ਕਚੌਰੀਆਂ ਦੀ ਦੁਕਾਨ ਵਿੱਚ ਵੜੀ ਮਰਸਿਡੀਜ਼, 6 ਜ਼ਖ਼ਮੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਉੱਤਰੀ ਦਿੱਲੀ ਦੇ ਸਿਵਲ ਲਾਈਨ ਖੇਤਰ ਵਿੱਚ ਬੇਕਾਬੂ ਹੋਈ ਮਰਸਿਡੀਜ਼ ਕਾਰ ਕਚੌਰੀਆਂ ਵਾਲੀ ਦੁਕਾਨ ਵਿੱਚ ਵੜ ਗਈ। ਇਸ ਕਾਰਨ ਦੁਕਾਨ ਦੇ ਕੁਝ ਕਰਮਚਾਰੀਆਂ ਸਣੇ ਛੇ ਵਿਅਕਤੀ ਜ਼ਖਮੀ ਹੋ ਗਏ। ਦਿੱਲੀ ਪੁਲੀਸ ਨੇ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਰਾਜਪੁਰ ਰੋਡ ਸਥਿਤ ਫ਼ਤਹਿਚੰਦ ਕਚੌਰੀ ਵਾਲੀਆਂ ਦੁਕਾਨ ’ਤੇ ਵਾਪਰੀ। ਪੁਲੀਸ ਡਿਪਟੀ ਕਮਿਸ਼ਨਰ (ਉੱਤਰੀ) ਐੱਮਕੇ ਮੀਨਾ ਨੇ ਦੱਸਿਆ ਕਿ ਕਾਰ ਦੇ ਡਰਾਈਵਰ ਦੀ ਪਛਾਣ ਨੋਇਡਾ ਦੇ ਸੈਕਟਰ 79 ਵਾਸੀ ਪਰਾਗ ਮੈਨੀ ਵਜੋਂ ਹੋਈ ਹੈ। ਉਸ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ ਹੈ। ਇਸ ਦੌਰਾਨ ਕਾਰ ਨੂੰ ਥਾਣੇ ਲਿਜਾਇਆ ਗਿਆ ਹੈ। ਘਟਨਾ ਦੀ ਇੱਕ ਕਥਿਤ ਸੀਸੀਟੀਵੀ ਫੁਟੇਜ਼ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਆਈ ਹੈ। ਇਸ ਵੀਡੀਓ ਵਿੱਚ ਇੱਕ ਚਿੱਟੇ ਰੰਗ ਦੀ ਮਰਸਿਡੀਜ਼ ਨੇ ਦੁਕਾਨ ਦੇ ਬਾਹਰ ਖੜ੍ਹੇ ਕੁਝ ਲੋਕਾਂ ਨੂੰ ਟੱਕਰ ਮਾਰ ਦਿੱਤੀ ਅਤੇ ਉਨ੍ਹਾਂ ਨੂੰ ਹਵਾ ਵਿੱਚ ਉਛਾਲ ਦਿੱਤਾ। ਉਸ ਮਗਰੋਂ ਕਾਰ ਕੰਧ ਨਾਲ ਜਾ ਟਕਰਾਈ। ਡੀਸੀਪੀ ਮੀਨਾ ਨੇ ਕਿਹਾ ਕਿ ਡਰਾਈਵਰ ਨੇ ਸ਼ਰਾਬ ਨਹੀਂ ਪੀਤੀ ਸੀ। ਹਾਲਾਂਕਿ ਉਸ ਦੇ ਖੂਨ ਦੇ ਨਮੂਨੇ ਨੂੰ ਹੋਰ ਵਿਸ਼ਲੇਸ਼ਣ ਲਈ ਸੁਰੱਖਿਅਤ ਰੱਖਿਆ ਗਿਆ ਹੈ ਕਿਉਂਕਿ ਜਾਂਚ ਅਜੇ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਸਿਵਲ ਲਾਈਨ ਦੇ ਤੀਰਥ ਰਾਮ ਸ਼ਾਹ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।