For the best experience, open
https://m.punjabitribuneonline.com
on your mobile browser.
Advertisement

ਲੁਧਿਆਣਾ ਵਿੱਚ ਮੀਂਹ ਮਗਰੋਂ ਪਾਰਾ ਡਿੱਗਿਆ

10:43 AM Oct 17, 2023 IST
ਲੁਧਿਆਣਾ ਵਿੱਚ ਮੀਂਹ ਮਗਰੋਂ ਪਾਰਾ ਡਿੱਗਿਆ
ਲੁਧਿਆਣਾ ਵਿੱਚ ਲੋਧੀ ਕਲੱਬ ਰੋਡ ਦੇ ਅੰਡਰਪਾਸ ਵਿੱਚ ਭਰੇ ਪਾਣੀ ’ਚੋਂ ਲੰਘਦੇ ਹੋਏ ਰਾਹਗੀਰ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 16 ਅਕਤੂਬਰ
ਲੁਧਿਆਣਾ ਅਤੇ ਨੇੜਲੇ ਖੇਤਰਾਂ ਵਿੱਚ ਅੱਜ ਸਵੇਰੇ ਪਏ ਮੀਂਹ ਨਾਲ ਜਿੱਥੇ ਪਾਰਾ ਡਿੱਗਿਆ, ਉੱਥੇ ਹੀ ਅਨਾਜ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਭਿੱਜਣ ਤੋਂ ਇਲਾਵਾ ਖੇਤਾਂ ’ਚ ਵਾਢੀ ਦਾ ਕੰਮ ਰੁਕ ਗਿਆ ਹੈ। ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹੇ ’ਚ 14.6 ਐੱਮਐੱਮ ਮੀਂਹ ਪਿਆ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ 24 ਘੰਟੇ ’ਚ ਕਈ ਥਾਈਂ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਐਤਵਾਰ ਤੇ ਸੋਮਵਾਰ ਨੂੰ ਪਏ ਮੀਂਹ ਨਾਲ ਤਾਪਮਾਨ ਵਿੱਚ ਗਿਰਾਵਟ ਆਈ ਹੈ। ਅੱਜ ਘੱਟੋ-ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 22 ਡਿਗਰੀ ਸੈੱਲਸੀਅਸ ਰਿਹਾ। ਖੇਤਰ ਵਿੱਚ ਅੱਜ ਤੜਕੇ ਤੋਂ ਹੀ ਆਸਮਾਨ ’ਚ ਕਾਲੀ ਘਟਾ ਛਾਈ ਹੋਈ ਸੀ, ਜਿਸ ਕਾਰਨ ਰਾਹਗੀਰਾਂ ਨੂੰ ਆਪਣੀ ਮੰਜ਼ਲ ਤੱਕ ਜਾਣ ਲਈ ਵਾਹਨਾਂ ਦੀਆਂ ਲਾਈਟਾਂ ਜਗਾਉਣੀਆਂ ਪਈਆਂ। ਸਵੇਰੇ 7 ਵਜੇ ਇੱਕ ਦਮ ਤੇਜ਼ ਮੀਂਹ ਪੈਣ ਲੱਗ ਗਿਆ ਤੇ ਬੱਚਿਆਂ ਨੂੰ ਸਕੂਲ ਜਾਣ ਵੇਲੇ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਇੱਥੇ ਲਗਪਗ ਅੱਧਾ ਘੰਟਾ ਤੇਜ਼ ਮੀਂਹ ਵਰ੍ਹਦਾ ਰਿਹਾ। ਮੀਂਹ ਦੇ ਨਾਲ-ਨਾਲ ਹਵਾ ਦੀ ਰਫ਼ਤਾਰ ਡੇਢ ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ 17-18 ਅਕਤੂਬਰ ਨੂੰ ਵੀ ਇਸੇ ਤਰ੍ਹਾਂ ਬੱਦਲ ਬਣੇ ਰਹਿਣਗੇ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਵੀ ਗਿਰਾਵਟ ਆਏਗੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਘੱਟੋਂ ਘੱਟ ਤਾਪਮਾਨ 14 ਡਿਗਰੀ ਤੱਕ ਜਾਣ ਦੇ ਆਸਾਰ ਹਨ।
ਵੇਰਵਿਆਂ ਅਨੁਸਾਰ ਸ਼ਹਿਰ ਦੀ ਗਿੱਲ ਰੋਡ ਦਾਣਾ ਮੰਡੀ ਤੇ ਜਲੰਧਰ ਬਾਈਪਾਸ ਸਥਿਤ ਦਾਣਾ ਮੰਡੀ ਸਣੇ ਹੋਰ ਥਾਵਾਂ ’ਤੇ ਮੀਂਹ ਕਾਰਨ ਕਰੀਬ ਹਜ਼ਾਰਾਂ ਬੋਰੀਆਂ ਭਿੱਜ ਗਈਆਂ ਹਨ। ਮੰਡੀ ’ਚ ਪੁੱਜੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਨਾਲ ਸ਼ੈਲਰ ਮਾਲਕਾਂ ਦਾ ਵਿਵਾਦ ਚੱਲ ਰਿਹਾ ਹੈ, ਪਰ ਖਾਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸ਼ੈੱਲਰ ਮਾਲਕਾਂ ਦੀਆਂ ਮੰਗਾਂ ਮੰਨ ਲੈਂਦੀ ਤਾਂ ਅੱਜ ਝੋਨੇ ਦੀ ਫ਼ਸਲ ਦਾ ਨੁਕਸਾਨ ਨਾ ਹੁੰਦਾ।

Advertisement

ਖੰਨਾ ਦੀ ਮੰਡੀ ਵਿੱਚ ਮੀਂਹ ਕਾਰਨ ਝੋਨਾ ਭਿੱਜਿਆ

ਖੰਨਾ ਦੀ ਅਨਾਜ ਮੰਡੀ ਵਿੱਚ ਤਰਪਾਲਾਂ ਨਾਲ ਢਕੀ ਹੋਈ ਝੋਨੇ ਦੀ ਫ਼ਸਲ।

ਖੰਨਾ (ਜੋਗਿੰਦਰ ਸਿੰਘ ਓਬਰਾਏ): ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ। ਮੀਂਹ ਨਾਲ ਤੇਜ਼ ਹਵਾ ਚੱਲਣ ਕਾਰਨ ਜਿੱਥੇ ਝੋਨੇ ਦੀ ਖੜ੍ਹੀ ਫਸਲ ਦਾ ਨੁਕਸਾਨ ਹੋਇਆ ਹੈ, ਉੱਥੇ ਮੰਡੀਆਂ ’ਚ ਆਈ ਝੋਨੇ ਦੀ ਫਸਲ ਭਿੱਜ ਗਈ ਹੈ। ਏਸ਼ੀਆਂ ਦੀ ਵੱਡੀ ਮੰਡੀ ਖੰਨਾ ਵਿਚ ਭਾਵੇਂ ਝੋਨੇ ਦੀ ਖਰੀਦ ਜ਼ਿਆਦਾ ਹੋਈ ਹੈ ਪਰ ਚੁਕਾਈ ਨਾ ਹੋਣ ਕਾਰਨ ਮੀਂਹ ਨਾਲ ਬੋਰੀਆਂ ਭਿੱਜ ਗਈਆਂ ਹਨ। ਮੰਡੀ ਵਿੱਚ ਫ਼ਸਲ ਭਿੱਜਣ ਕਾਰਨ ਝੋਨੇ ਵਿੱਚ ਨਮੀ ਦੀ ਮਾਤਰਾ ਵਧ ਗਈ ਹੈ, ਜਿਸ ਕਾਰਨ ਖਰੀਦ ਵੀ ਪ੍ਰਭਾਵਿਤ ਹੋਣ ਲੱਗੀ ਹੈ। ਮਾਰਕੀਟ ਕਮੇਟੀ ਦੇ ਸਕੱਤਰ ਮਨਜਿੰਦਰ ਸਿੰਘ ਮਾਨ ਅਨੁਸਾਰ ਖੰਨਾ ਦੀਆਂ ਮੰਡੀਆਂ ਵਿਚ ਹਰ ਤਰ੍ਹਾਂ ਪ੍ਰਬੰਧ ਮੁਕੰਮਲ ਹਨ ਅਤੇ ਬਰਸਾਤ ਤੋਂ ਬਚਾਅ ਲਈ ਤਰਪਾਲਾਂ ਦਾ ਪੂਰਾ ਪ੍ਰਬੰਧ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਝੋਨੇ ਦਾ ਸੀਜ਼ਨ ਬਿਨਾ ਕਿਸੇ ਨੁਕਸਾਨ ਦੇ ਪੂਰਾ ਹੋਵੇਗਾ। ਜਾਣਕਾਰੀ ਅਨੁਸਾਰ ਇਸ ਮੰਡੀ ਵਿਚ ਕੁੱਲ ਹੋਈ ਖਰੀਦ ਵਿਚੋਂ 1,43,533 ਕੁਇੰਟਲ ਝੋਨੇ ਦੀ ਲਿਫਟਿੰਗ ਅਜੇ ਨਹੀਂ ਹੋਈ। ਇਸੇ ਦੌਰਾਨ ਆੜ੍ਹਤੀ ਜਥੇਬੰਦੀ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਸਾਨਾਂ ਨੂੰ ਸੁੱਕਾ ਝੋਨਾ ਲਿਆਉਣ ਦੀ ਅਪੀਲ ਕੀਤੀ ਹੈ।

Advertisement
Author Image

Advertisement
Advertisement
×