ਕਾਰਗਿਲ ਜੰਗ ਦਾ ਜ਼ਿਕਰ
ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਸਈਦ ਆਸਿਮ ਮੁਨੀਰ ਨੇ ਆਪਣੇ ਮੂੰਹੋਂ ਕਾਰਗਿਲ ਦਾ ਜ਼ਿਕਰ ਕੀਤਾ ਹੈ। ਹਾਲਾਂਕਿ ਰਾਵਲਪਿੰਡੀ ਦੇ ਜ਼ਿਆਦਾਤਰ ਫ਼ੌਜੀ ਜਰਨੈਲ ਕਸ਼ਮੀਰ ਦੀ ਗੱਲ ਕਰਨਾ ਹੀ ਪਸੰਦ ਕਰਦੇ ਹਨ। ਸ਼ੁੱਕਰਵਾਰ ਰੱਖਿਆ ਤੇ ਸ਼ਹੀਦੀ ਦਿਹਾੜੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਜਨਰਲ ਮੁਨੀਰ ਨੇ ਇੱਕੋ ਸਾਹ ’ਚ 1948, 1965, 1971 ਅਤੇ ਕਾਰਗਿਲ ਜੰਗ ਦਾ ਜ਼ਿਕਰ ਕੀਤਾ। ਪਾਕਿਸਤਾਨ ਦੇ ਸਿਖ਼ਰਲੇ ਸੈਨਾ ਅਧਿਕਾਰੀ ਵੱਲੋਂ ਜਨਤਕ ਤੌਰ ’ਤੇ 1999 ਦੇ ਟਕਰਾਅ ਬਾਰੇ ਕੀਤੇ ਗਏ ਇਸ ਇਕਬਾਲ ਨੇ ਉਸ ਥਿਊਰੀ ਦਾ ਪਰਦਾਫਾਸ਼ ਕਰ ਦਿੱਤਾ ਕਿ ਘੁਸਪੈਠ ਵਿੱਚ ਸਿਰਫ਼ ‘ਆਜ਼ਾਦੀ ਲਈ ਲੜਨ ਵਾਲੇ ਵਿਅਕਤੀਗਤ ਲੜਾਕੇ’ ਸ਼ਾਮਿਲ ਸਨ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੀ ਉਦੋਂ ਕਾਰਗਿਲ ਦਾ ਨਾਂ ਲੈਂਦਿਆਂ-ਲੈਂਦਿਆਂ ਰਹਿ ਗਏ ਸਨ ਜਦੋਂ ਇਸੇ ਸਾਲ ਉਨ੍ਹਾਂ ਸਵੀਕਾਰਿਆ ਸੀ ਕਿ ਇਸਲਾਮਾਬਾਦ ਨੇ ਦਿੱਲੀ ਨਾਲ ਕੀਤੇ ਉਸ ਸਮਝੌਤੇ ਦੀ ਉਲੰਘਣਾ ਕੀਤੀ ਸੀ, ਜੋ ਉਨ੍ਹਾਂ ਤੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਵਿਚਾਲੇ ਫਰਵਰੀ 1999 ਵਿੱਚ ਹੋਇਆ ਸੀ।
ਇਹ ਤਾਂ ਸਾਰੇ ਜਾਣਦੇ ਹੀ ਹਨ ਕਿ ਕਾਰਗਿਲ ਦੀ ਸਾਜ਼ਿਸ਼ ਤਤਕਾਲੀ ਫ਼ੌਜ ਮੁਖੀ ਜਨਰਲ ਪਰਵੇਜ਼ ਮੁਸ਼ੱਰਫ ਨੇ ਘੜੀ ਸੀ। ਸੰਨ 1971 ਦੀ ਹਾਰ ਦੇ ਜ਼ਖ਼ਮਾਂ ਨਾਲ ਤੜਪਦੇ ਪਾਕਿਸਤਾਨ ਨੇ ਪਾਸਾ ਪਲਟਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਹੋ ਗਿਆ। ਭਾਰਤ ਵੱਲੋਂ ਕਾਰਗਿਲ ਦੀ ਜਿੱਤ ਦੇ 25 ਸਾਲਾਂ ਦਾ ਜਸ਼ਨ ਮਨਾਉਣ ਤੋਂ ਕਈ ਹਫ਼ਤਿਆਂ ਬਾਅਦ ਹੁਣ ਜਨਰਲ ਮੁਨੀਰ ਇਸ ਦਾ ਜ਼ਿਕਰ ਕਿਉਂ ਕਰ ਰਹੇ ਹਨ? ਆਖ਼ਿਰਕਾਰ, ਪਾਕਿਸਤਾਨੀ ਫ਼ੌਜ ਮਜ਼ਬੂਤੀ ਨਾਲ ਕਾਠੀ ’ਤੇ ਬੈਠ ਗਈ ਹੈ, ਸ਼ਰੀਫ ਭਰਾ ਇਸ ਦੇ ਅਧੀਨ ਹੋ ਕੇ ਚੱਲ ਰਹੇ ਹਨ ਤੇ ‘ਸਹਿਯੋਗ ਨਾ ਕਰਨ ਵਾਲਾ’ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਸਲਾਖਾਂ ਦੇ ਪਿੱਛੇ ਹੈ। ਪਾਕਿਸਤਾਨ ਵੱਲੋਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਵੀ ਹੋ ਸਕਦੀ ਹੈ ਕਿ ਉਹ ਆਖ਼ਿਰ ਹੁਣ ਆਪਣੇ ਨਾਗਵਾਰ ਅਤੀਤ ਨੂੰ ਸਵੀਕਾਰ ਰਿਹਾ ਹੈ ਅਤੇ ਆਪਣੀਆਂ ਇਤਿਹਾਸਕ ਭੁੱਲਾਂ ਤੋਂ ਸਿੱਖਣ ਦਾ ਚਾਹਵਾਨ ਹੈ। ਜ਼ਿਕਰਯੋਗ ਹੈ ਕਿ ਇਸੇ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਸਾਰੇ ਗੁਆਂਢੀਆਂ ਨਾਲ ਸ਼ਾਂਤੀ ਚਾਹੁੰਦਾ ਹੈ।
ਇਨ੍ਹਾਂ ਬਿਆਨਾਂ ਤੇ ਨਾਲ ਹੀ ਪਾਕਿਸਤਾਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਗਲੇ ਮਹੀਨੇ ਇਸਲਾਮਾਬਾਦ ਵਿੱਚ ਐੱਸਸੀਓ ਦੀ ਮੀਟਿੰਗ ’ਚ ਸ਼ਾਮਿਲ ਹੋਣ ਲਈ ਭੇਜੇ ਪ੍ਰਸਤਾਵ ਦੇ ਬਾਵਜੂਦ, ਭਾਰਤ ਕੋਲ ਚੌਕਸੀ ’ਚ ਨਰਮੀ ਵਰਤਣ ਦਾ ਕੋਈ ਕਾਰਨ ਨਹੀਂ ਹੈ। ਪਾਕਿਸਤਾਨ ਤੋਂ ਸਿਖਲਾਈ ਪ੍ਰਾਪਤ ਅਤਿਵਾਦੀਆਂ ਵੱਲੋਂ ਜੰਮੂ ਖੇਤਰ ਵਿੱਚ ਲੜੀਵਾਰ ਹਮਲਿਆਂ ਦੇ ਮੱਦੇਨਜ਼ਰ ਭਰੋਸੇ ਦੀ ਅਜੇ ਵੀ ਘਾਟ ਹੈ। ਵਿਅੰਗਾਤਮਕ ਹੈ ਕਿ ਪਾਕਿਸਤਾਨ ਖ਼ੁਦ ਵੀ ਬਲੋਚਿਸਤਾਨ ਤੇ ਖ਼ੈਬਰ ਪਖ਼ਤੂਨਖ਼ਵਾ ਵਿੱਚ ਅਤਿਵਾਦ ਦੇ ਉਭਾਰ ਨਾਲ ਜੂਝ ਰਿਹਾ ਹੈ। ਕੰਟਰੋਲ ਰੇਖਾ ਤੋਂ ਪਾਰ ਅਤਿਵਾਦੀ ਹਮਲਿਆਂ ਵਿੱਚ ਆਪਣੀ ਫ਼ੌਜ ਦੇ ਰੋਲ ਬਾਰੇ ਬੋਲਣ ਲਈ ਜਨਰਲ ਮੁਨੀਰ ਨੂੰ ਜ਼ਰੂਰ ਚੰਗੀ ਸਲਾਹ ਮਿਲ ਰਹੀ ਹੋਵੇਗੀ।