For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਵਿੱਚ ਪਾਰਾ 46 ਡਿਗਰੀ ਤੋਂ ਪਾਰ

08:58 AM May 29, 2024 IST
ਚੰਡੀਗੜ੍ਹ ਵਿੱਚ ਪਾਰਾ 46 ਡਿਗਰੀ ਤੋਂ ਪਾਰ
ਪੰਜਾਬ ਯੂਨੀਵਰਸਿਟੀ ’ਚ ਗਰਮੀ ਤੋਂ ਬਚਾਅ ਲਈ ਛਤਰੀ ਲੈ ਕੇ ਜਾਂਦੀਆਂ ਵਿਦਿਆਰਥਣਾਂ। -ਫੋਟੋ: ਰਵੀ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਮਈ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਮੌਸਮ ਨੂੰ ਵੀ ਰਾਜਸਥਾਨ ਦਾ ਰੰਗ ਚੜ੍ਹਨ ਲੱਗ ਪਿਆ ਹੈ। ਇਥੇ ਪਿਛਲੇ ਇਕ ਹਫ਼ਤੇ ਤੋਂ ਲਗਾਤਾਰ ਗਰਮੀ ਵਧਦੀ ਜਾ ਰਹੀ ਹੈ, ਜਿਸ ਕਾਰਨ ਚੰਡੀਗੜ੍ਹੀਆਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 46.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ 6.1 ਡਿਗਰੀ ਸੈਲਸੀਅਸ ਵੱਧ ਹੈ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 26.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਹ ਵੀ ਆਮ ਨਾਲੋਂ 0.8 ਡਿਗਰੀ ਸੈਲਸੀਅਸ ਵੱਧ ਰਿਹਾ ਹੈ। ਮੌਸਮ ਵਿਗਿਆਨੀਆਂ ਵੱਲੋਂ ਵੀ ਤਾਪਮਾਨ ਵਿੱਚ ਹੋ ਰਹੇ ਵਾਧੇ ’ਤੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ। ਮੌਸਮ ਵਿਗਿਆਨੀਆਂ ਨੇ ਚੰਡੀਗੜ੍ਹ ਵਿੱਚ 29 ਮਈ ਲਈ ਰੈੱਡ ਅਤੇ 30 ਮਈ ਲਈ ਓਰੇਂਜ ਅਲਰਟ ਜਾਰੀ ਕਰ ਦਿੱਤਾ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਤੇ ਮੌਸਮ ਵਿਗਿਆਨੀ ਏਕੇ ਸਿੰਘ ਅਤੇ ਸ਼ਿਵੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਮਈ ਮਹੀਨੇ ਵਿੱਚ ਮੌਸਮ ਵਿੱਚ ਪੱਛਮੀ ਵਿਗਾੜ ਦੇ ਚਲਦਿਆਂ ਏਨੇ ਦਿਨ ਤਾਪਮਾਨ ਵੱਧ ਨਹੀਂ ਰਹਿੰਦਾ ਸੀ। ਇਸ ਵਾਰ ਮੌਸਮ ਵਿੱਚ ਪੱਛਮੀ ਵਿਗਾੜ ਦੇ ਐਕਟਿਵ ਨਾ ਹੋਣ ਕਰ ਕੇ ਲਗਾਤਾਰ ਇਕ ਹਫ਼ਤੇ ਤੋਂ ਤਾਪਮਾਨ 44 ਤੋਂ 45 ਡਿਗਰੀ ਸੈਲਸੀਅਸ ਦੇ ਕਰੀਬ ਚੱਲ ਰਿਹਾ ਹੈ। ਮੌਸਮ ਵਿਗਿਆਨੀ ਨੇ ਗਰਮੀ ਦੇ ਚਲਦਿਆਂ ਲੋਕਾਂ ਨੂੰ ਸਵੇਰੇ 11 ਤੋਂ ਸ਼ਾਮ 5 ਵਜੇ ਤੱਕ ਘਰੋਂ ਲੋੜ ਪੈਣ ’ਤੇ ਹੀ ਬਾਹਰ ਨਿਕਲਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਹਲਕੇ ਰੰਗ ਦੇ ਕੱਪੜੇ ਪਾਉਣ ਤੇ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਮੌਸਮ ਵਿਗਿਆਨੀਆਂ ਨੇ ਲੋਕਾਂ ਨੂੰ ਏਸੀ ਵਿੱਚੋਂ ਨਿਕਲ ਕੇ ਤੁਰੰਤ ਧੁੱਪ ਵਿੱਚ ਜਾਣ ਤੋਂ ਗੁਰੇਜ਼ ਕਰਨ ਦੀ ਵੀ ਸਲਾਹ ਦਿੱਤੀ ਹੈ।

Advertisement

ਹਰਿਆਣਾ ਸਰਕਾਰ ਵੱਲੋਂ ਲੂ ਤੋਂ ਬਚਾਅ ਲਈ ਸੇਧਾਂ ਜਾਰੀ

ਪੰਚਕੂਲਾ (ਪੀਪੀ ਵਰਮਾ): ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਨੇ ਲੂ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਉਨ੍ਹਾਂ ਕਿਹਾ ਹੈ ਕਿ ਗਰਮੀ ਦੇ ਮੌਸਮ ਵਿੱਚ ਹਵਾ ਦੇ ਗਰਮ ਥਪੇੜਿਆਂ ਅਤੇ ਵਧੇ ਹੋਏ ਤਾਪਮਾਨ ਨਾਲ ਲੂ ਲੱਗਣ ਦਾ ਖਤਰਾ ਵੱਧ ਜਾਂਦਾ ਹੈ। ਅਜਿਹੇ ਵਿੱਚ ਧੁੱਪ ਵਿੱਚ ਘੁੰਮਣ ਵਾਲਿਆਂ, ਖਿਡਾਰੀਆਂ, ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਨੂੰ ਲੂ ਲੱਗਣ ਦਾ ਖਤਰਾ ਵੱਧ ਰਹਿੰਦਾ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਮੁੱਖ ਸਕੱਤਰ ਟੀਵੀਐੱਸਐੱਲ ਪ੍ਰਸਾਦ ਨੇ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਹਰਿਆਣਾ ਸਿਵਲ ਸਕੱਤਰੇਤ ਦੇ ਅਧਿਕਾਰੀਆਂ - ਕਰਮਚਾਰੀਆਂ ਨੂੰ ਬਿਜਲੀ ਉਪਰਕਨਾਂ ਵਿਸ਼ੇਸ਼ ਕਰ ਕੇ ਏਸੀ, ਕੂਲਰ ਅਤੇ ਪੱਖਿਆਂ ਆਦਿ ਦੇ ਸਬੰਧ ਵਿੱਚ ਖਾਸ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਹਨ।

ਨਵਾਂ ਗਰਾਉਂ ਵਿੱਚ ਪਾਣੀ ਤੇ ਬਿਜਲੀ ਸਪਲਾਈ ਦੀ ਕਿੱਲਤ

ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਨਗਰ ਕੌਂਸਲ ਨਵਾਂ ਗਰਾਉਂ ਦੇ ਵਸਨੀਕਾਂ ਨੂੰ ਹਰ ਸਾਲ ਗਰਮੀ ਦੇ ਮੌਸਮ ਦੌਰਾਨ ਪੀਣ ਵਾਲੇ ਪਾਣੀ ਤੇ ਬਿਜਲੀ ਦੀ ਸਪਲਾਈ ਦੀ ਕਿੱਲਤ ਕਾਰਨ ਜੂਝਣਾ ਪੈਂਦਾ ਹੈ। ਪਾਣੀ ਦੀ ਪੂਰਤੀ ਲਈ ਆਪਣੇ ਖਰਚੇ ’ਤੇ ਲੋਕਾਂ ਪਾਣੀ ਦੇ ਟੈਂਕਰ ਮੰਗਵਾ ਕੇ ਬੁੱਤਾ ਸਾਰਨਾ ਪੈ ਰਿਹਾ ਹੈ। ਵਾਰਡ ਨੰਬਰ-14 ਦੇ ਲੋਕਾਂ ਨੇ ਅੱਜ ਦੇਰ ਸ਼ਾਮ ਵੇਲੇ ਕੌਂਸਲ ਦੇ ਦਫਤਰ ਕੋਲ ਇਕੱਤਰ ਹੋ ਕੇ ਪੰਜਾਬ ਸਰਕਾਰ ਤੇ ਕੌਂਸਲ ਦੀ ਕਾਰਗੁਜ਼ਾਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਲੋਕਾਂ ਵੱਲੋਂ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਪਾਣੀ ਅਤੇ ਬਿਜਲੀ ਦੀ ਨਾਕਸ ਸਪਲਾਈ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ। ਰਾਜੂ ਸੈਮੂਅਲ, ਪੰਕਜ ਨੇ ਦੱਸਿਆ ਕਿ ਹਰ ਸਾਲ ਗਰਮੀ ਦੇ ਦਿਨਾਂ ਵਿੱਚ ਸਰਕਾਰੀ ਟਿਊਬਵੈੱਲ ਤੋਂ ਪਾਣੀ ਦੀ ਸਪਲਾਈ ਦਾ ਬਹੁਤ ਮਾੜਾ ਹਾਲ ਹੁੰਦਾ ਹੈ। ਕੌਂਸਲਰ ਕੁਲਵੀਰ ਬਿਸ਼ਟ ਸਮੱਸਿਆ ਦਾ ਜਲਦੀ ਹੱਲ ਕੱਢਣ ਦਾ ਭਰੋਸਾ ਦਿੱਤਾ।

Advertisement
Author Image

joginder kumar

View all posts

Advertisement
Advertisement
×