ਮਾਨਸਿਕ ਬਿਮਾਰੀ ਕਿਸੇ ਅਪਰਾਧੀ ਨੂੰ ਬਰੀ ਕਰਨ ਦਾ ਆਧਾਰ ਨਹੀਂ ਹੋ ਸਕਦੀ: ਸੰਸਦੀ ਕਮੇਟੀ
ਨਵੀਂ ਦਿੱਲੀ, 11 ਨਵੰਬਰ
ਸੰਸਦ ਦੀ ਇਕ ਕਮੇਟੀ ਨੇ ਕਿਹਾ ਹੈ ਕਿ ਮਹਜਿ਼ ਮਾਨਸਿਕ ਬਿਮਾਰੀ ਕਿਸੇ ਦੋਸ਼ੀ ਨੂੰ ਬਰੀ ਕਰਨ ਦਾ ਆਧਾਰ ਨਹੀਂ ਹੋ ਸਕਦੀ ਹੈ ਅਤੇ ਜਾਇਜ਼ ਬਚਾਅ ਦਾ ਦਾਅਵਾ ਕਰਨ ਲਈ ਕਾਨੂੰਨੀ ਤੌਰ ’ਤੇ ਬਿਮਾਰੀ ਸਾਬਤ ਕਰਨੀ ਜ਼ਰੂਰੀ ਹੈ। ਭਾਜਪਾ ਦੇ ਸੰਸਦ ਮੈਂਬਰ ਬ੍ਰਜਿਲਾਲ ਦੀ ਪ੍ਰਧਾਨਗੀ ਵਾਲੀ ਗ੍ਰਹਿ ਮਾਮਲਿਆਂ ਨਾਲ ਸਬੰਧਤ ਸੰਸਦ ਦੀ ਸਥਾਈ ਕਮੇਟੀ ਨੇ ਇਹ ਸਿਫਾਰਿਸ਼ ਵੀ ਕੀਤੀ ਹੈ ਕਿ ਪ੍ਰਸਤਾਵਿਤ ਨਵੇਂ ਅਪਰਾਧਿਕ ਕਾਨੂੰਨ ਵਿੱਚ ‘ਮਾਨਸਿਕ ਬਿਮਾਰੀ’ ਸ਼ਬਦਾਵਲੀ ਦੀ ਥਾਂ ‘ਮਾਨਸਿਕ ਸਥਿਤੀ ਠੀਕ ਨਹੀਂ’ ਦਾ ਇਸਤੇਮਾਲ ਹੋ ਸਕਦਾ ਹੈ ਕਿਉਂਕਿ ਮਾਨਸਿਕ ਬਿਮਾਰੀ ਸ਼ਬਦ ਦਾ ਅਰਥ ਕਾਫੀ ਵਿਆਪਕ ਹੈ। ਕਮੇਟੀ ਦਾ ਕਹਿਣਾ ਹੈ ਕਿ ਮਾਨਸਿਕ ਬਿਮਾਰੀ ਦੇ ਦਾਇਰੇ ਵਿੱਚ ਮੂਡ ’ਚ ਬਦਲਾਅ ਜਾਂ ਆਪਣੀ ਇੱਛਾ ਤੋਂ ਨਸ਼ਾ ਵੀ ਆਉਂਦਾ ਹੈ। ਪ੍ਰਸਤਾਵਿਤ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੀ ਪੜਤਾਲ ਤੋਂ ਬਾਅਦ ਤਿਆਰ ਕੀਤੀ ਗਈ ਆਪਣੀ ਰਿਪੋਰਟ ਵਿੱਚ ਕਮੇਟੀ ਨੇ ਇਹ ਟਿੱਪਣੀਆਂ ਕੀਤੀਆਂ ਹਨ। ਕਮੇਟੀ ਦੀ ਰਿਪੋਰਟ ਬੀਤੇ ਦਿਨ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਸੌਂਪੀ ਗਈ ਹੈ। -ਪੀਟੀਆਈ