ ਜਿਸ ਕਾਰਨ ਸੰਸਥਾ ’ਚ ਵਿਦਿਆ ਦਾ ਮਿਆਰ ਵੀ ਦਿਨੋਂ-ਦਿਨ ਡਿੱਗਦਾ ਜਾ ਰਿਹਾ ਹੈ ਤੇ ਵਿਭਾਗਾਂ ਦੇ ਰਲੇਵੇਂ ਦੀ ਨੌਬਤ ਆ ਗਈ ਹੈ। ਹਰ ਛੇ ਮਹੀਨੇ ਬਾਅਦ 7 ਤੋਂ 10 ਅਧਿਆਪਕ ਸੇਵਾਮੁਕਤ ਹੋ ਰਹੇ ਹਨ ਪਰ ਨਵੀਂ ਭਰਤੀ ਨਾ ਹੋਣ ਕਾਰਨ ਵਿਦਿਆਰਥੀ-ਅਧਿਆਪਕ ਅਨੁਪਾਤ ਵੀ ਬੁਰੀ ਤਰ੍ਹਾਂ ਗੜਬੜਾ ਗਿਆ ਹੈ। ਯੂਨੀਵਰਸਿਟੀ ’ਚ ਅਧਿਆਪਕਾਂ ਦੀਆਂ ਕੁੱਲ ਮਨਜ਼ੂਰ ਅਸਾਮੀਆਂ 724 ਵਿੱਚੋਂ ਫਿਲਹਾਲ 392 ਖ਼ਾਲੀ ਹਨ ਅਤੇ ਸੰਸਥਾ ’ਚ ਮੌਜੂਦਾ ਸਮੇਂ ਸਿਰਫ 332 ਅਧਿਆਪਕ ਹਨ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਨੇ ਅਧਿਆਪਕਾਂ ਦੀ ਕਮੀ ਕਰਕੇ ਵਿਭਾਗਾਂ ਦਾ ‘ਰਲੇਵਾਂ’ ਕਰਨਾ ਸ਼ੁਰੂ ਕਰ ਦਿੱਤਾ ਹੈ। ਕੈਂਪਸ ਵਿੱਚ ਕੈਮਜ਼ ਤੇ ਥੀਏਟਰ ਅਤੇ ਟੈਲੀਵਿਜ਼ਨ ਵਿਭਾਗ ਵੱਖੋ-ਵੱਖਰੇ ਸਨ ਪਰ ਹੁਣ ਇਨ੍ਹਾਂ ਦੋਵਾਂ ਵਿਭਾਗਾਂ ਦਾ ਰਲੇਵਾਂ ਕਰਕੇ ਇਸ ਦਾ ਨਾਮ ‘ਥੀਏਟਰ ਐਂਡ ਫ਼ਿਲਮ ਪ੍ਰੋਡਕਸ਼ਨ’ ਰੱਖ ਦਿੱਤਾ ਹੈ। ਰਲੇਵੇਂ ਦੇ ਬਾਵਜੂਦ ਵਿਭਾਗ ’ਚ ਹਾਲੇ ਵੀ ਮੁਖੀ ਸਮੇਤ ਸਿਰਫ ਦੋ ਅਧਿਆਪਕ ਹੀ ਹਨ ਜਦਕਿ 1990 ’ਚ ਸਿਰਫ਼ ਥੀਏਟਰ ਵਿਭਾਗ ’ਚ ਹੀ 9 ਅਧਿਆਪਕ ਹੁੰਦੇ ਸਨ। ਇਸੇ ਤਰ੍ਹਾਂ 1988 ਦੀ ਯੂਨੀਵਰਸਿਟੀ ਦੀ ਸਾਲਾਨਾ ਰਿਪੋਰਟ ਅਤੇ ਅੱਜ ਦੀ ‘ਹੈੱਡਬੁੱਕ ਆਫ਼ ਇਨਫਰਮੇਸ਼ਨ’ ਅਨੁਸਾਰ ਅਧਿਆਪਕਾਂ ਦੀਆਂ ਅਸਾਮੀਆਂ ਬਾਰੇ ਤੁਲਨਾ ਕੀਤੀ ਗਈ ਜਿਸ ਤਹਿਤ ਪ੍ਰਾਪਤ ਅੰਕੜੇ ਯੂਨੀਵਰਸਿਟੀ ਦੀ ਅਕਾਦਮਿਕਤਾ ਲਈ ਕਾਫ਼ੀ ਚਿੰਤਾਜਨਕ ਹਨ।
ਰਿਪੋਰਟਾਂ ਅਨੁਸਾਰ ਪੰਜਾਬੀ ਵਿਭਾਗ ਵਿੱਚ 1988 ਦੇ 13 ਅਧਿਆਪਕਾਂ ਦੇ ਮੁਕਾਬਲੇ ਹੁਣ ਸਿਰਫ 7 ਅਧਿਆਪਕ ਹਨ। ਇਸੇ ਤਰ੍ਹਾਂ ਅੰਗਰੇਜ਼ੀ ਵਿਭਾਗ ਉਦੋਂ 12 ਤੇ ਹੁਣ 4 ਅਧਿਆਪਕ, ਬੌਟਨੀ ’ਚ 18 ਦੀ ਥਾਂ ਹੁਣ 5, ਕੈਮਿਸਟਰੀ ’ਚ 24 ਦੀ ਜਗ੍ਹਾ 9, ਫਿਜ਼ਿਕਸ ’ਚ 32 ਦੀ ਜਗ੍ਹਾ 16 ਅਧਿਆਪਕ, ਇਕਨੌਮਿਕਸ ’ਚ 16 ਦੀ ਜਗ੍ਹਾ 7, ਰਾਜਨੀਤੀ ਵਿਗਿਆਨ ਵਿਭਾਗ ਅਤੇ ਹਿੰਦੀ ਵਿਭਾਗ ’ਚ ਕ੍ਰਮਵਾਰ 8 ਅਤੇ 7 ਅਧਿਆਪਕਾਂ ਦੀ ਥਾਂ ਸਿਰਫ 2-2 ਅਧਿਆਪਕ, ਸਮਾਜ ਵਿਗਿਆਨ ਅਤੇ ਸਮਾਜਿਕ ਮਾਨਵ ਵਿਗਿਆਨ ਵਿਭਾਗ ’ਚ 8 ਦੇ ਮੁਕਾਬਲੇ 4 ਅਧਿਆਪਕ ਹਨ। ਇਸੇ ਤਰ੍ਹਾਂ ਜਰਨਲਿਜ਼ਮ ਤੇ ਕੈਮਜ਼ ਦਾ ਜਰਨਲਿਜ਼ਮ ਹਿੱਸਾ ਵੀ ‘ਮਰਜ’ ਕਰ ਦਿੱਤੇ ਗਏ ਹਨ ਤੇ ਹੁਣ ਜਰਨਲਿਜ਼ਮ ਵਿਭਾਗ ਵਿੱਚ 3 ਅਧਿਆਪਕ ਹੀ ਹਨ। ਇੰਜਨੀਅਰਿੰਗ ਕਾਲਜ ਤੋਂ ਬਗ਼ੈਰ ਸਾਰੀ ਯੂਨੀਵਰਸਿਟੀ ਦੇ ਸਾਰੇ ਵਿਭਾਗਾਂ ’ਚ ਅਧਿਆਪਕਾਂ ਦੀ ਕਮੀ ਹੈ।

Advertisement

ਕੈਂਪਸ ਵਿਚ ਪ੍ਰੋਫੈਸਰਾਂ ਦੀਆਂ 49 ਅਸਾਮੀਆਂ ਖਾਲੀ

ਯੂਨੀਵਰਸਿਟੀ ਕੈਂਪਸ ’ਚ ਪ੍ਰੋਫੈਸਰਾਂ ਦੀਆਂ 155 ਮਨਜ਼ੂਰ ਅਸਾਮੀਆਂ ਵਿਚੋਂ ਫਿਲਹਾਲ 49 ਖ਼ਾਲੀ ਹਨ। ਇਸ ਤੋਂ ਇਲਾਵਾ ਐਸੋਸੀਏਟ ਪ੍ਰੋਫੈਸਰਾਂ ਦੀਆਂ 102 ਵਿਚੋਂ 67 ਅਤੇ ਅਸਿਸਟੈਂਟ ਪ੍ਰੋਫੈਸਰਾਂ ਦੀਆਂ ਮਨਜ਼ੂਰ 467 ਅਸਾਮੀਆਂ ਵਿਚੋਂ 216 ਅਸਾਮੀਆਂ ਖ਼ਾਲੀ ਪਈਆਂ ਹਨ।

Advertisement

ਪੰਦਰਾਂ ਸਾਲਾਂ ਤੋਂ ਭਰਤੀ ਨਹੀਂ ਹੋਈ: ਡੀਨ

ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਏਕੇ ਤਿਵਾੜੀ ਨੇ ਮੰਨਿਆ ਕਿ 2009 ਤੋਂ ਬਾਅਦ ਭਰਤੀ ਨਾ ਹੋਣ ਕਰਕੇ ਯੂਨੀਵਰਸਿਟੀ ਅਧਿਆਪਕਾਂ ਦੀ ਘਾਟ ਦੇ ਸੰਕਟ ਨਾਲ ਘਿਰੀ ਹੋਈ ਹੈ। ਉਨ੍ਹਾਂ ਕਿਹਾ ਕਿ ਹਰ ਛੇ ਮਹੀਨੇ ’ਚ 7 ਤੋਂ 10 ਅਧਿਆਪਕ ਸੇਵਾਮੁਕਤ ਹੋ ਰਹੇ ਹਨ ਪਰ ਭਰਤੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਆਖਿਆ ਕਿ ਛੇ ਮਹੀਨੇ ਪਹਿਲਾਂ ਅਧਿਆਪਕਾਂ ਦੀ ਭਰਤੀ ਲਈ ‌ਇਸ਼ਤਿਹਾਰ ਦਿੱਤਾ ਸੀ ਪਰ ਉਸ ਦੀ ਕਾਰਵਾਈ ਮੁਕੰਮਲ ਨਹੀਂ ਹੋਈ। ਰੋਸਟਰ ਤੋਂ ਇਲਾਵਾ ਰੈਸ਼ਨੇਲਾਈਜ਼ੇਸ਼ਨ ਕਮੇਟੀ ਵੀ ਸਹੀ ਤਰੀਕੇ ਨਾਲ ਨਹੀਂ ਬਣਾਈ ਗਈ। ਇਸ ਵੇਲੇ ਗੈਸਟ ਫੈਕਲਟੀ ਨਾਲ ਹੀ ਬੁੱਤਾ ਸਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਨਵੇਂ ਉਪ-ਕੁਲਪਤੀ ਦੇ ਆਉਣ ਮਗਰੋਂ ਹੀ ਅਧਿਆਪਕਾਂ ਦੀ ਭਰਤੀ ਕੀਤੀ ਜਾ ਸਕੇਗੀ।

Advertisement
Author Image

joginder kumar

View all posts

Advertisement