For the best experience, open
https://m.punjabitribuneonline.com
on your mobile browser.
Advertisement

ਮਾਲਵੇ ਵਿੱਚ ਠੰਢੀਆਂ ਫੁਹਾਰਾਂ ਨਾਲ ਪਾਰਾ ਡਿੱਗਿਆ

07:16 AM Jun 21, 2024 IST
ਮਾਲਵੇ ਵਿੱਚ ਠੰਢੀਆਂ ਫੁਹਾਰਾਂ ਨਾਲ ਪਾਰਾ ਡਿੱਗਿਆ
ਬਠਿੰਡਾ ਵਿੱਚ ਵੀਰਵਾਰ ਨੂੰ ਸੜਕ ’ਤੇ ਭਰੇ ਮੀਂਹ ਦੇ ਪਾਣੀ ਵਿੱਚੋਂ ਲੰਘਦੇ ਹੋਏ ਰਾਹਗੀਰ। -ਫੋਟੋ: ਪਵਨ ਸ਼ਰਮਾ
Advertisement

ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ/ਮਾਨਸਾ, 20 ਜੂਨ
ਤੱਤੀ ਲੂ ਨਾਲ ਤਪਤੀ ਕਾਇਨਾਤ ਦੀ ਚਿਰੋਕਣੀ ਉਡੀਕ ਨੂੰ ਆਖਿਰ ਬੂਰ ਪੈ ਗਿਆ ਹੈ। ਅੱਧੀ ਰਾਤ ਮਗਰੋਂ ਮਾਲਵਾ ਖਿੱਤੇ ’ਚ ਬਹੁਤੇ ਥਾਈਂ ‘ਇੰਦਰ’ ਮਿਹਰਬਾਨ ਹੋਇਆ। ਹਲਕੀ ਬਾਰਿਸ਼ ਦੀਆਂ ਠੰਢੀਆਂ ਬੁਛਾਰਾਂ ਨੇ ਭੱਠ ਵਾਂਗ ਤਪਦੀ ਕਾਇਨਾਤ ਨੂੰ ਸ਼ਾਂਤ ਕਰ ਦਿੱਤਾ।
ਮੌਸਮ ਵਿਭਾਗ ਨੇ ਵੀਰਵਾਰ ਨੂੰ ਸਵੇਰੇ 8:30 ਵਜੇ ਤੱਕ 12.6 ਮਿਲੀਮੀਟਿਰ ਵਰਖਾ ਰਿਕਾਰਡ ਕੀਤੀ। ਹਲਕੇ ਸਿਸਟਮ ਦੀ ਬਦੌਲਤ ਪਈ ਬਾਰਿਸ਼ ਸਦਕਾ ਦਿਨ ਦੇ ਪਾਰੇ ’ਚ ਤਕਰੀਬਨ 12 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਬਠਿੰਡਾ ’ਚ ਪਿਛਲੇ ਕਈ ਦਿਨਾਂ ਤੋਂ 44-45 ਡਿਗਰੀ ਨੂੰ ਛੂੁੰਹਦਾ ਰਿਹਾ ਦਿਨ ਦਾ ਤਾਪਮਾਨ ਅੱਜ 33.6 ਡਿਗਰੀ ਸੈਲਸੀਅਸ ਜਦਕਿ ਰਾਤ ਦਾ ਪਾਰਾ 22.4 ਡਿਗਰੀ ਸੈਲਸੀਅਸ ’ਤੇ ਆ ਗਿਆ। ਪਿਛਲੇ ਕਈ ਦਿਨਾਂ ਤੋਂ ਵਗ ਰਹੀ ਲੂ ਨੇ ਜ਼ਿੰਦਗੀ ਨੂੰ ਲੀਹੋਂ ਲਾਹਿਆ ਹੋਇਆ ਸੀ। ਗਰਮੀ ਲੱਗਣ ਨਾਲ ਬਿਮਾਰ ਹੋਏ ਲੋਕਾਂ ਨਾਲ ਹਸਪਤਾਲ ਭਰੇ ਪਏ ਸਨ। ਇੱਥੋਂ ਤੱਕ ਕਿ ਅੰਤਾਂ ਦੀ ਗਰਮੀ ਨੇ ਮਨੁੱਖੀ ਜ਼ਿੰਦੜੀਆਂ ਨੂੰ ਵੀ ਹੜੱਪਣਾ ਸ਼ੁਰੂ ਕਰ ਦਿੱਤਾ ਸੀ। ਖ਼ੁਸ਼ਗਵਾਰ ਮੌਸਮ ਵੱਲੋਂ ਤਾਜ਼ਾ ਅੰਗੜਾਈ ਲੈਣ ਸਦਕਾ ਧਰਤੀ ’ਤੇ ਵਸਦੇ ਹਰ ਜੀਵ ਨੂੰ ਭਰਪੂਰ ਸਕੂਨ ਨਸੀਬ ਹੋਇਆ ਹੈ।
ਵਰਖਾ ਉਨ੍ਹਾਂ ਅੰਨਦਾਤਿਆਂ ਲਈ ਵੀ ਵੱਡੀ ਰਾਹਤ ਬਣ ਕੇ ਬਹੁੜੀ ਹੈ, ਜੋ ਝੋਨੇ ਦੀ ਪਨੀਰੀ ਲਾਉਣ ਵਿੱਚ ਮਸਰੂਫ਼ ਹਨ। ਸਮੁੱਚੀ ਫ਼ਿਜ਼ਾ ਨੂੰ ਝੁਲਸਾਉਂਦੀਆਂ ਖ਼ੁਸ਼ਕ ਹਵਾਵਾਂ ਦੇ ਲੰਮੇ ਦੌਰ ਤੋਂ ਖੇਤਾਂ ’ਚ ਖੜ੍ਹੀਆਂ ਨਰਮੇ, ਕਪਾਹ, ਸਬਜ਼ੀਆਂ, ਹਰੇ ਚਾਰੇ ਸਮੇਤ ਹੋਰ ਫ਼ਸਲਾਂ ਨੂੰ ਨਿਜਾਤ ਮਿਲੀ ਹੈ ਅਤੇ ਇਹ ਵਰਖਾ ਇਨ੍ਹਾਂ ਲਈ ਵਰਦਾਨ ਬਣ ਅੱਪੜੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਂਦੇ ਦਿਨੀਂ ਝੋਨੇ ਦੀ ਕਾਸ਼ਤ ਦੀ ਰਫ਼ਤਾਰ ਵਿੱਚ ਵੱਡਾ ਇਜ਼ਾਫ਼ਾ ਹੋਵੇਗਾ।
ਭਾਵੇਂ ਫਿਲਹਾਲ ਇਹ ਵਰਖਾ ਆਰਜ਼ੀ ਰਾਹਤ ਹੈ ਪਰ ਮੌਸਮ ਮਾਹਿਰਾਂ ਦਾ ਤਕਾਜ਼ਾ ਹੈ ਕਿ ਜੂਨ ਮਹੀਨੇ ਦੇ ਆਖਰੀ ਦਿਨਾਂ ਵਿੱਚ ਉੱਤਰ ਭਾਰਤ ਅੰਦਰ ਮੌਨਸੂਨ ਦਾਖ਼ਲਾ ਲੈ ਲਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਪ੍ਰਭਾਵਸ਼ਾਲੀ ਮੌਨਸੂਨ ਉੱਤਰੀ ਭਾਗਾਂ ਵਿੱਚ ਭਾਰੀ ਵਰਖਾ ਲਿਆਵੇਗੀ। ਇਕ ਵਾਰ ਇਸ ਹਲਕੀ ਵਰਖਾ ਨੇ ਭਾਦੋਂ ਦੀ ਹੁੰਮਸ ਵਰਗੀ ਗਰਮੀ ਝਟਕ ਦਿੱਤੀ ਹੈ ਅਤੇ ਬਿਜਲੀ ਦੀ ਮੰਗ ’ਚ ਵੀ ਅੱਜ ਕਮੀ ਵੇਖਣ ਨੂੰ ਮਿਲੀ। ਇਸੇ ਦੌਰਾਨ ਮੀਂਹ ਦਾ ਲਾਹਾ ਲੈਂਦਿਆਂ ਕਿਸਾਨਾਂ ਨੇ ਝੋਨੇ ਦੀ ਲੁਆਈ ਤੇਜ਼ ਕਰ ਦਿੱਤੀ ਹੈ। ਕਣੀਆਂ ਪੈਣ ਕਾਰਨ ਖੇਤ ਪਾਣੀ ਘੱਟ ਖਾਣਗੇ ਜਿਸ ਕਾਰਨ ਵਾਹਣ ਛੇਤੀ ਤਿਆਰ ਹੋ ਜਾਵੇਗਾ। ਜੇਕਰ ਹੋਰ ਮੀਂਹ ਹੈ ਜਾਂਦਾ ਹੈ ਤਾਂ ਝੋਨੇ ਦੀ ਲੁਆਈ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।

Advertisement

ਸਿਰਸਾ ਵਿੱਚ ਮੀਂਹ ਪੈਣ ਮਗਰੋਂ ਗਰਮੀ ਤੋਂ ਮਿਲੀ ਰਾਹਤ

ਸਿਰਸਾ (ਪ੍ਰਭੂ ਦਿਆਲ): ਇਥੇ ਦੇਰ ਸ਼ਾਮ ਤੇਜ਼ ਝੱਖੜ ਮਗਰੋਂ ਮੀਂਹ ਪਿਆ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਤੇਜ਼ ਝੱਖੜ ਨਾਲ ਕਈ ਬਿਜਲੀ ਦੇ ਖੰਭੇ ਤੇ ਰੁੱਖ ਵੀ ਡਿੱਗ ਪਏ ਹਨ। ਮੀਂਹ ਨਾਲ ਸਾਉਣੀ ਦੀਆਂ ਫ਼ਸਲਾਂ ਨੂੰ ਵੀ ਇਸ ਦਾ ਫਾਇਦਾ ਹੋਇਆ ਹੈ। ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਹੈ ਕਿ ਮੀਂਹ ਪੈਣ ਨਾਲ ਗਰਮੀ ਕਾਰਨ ਝੁਲਸ ਰਹੇ ਨਰਮੇ ਦੀ ਫ਼ਸਲ ਨੂੰ ਫਾਇਦਾ ਹੋਇਆ ਹੈ। ਇਸ ਨਾਲ ਝੋਨੇ ਦੀ ਲੁਆਈ ਵੀ ਜ਼ੋਰ ਫੜ ਲਵੇਗੀ। ਕਿਸਾਨਾਂ ਨੇ ਦੱਸਿਆ ਹੈ ਕਿ ਨਰਮੇ ਤੇ ਮੂੰਗੀ ਦੀ ਫ਼ਸਲ ਗਰਮੀ ਕਾਰਨ ਝੁਲਸ ਰਹੀ ਸੀ ਪਰ ਹੁਣ ਮੀਂਹ ਪੈਣ ਮਗਰੋਂ ਇਨ੍ਹਾਂ ਫ਼ਸਲਾਂ ਨੂੰ ਫਾਇਦਾ ਹੋਵੇਗਾ। ਕਿਸਾਨਾਂ ਨੇ ਦੱਸਿਆ ਹੈ ਕਿ ਗਰਮੀ ਕਾਰਨ ਝੋਨੇ ਦੀ ਲੁਆਈ ਦਾ ਕੰਮ ਮੱਠਾ ਚੱਲ ਰਿਹਾ ਸੀ ਜੋ ਹੁਣ ਰਫਤਾਰ ਫੜ ਲਵੇਗਾ।

Advertisement

Advertisement
Author Image

joginder kumar

View all posts

Advertisement