ਬਠਿੰਡਾ ਵਿੱਚ ਮੁੜ 42 ਡਿਗਰੀ ਤੱਕ ਪੁੱਜਿਆ ਪਾਰਾ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 16 ਜੁਲਾਈ
ਇਨ੍ਹੀਂ ਦਿਨੀਂ ਨਮੀ ਨਾਲ ਲਬਰੇਜ਼ ਪੁਰੇ ਦੀ ਹਵਾ ਕਾਰਨ ਹੁੰਮਸ ਆਪਣੇ ਸਿਖਰ ’ਤੇ ਪਹੁੰਚੀ ਹੋਈ ਹੈ। ਉੱਪਰੋਂ ਬਿਜਲੀ ਸਪਲਾਈ ’ਚ ਥਾਂ-ਥਾਂ ਪੈਂਦੇ ਨੁਕਸ ਕਾਰਨ ਲੋਕਾਂ ਦਾ ਗਰਮੀ ਨੇ ਜਿਊਣਾ ਮੁਹਾਲ ਕੀਤਾ ਹੋਇਆ ਹੈ। ਬਠਿੰਡਾ ’ਚ ਅੱਜ ਛੜੱਪੇ ਮਾਰ ਕੇ 42 ਡਿਗਰੀ ਸੈਲਸੀਅਸ ਨੂੰ ਛੋਹੇ ਤਾਪਮਾਨ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ। ਉਧਰ ਸਰਕਾਰੀ ਤੇ ਗ਼ੈਰ ਸਰਕਾਰੀ ਮੌਸਮ ਮਾਹਿਰਾਂ ਵੱਲੋਂ ਕੀਤੀ ਗਈ ਪੇਸ਼ੀਨਗੋਈ ਮੌਜੂਦਾ ਹਾਲਾਤ ਤੋਂ ਛੁਟਕਾਰਾ ਦਿਵਾਉਣ ਵਾਲੀ ਨਹੀਂ। ਮਾਹਿਰਾਂ ਦਾ ਤਕਾਜ਼ਾ ਹੈ ਕਿ ਇੱਕ ਹਲਕੇ ਜਿਹੇ ਪੱਛਮੀ ਸਿਸਟਮ ਦੀ ਆਮਦ ਭਾਵੇਂ ਦਰਾਂ ’ਤੇ ਹੈ ਪਰ 20 ਜੁਲਾਈ ਤੱਕ ਇਸ ਤੋਂ ਕਿਤੇ-ਕਤਾਈਂ ਮੀਂਹ ਦੀਆਂ ਟੁੱਟਵੀਆਂ ਕਾਰਵਾਈਆਂ ਦੀ ਹੀ ਉਮੀਦ ਹੈ। ਸਰਕਾਰੀ ਏਜੰਸੀ ਆਈਐਮਡੀ ਮੁਤਾਬਿਕ 17 ਅਤੇ 18 ਜੁਲਾਈ ਨੂੰ ਪੰਜਾਬ ਦੇ ਪਹਾੜੀ ਖੇਤਰਾਂ ਨਾਲ ਲੱਗਦੇ ਕੁਝ ਜ਼ਿਲ੍ਹਿਆਂ ’ਚ ਭਰਵਾਂ ਮੀਂਹ ਪੈਣ ਦੀ ਆਸ ਕੀਤੀ ਜਾ ਸਕਦੀ ਹੈ। ਮਾਲਵਾ ਖੇਤਰ ਇਸ ਸਿਸਟਮ ਦੀ ਦਸਤਕ ਨਾ-ਉਮੀਦੀ ਹੀ ਜ਼ਾਹਿਰ ਕਰਦੀ ਹੈ। ਮਾਹਿਰਾਂ ਦੀ ਧਰਵਾਸ ਭਰੀ ਖ਼ਬਰ ਇਹ ਵੀ ਹੈ ਕਿ 22 ਜੁਲਾਈ ਤੋਂ ਇੱਕ ਹੋਰ ਪੱਛਮੀ ਸਿਸਟਮ ਪੰਜਾਬ ’ਚ ਦਾਖ਼ਲਾ ਹੋਵੇਗਾ ਜਿਸ ਨਾਲ ਭਰਵੇਂ ਮੀਂਹ ਪੈਣ ਦੇ ਆਸਾਰ ਹਨ। ਮੌਸਮ ਵਿਗਿਆਨੀਆਂ ਮੁਤਾਬਿਕ ਮਾਲਵਾ ਖਿੱਤੇ ’ਚ ਆਉਂਦੇ 4-5 ਦਿਨਾਂ ਦੌਰਾਨ ਤਾਪਮਾਨ ਅਤੇ ਹਵਾ ’ਚ ਨਮੀ ਦਾ ਇਜ਼ਾਫ਼ਾ ਹੋਵੇਗਾ ਜਿਸ ਨਾਲ ਹੁੰਮਸ ਹੋਰ ਵਿਆਕਲ ਕਰੇਗੀ। ਅਗਲੇ ਦਿਨੀਂ ਹਵਾ ’ਚ ਨਮੀ ਦੀ ਮਾਤਰਾ 78 ਤੋਂ 54 ਪ੍ਰਤੀਸ਼ਤ ਹੋਣ ਦੀ ਸੰਭਾਵਨਾ ਦੱਸੀ ਗਈ ਹੈ। ਉਂਜ ਜਿੱਥੇ-ਜਿੱਥੇ ਵੀ ਛਿੱਟੇ ਛਰਾਟੇ ਪੈਣਗੇ, ਉਨ੍ਹੀਂ ਥਾਈਂ ਹੁੰਮਸ ਤੋਂ ਅਸਥਾਈ ਰਾਹਤ ਜ਼ਰੂਰ ਮਿਲੇਗੀ।