ਲਬਿੀਆ ਤੋਂ ਪਰਤੇ ਨੌਜਵਾਨਾਂ ਨੂੰ ਮਾਨਸਿਕ ਤਣਾਅ ਨੇ ਘੇਰਿਆ
ਅਕਾਂਕਸ਼ਾ ਐਨ ਭਾਰਦਵਾਜ
ਜਲੰਧਰ, 22 ਅਗਸਤ
ਲਬਿੀਆ ਵਿੱਚ ਫਸੇ 17 ਭਾਰਤੀ ਸੁਰੱਖਿਅਤ ਪਰਤ ਆਏ ਹਨ ਪਰ ਇਹ ਹੁਣ ‘ਡਿਪਰੈਸ਼ਨ’ ਦੀ ਮਾਰ ਹੇਠ ਆ ਗਏ ਹਨ। ਇਨ੍ਹਾਂ ਵਿਚੋਂ ਕਈ ਨੌਜਵਾਨ ਤਾਂ ਸਿਹਤ ਵਿਗੜਨ ਕਾਰਨ ਹਸਪਤਾਲ ਵਿੱਚ ਜ਼ੇਰੇ ਇਲਾਜ ਵੀ ਰਹੇ। ਇਨ੍ਹਾਂ ਦੇ ਮਾਨਸਿਕ ਤਣਾਅ ਵਿੱਚ ਆਉਣ ਦਾ ਕਾਰਨ ਭਾਰੀ ਕਰਜ਼ੇ ਤੇ ਘਰ-ਬਾਰ ਵੇਚ ਕੇ ਵਿਦੇਸ਼ ਜਾਣਾ ਹੈ, ਇਹ ਨੌਜਵਾਨ ਦੇਸ਼ ਤਾਂ ਪਰਤ ਆਏ ਹਨ ਪਰ ਕਰਜ਼ਦਾਰ ਹੋਣ ਦੇ ਬਾਵਜੂਦ ਬਿਹਤਰ ਭਵਿੱਖ ਦੀ ਆਸ ਧਰੀ ਧਰਾਈ ਹੀ ਰਹਿ ਗਈ ਹੈ।
ਲਬਿੀਆ ਵਿਚੋਂ ਪਰਤਣ ਵਾਲਿਆਂ ਵਿਚੋਂ 22 ਸਾਲਾ ਅਨਮੋਲ ਸਿੰਘ ‘ਡਿਪਰੈਸ਼ਨ’ ਦਾ ਸ਼ਿਕਾਰ ਹੈ ਜੋ ਹਸਪਤਾਲ ਵਿਚ ਜ਼ੇਰੇ ਇਲਾਜ ਵੀ ਰਿਹਾ। ਉਸ ਦੇ ਪਰਿਵਾਰਕ ਮੈਂਬਰਾਂ ਨੇ ‘ਦਿ ਟ੍ਰਿਬਿਊਨ’ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੀ ਮਦਦ ਨਾਲ 17 ਨੌਜਵਾਨ ਵਾਪਸ ਆ ਗਏ ਹਨ, ਜਿਨ੍ਹਾਂ ਵਿਚੋਂ ਪੰਜ ਪੰਜਾਬ ਦੇ ਹਨ। ਇਨ੍ਹਾਂ ਸਾਰਿਆਂ ਨੇ ਟਰੈਵਲ ਏਜੰਟ ਨੂੰ 13-13 ਲੱਖ ਇਸ ਕਰ ਕੇ ਦਿੱਤੇ ਸਨ ਕਿ ਉਨ੍ਹਾਂ ਨੂੰ ਇਟਲੀ ਵਿਚ ਨੌਕਰੀਆਂ ਮਿਲਣਗੀਆਂ। ਇਨ੍ਹਾਂ ਨੌਜਵਾਨਾਂ ਨੂੰ ਇਟਲੀ ਭੇਜਣ ਲਈ ਦੁਬਈ, ਕੁਵੈਤ, ਮਿਸਰ ਤੇ ਲਬਿੀਆ ਵਿੱਚ ਡੌਂਕੀ ਲਾ ਕੇ ਭੇਜਿਆ ਗਿਆ। ਸ੍ਰੀ ਸਾਹਨੀ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਇਟਲੀ ਲਿਜਾਣ ਦੀ ਥਾਂ ਲਬਿੀਆ ਵਿੱਚ ਜਬਰੀ ਰੱਖਿਆ ਗਿਆ ਤੇ ਉਨ੍ਹਾਂ ਕੋਲੋਂ ਬੰਧੂਆ ਮਜ਼ਦੂਰੀ ਵੀ ਕਰਵਾਈ ਗਈ ਤੇ ਉਨ੍ਹਾਂ ਨਾਲ ਸੋਸ਼ਣ ਤੇ ਮਾੜਾ ਵਰਤਾਅ ਕੀਤਾ ਗਿਆ। ਅਨਮੋਲ ਦੀ ਭੈਣ ਰਮਨਦੀਪ ਕੌਰ ਨੇ ਦੱਸਿਆ ਕਿ ਭਾਵੇਂ ਇਹ ਨੌਜਵਾਨ ਘਰ ਪਰਤ ਆਏ ਹਨ ਪਰ ਇਹ ਹਾਲੇ ਵੀ ਡਰ ਤੇ ਸਦਮੇ ਵਿਚ ਹਨ। ਉਸ ਨੇ ਦੱਸਿਆ ਕਿ ਲਬਿੀਆ ਵਿੱਚ ਉਨ੍ਹਾਂ ’ਤੇ ਢਾਹੇ ਜ਼ੁਲਮ ਉਨ੍ਹਾਂ ਨੂੰ ਇਥੇ ਵੀ ਸੁਪਨਿਆਂ ਵਿੱਚ ਤੰਗ ਕਰ ਰਹੇ ਹਨ, ਉਹ ਇਹ ਸਭ ਕੁਝ ਭੁੱਲਣਾ ਚਾਹੁੰਦੇ ਹਨ ਪਰ ਉਹ ਤਸ਼ੱਦਦ ਦੇ ਦੌਰ ਨੂੰ ਭੁੱਲ ਨਹੀਂ ਰਹੇ। ਅਨਮੋਲ ਦੇ ਜੀਜੇ ਨੇ ਦੱਸਿਆ ਕਿ ਅਨਮੋਲ ਨੇ ਉਨ੍ਹਾਂ ਨੂੰ ਜੋ ਹੱਡ ਬੀਤੀਆਂ ਸੁਣਾਈਆਂ ਹਨ ਉਹ ਰੌਂਗਟੇ ਖੜ੍ਹੇ ਕਰਨ ਵਾਲੀਆਂ ਹਨ। ਪਰਿਵਾਰ ਨੇ ਹੁਣ ਉਸ ਨੂੰ ਰਿਸ਼ਤੇਦਾਰੀ ਵਿਚ ਭੇਜ ਦਿੱਤਾ ਹੈ ਤਾਂ ਕਿ ਉਹ ਠੀਕ ਹੋ ਸਕੇ। ਲਬਿੀਆ ਤੋਂ ਪਰਤੇ ਇਕ ਹੋਰ ਨੌਜਵਾਨ ਗੁਰਪ੍ਰੀਤ ਸਿੰਘ (29) ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਬਿਹਤਰ ਭਵਿੱਖ ਲਈ ਗੁਰਪ੍ਰੀਤ ਨੂੰ ਵਿਦੇਸ਼ ਭੇਜਿਆ ਸੀ ਜੋ ਉਨ੍ਹਾਂ ਲਈ ਡਰਾਉਣਾ ਸੁਪਨਾ ਸਾਬਤ ਹੋਇਆ ਹੈ।
ਵਿਦੇਸ਼ ਜਾਣ ਲਈ ਘਰ ਤੇ ਸੋਨਾ ਵੇਚਿਆ, ਬੈਂਕ ਤੋਂ ਕਰਜ਼ਾ ਲਿਆ
ਕੁਰੂਕਸ਼ੇਤਰ ਰਹਿਣ ਵਾਲੀ ਰਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਅਨਮੋਲ ਨੂੰ ਵਿਦੇਸ਼ ਭੇਜਣ ਲਈ ਜਲੰਧਰ ਵਿਚਲਾ ਘਰ ਤੇ ਜ਼ੇਵਰਾਤ ਵੇਚ ਦਿੱਤੇੇ। ਉਨ੍ਹਾਂ ਕਰਜ਼ ਵੀ ਚੁੱਕਿਆ ਤਾਂ ਕਿ ਅਨਮੋਲ ਵਿਦੇਸ਼ ਜਾ ਕੇ ਕਮਾਈ ਕਰੇ ਪਰ ਹੁਣ ਉਨ੍ਹਾਂ ਦਾ ਸਭ ਕੁਝ ਲੁੱਟ ਗਿਆ ਹੈ। ਉਸ ਦਾ ਭਰਾ ਕਮਜ਼ੋਰ ਹੋ ਗਿਆ ਹੈ ਤੇ ਉਸ ਦਾ ਦਿਮਾਗੀ ਤਵਾਜ਼ਨ ਵਿਗੜ ਗਿਆ ਹੈ। ਉਹ ਅਨਮੋਲ ਨਾਲ ਬੀਤੇ ਸਮੇਂ ਦੀ ਕੋਈ ਵੀ ਗੱਲ ਨਹੀਂ ਕਰਦੇ ਪਰ ਹੁਣ ਅਨਮੋਲ ਕਹਿੰਦਾ ਹੈ ਕਿ ਉਹ ਲਬਿੀਆ ਨਾਲੋਂ ਇਥੇ ਠੀਕ ਹੈ।