For the best experience, open
https://m.punjabitribuneonline.com
on your mobile browser.
Advertisement

ਮਾਲਵਾ ਖੇਤਰ ਵਿੱਚ ਮੌਨਸੂਨ ਮੱਠੀ ਪੈਣ ਕਾਰਨ ਪਾਰਾ ਮੁੜ ਚੜ੍ਹਿਆ

10:42 AM Jul 15, 2024 IST
ਮਾਲਵਾ ਖੇਤਰ ਵਿੱਚ ਮੌਨਸੂਨ ਮੱਠੀ ਪੈਣ ਕਾਰਨ ਪਾਰਾ ਮੁੜ ਚੜ੍ਹਿਆ
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 14 ਜੁਲਾਈ
ਮਾਲਵਾ ਖੇਤਰ ਵਿੱਚ ਦੋ ਦਿਨ ਮੀਂਹ ਪੈਣ ਤੋਂ ਬਾਅਦ ਮੌਨਸੂਨ ਮੱਠੀ ਪੈ ਗਈ ਹੈ ਜਿਸ ਕਾਰਨ ਤਾਪਮਾਨ ਵਿੱਚ ਮੁੜ ਵਾਧਾ ਹੋ ਗਿਆ ਹੈ। ਪਿਛਲੇ ਦੋ ਦਿਨਾਂ ਤੋਂ ਤਾਪਮਾਨ ਵਿੱਚ 4 ਡਿਗਰੀ ਸੈਲਸੀਅਸ ਵੱਧ ਗਿਆ ਹੈ। ਮਾਲਵਾ ਪੱਟੀ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਮੀਂਹ ਪੈਣ ਦੀ ਕੋਈ ਸੂਚਨਾ ਨਹੀਂ ਮਿਲੀ ਹੈ ਅਤੇ ਨਾ ਹੀ ਅਗਲੇ 3-4 ਦਿਨ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਕਿਸਾਨ ਨੂੰ ਝੋਨੇ ਵਿੱਚ ਪਾਣੀ ਖੜ੍ਹਾਉਣ ਲਈ ਅਤੇ ਨਵਾਂ ਝੋਨਾ ਲਾਉਣ ਲਈ ਲਗਾਤਾਰ ਮੋਟਰਾਂ ਚਲਾਉਣੀਆਂ ਪੈ ਰਹੀਆਂ ਹਨ। ਜਾਣਕਾਰੀ ਅਨੁਸਾਰ ਅੱਜ ਮਾਲਵਾ ਖਿੱਤੇ ਦੇ ਬਹੁਤੇ ਜ਼ਿਲ੍ਹਿਆਂ ਦਾ ਤਾਪਮਾਨ 36 ਡਿਗਰੀ ਤੋਂ ਉਪਰ ਹੀ ਰਿਹਾ ਹੈ। ਮਾਨਸਾ ਸਮੇਤ ਬਠਿੰਡਾ, ਬਰਨਾਲਾ, ਸੰਗਰੂਰ, ਮੋਗਾ, ਫਰੀਦਕੋਟ, ਫਾਜ਼ਿਲਕਾ ਵਿੱਚ ਅੱਜ ਕੜਾਕੇ ਦੀ ਧੁੱਪ ਨੇ ਲੋਕਾਂ ਨੂੰ ਮੁੜਕਾ ਲਿਆ ਦਿੱਤਾ। ਲੋਕਾਂ ਨੂੰ ਘਰਾਂ ’ਚੋਂ ਬਾਹਰ ਨਿਕਲਣ ਸਮੇਂ ਗਰਮੀ ਮਹਿਸੂਸ ਹੋਣ ਲੱਗਦੀ ਸੀ, ਜਿਸ ਕਰਕੇ ਬਹੁਤ ਲੋਕਾਂ ਨੇ ਘਰਾਂ ਵਿੱਚ ਰਹਿਣ ਨੂੰ ਹੀ ਤਰਜੀਹ ਦਿੱਤੀ। ਬਠਿੰਡਾ ਵਿੱਚ ਅੱਜ ਦਾ ਤਾਪਮਾਨ 36.2 ਡਿਗਰੀ ਸੈਂਟੀਗਰੇਡ ਵੇਖਣ ਨੂੰ ਮਿਲਿਆ ਅਤੇ ਮਾਨਸਾ ’ਚ 35.29 ਸੈਂਟੀਗਰੇਡ ਰਿਹਾ। ਮੌਸਮ ਵਿਭਾਗ ਅਨੁਸਾਰ ਭਾਵੇਂ ਕਿਧਰੇ ਵੀ ਮੀਂਹ ਪੈਣ ਲਈ ਸੂਚਨਾ ਨਹੀਂ ਮਿਲੀ ਹੈ ਪਰ ਨਮੀ ਵੱਧਣ ਕਾਰਨ ਲੋਕ ਪਸੀਨੇ ਤੋਂ ਪ੍ਰੇਸ਼ਾਨ ਹੁੰਦੇ ਵਿਖਾਈ ਦਿੰਦੇ ਸਨ। ਮੌਸਮ ਮਹਿਕਮੇ ਅਨੁਸਾਰ ਮਾਲਵਾ ਖੇਤਰ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਆਮ ਨਾਲੋਂ 13 ਫੀਸਦੀ ਘੱਟ ਮੀਂਹ ਪਿਆ ਹੈ। ਮੌਸਮ ਮਾਹਿਰਾਂ ਮੁਤਾਬਕ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਹਵਾਵਾਂ ਹਿਮਾਚਲ ਅਤੇ ਰਾਜਸਥਾਨ ਵਿਚਕਾਰ ਸਹੀ ਦਬਾਅ ਨਹੀਂ ਬਣਾ ਸਕੀਆਂ, ਜਿਸ ਕਾਰਨ ਪੰਜਾਬ ਅਤੇ ਹਰਿਆਣਾ ਵਿੱਚ ਆਮ ਨਾਲੋਂ ਘੱਟ ਮੀਂਹ ਪੈ ਰਿਹਾ ਹੈ ਪਰ ਰਾਜਸਥਾਨ ਵਿੱਚ ਆਮ ਨਾਲੋਂ 35 ਫੀਸਦੀ ਵੱਧ ਮੀਂਹ ਦਰਜ ਕੀਤਾ ਗਿਆ ਹੈ। ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ (ਭਾਰਤ ਮੌਸਮ ਵਿਭਾਗ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਗਿਆਨੀ ਡਾ. ਰਾਜ ਕੁਮਾਰ ਨੇ ਦੱਸਿਆ ਕਿ ਆਮ ਤੌਰ ’ਤੇ ਸੂਬੇ ’ਚ 56.5 ਮਿਲੀਮੀਟਰ ਵਰਖਾ ਹੁੰਦੀ ਹੈ, ਪਰ ਹੁਣ ਤੱਕ ਸਿਰਫ਼ 49.2 ਮਿਲੀਮੀਟਰ ਬਾਰਿਸ਼ ਹੀ ਹੋਈ ਹੈ। ਖੇਤੀਬਾੜੀ ਵਿਭਾਗ ਦੇ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਮਾਲਵਾ ਖੇਤਰ ਵਿੱਚ ਮੌਨਸੂਨ 20 ਜੁਲਾਈ ਤੋਂ ਬਾਅਦ ਹੀ ਸਰਗਰਮ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਵੱਲੋਂ ਬਾਸਮਤੀ ਲਾਉਣੀ ਹੈ, ਉਸ ਲਈ ਇਹ ਢੁੱਕਵਾਂ ਸਮਾਂ ਹੈ ਅਤੇ ਜਿਹੜਾ ਝੋਨਾ ਅਜੇ ਲਾਉਣ ਵੰਨੀਓ ਰਹਿੰਦਾ ਹੈ, ਉਸ ਨੂੰ ਛੇਤੀ ਲਾਉਣ ਦਾ ਉਪਰਾਲਾ ਕੀਤਾ ਜਾਵੇ।

Advertisement

Advertisement
Advertisement
Author Image

sukhwinder singh

View all posts

Advertisement