ਬੱਸ ਸਫ਼ਰ ਦੀਆਂ ਯਾਦਾਂ
ਹਰਪ੍ਰੀਤ ਸਿੰਘ ਸਵੈਚ
ਪਿਛਲੇ ਦਿਨੀਂ ਸਬੱਬੀ ਮੈਨੂੰ ਨੰਗਲ ਤੋਂ ਚੰਡੀਗੜ੍ਹ ਤੱਕ ਇੱਕ ਨਿੱਜੀ ਬੱਸ ਵਿਚ ਸਫ਼ਰ ਕਰਨ ਦਾ ਮੌਕਾ ਮਿਲਿਆ। ਜਿਉਂ ਹੀ ਨੰਗਲ ਬੱਸ ਅੱਡੇ ਪਹੁੰਚਿਆ ਤਾਂ ਕੰਡਕਟਰ ਪਟਿਆਲਾ ਲਈ ਆਵਾਜ਼ ਲਗਾ ਰਿਹਾ ਸੀ। ਮੈਂ ਉਸ ਨੂੰ ਪੁੱਛਿਆ “ਚੰਡੀਗੜ੍ਹ ਲਈ ਬੱਸ ਕਿਹੜੇ ਕਾਊਂਟਰ ਤੋਂ ਮਿਲੇਗੀ।” “ਇਸੇ ’ਚ ਬਹਿ ਜਾ, ਤੈਨੂੰ ਰੋਪੜ ਉਤਾਰ ਦਿਆਂਗੇ, ਉੱਥੋਂ ਚੰਡੀਗੜ੍ਹ ਦੀ ਬੱਸ ਮਿਲ ਜੂ, ਸਿੱਧੀ ਬੱਸ ਦੋ ਘੰਟੇ ਨੂੰ ਆਉਣੀ ਐ” ਕੰਡਕਟਰ ਇਕੋ ਸਾਹ ’ਚ ਬੋਲ ਗਿਆ। ਮੈਂ ਫਟਾਫਟ ਖਚਾ-ਖਚ ਭਰੀ ਬੱਸ ’ਚ ਚੜ੍ਹ ਗਿਆ। ਕੰਡਕਟਰ ਨੇ ਮੈਨੂੰ ਡਰਾਈਵਰ ਦੇ ਖੱਬੇ ਪਾਸੇ ਵਾਲੀ ਸੀਟ ’ਤੇ ਧੱਕੇ ਨਾਲ ਬਿਠਾ ਦਿੱਤਾ, ਜਿੱਥੇ ਪਹਿਲਾਂ ਹੀ ਸਵਾਰੀਆਂ ਬੜੀਆਂ ਔਖੀਆਂ ਬੈਠੀਆਂ ਸੀ। ਬੱਸ ਤੁਰ ਪਈ, ਤੁਰੀ ਕੀ, ਉੱਡ ਪਈ। ਡਰਾਈਵਰ ਹਰ ਗੱਡੀ ਨੂੰ ਓਵਰਟੇਕ ਕਰ ਕੇ ਬਹੁਤ ਤੇਜ਼ ਬੱਸ ਭਜਾ ਰਿਹਾ ਸੀ। ਮੈਨੂੰ ਬੱਸ ਮਿਰਜ਼ੇ ਦੀ ਬੱਕੀ ਜਾਪੀ, ਜੋ ਹਵਾਵਾਂ ਨਾਲ ਗੱਲਾਂ ਕਰ ਰਹੀ ਸੀ। ਉਸ ਦਾ ਇਕ ਹੱਥ ਸਟੇਅਰਿੰਗ ’ਤੇ ਦੂਜਾ ਹਾਰਨ ’ਤੇ ਸੀ ਤੇ ਵਾਰ-ਵਾਰ ਗੁੱਟ ’ਤੇ ਬੰਨ੍ਹੀ ਘੜੀ ਵੇਖ ਰਿਹਾ ਸੀ। ਨੌਜਵਾਨ ਡਰਾਈਵਰ ਦਾ ਚਿਹਰਾ ਤਣਾਅ ਨਾਲ ਮੁਰਝਾਇਆ ਹੋਇਆ ਸੀ। ਬੱਸ ਤੇਜ਼ ਹੋਣ ਕਾਰਨ ਮੈਂ ਥੋੜ੍ਹਾ ਘਬਰਾ ਰਿਹਾ ਸੀ, ਮੈਂ ਇਕ ਨਜ਼ਰ ਸਵਾਰੀਆਂ ਵੱਲ ਵੇਖਿਆ ਪਰ ਕਿਸੇ ਸਵਾਰੀ ਦੇ ਚਿਹਰੇ ’ਤੇ ਕੋਈ ਡਰ ਨਹੀਂ ਸੀ। ਇਕ 15-16 ਸਾਲ ਦਾ ਛਲਾਰੂ ਜਿਹਾ ਮੁੰਡਾ ਬੱਸ ਦੇ ਬੂਹੇ ਵਿਚ ਟੌਹਰ ਨਾਲ ਖੜ੍ਹਾ ਸੀ, ਕੰਡਕਟਰ ਤੇ ਡਰਾਈਵਰ ਨੇ ਉਸ ਨੂੰ ਕਈ ਵਾਰ ਉਪਰ ਹੋਣ ਲਈ ਕਿਹਾ ਪਰ ਉਸ ਦੇ ਕੰਨ ’ਤੇ ਜੂੰ ਨਹੀਂ ਸਰਕੀ। ਉਹ ਅਗਲੇ ਸਟਾਪ ’ਤੇ ਬੱਸ ਰੁਕਣ ਤੋਂ ਪਹਿਲਾਂ ਹੀ ਛਾਲ ਮਾਰ ਗਿਆ।
ਉਸੇ ਸਟਾਪ ਤੋਂ ਇਕ ਬੀਬੀ ਬੱਸ ਵਿਚ ਚੜ੍ਹੀ, ਉਸ ਦੀ ਗੋਦੀ ਵਿਚ ਇੱਕ ਛੋਟਾ ਜੁਆਕ ਤੇ ਹੱਥ ਵਿਚ ਭਾਰੀ ਬੈਗ ਸੀ, ਉਹ ਮਸਾਂ ਹੀ ਬੱਸ ’ਚ ਚੜ੍ਹੀ। ਉਸ ਨੂੰ ਵੇਖ ਕੇ ਮੈਨੂੰ ਡਰ ਲਗਦਾ ਰਿਹਾ ਕਿ ਕਿਤੇ ਜੁਆਕ ਨੂੰ ਡੇਗ ਨਾ ਦੇਵੇ। ਬੱਸ ਭਰੀ ਹੋਣ ਕਾਰਨ ਉਸ ਨੂੰ ਖੜ੍ਹਨਾ ਪਿਆ। ਮੈਂ ਉਸ ਨੂੰ ਆਪਣੀ ਸੀਟ ’ਤੇ ਬੈਠਣ ਦਾ ਇਸ਼ਾਰਾ ਕੀਤਾ। ਜਿਉਂ ਹੀ ਮੈਂ ਆਪਣੀ ਸੀਟ ਤੋਂ ਖੜ੍ਹਾ ਹੋਇਆ, ਐਨੇ ਨੂੰ ਕੋਲ ਖੜ੍ਹੀ ਇਕ ਹੋਰ ਕੁੜੀ ਝੱਟ ਮੇਰੀ ਸੀਟ ’ਤੇ ਬੈਠ ਗਈ। ਮੈਂ ਕੁੱਝ ਨਾ ਕਹਿ ਸਕਿਆ। ਖੈਰ ਅਗਲੇ ਸਟਾਪ ’ਤੇ ਸਵਾਰੀਆਂ ਉਤਰੀਆਂ ਤੇ ਸਭ ਨੂੰ ਸੀਟ ਮਿਲ ਗਈ। ਆਨੰਦਪੁਰ ਸਾਹਿਬ ਦੇ ਬੱਸ ਅੱਡੇ ਤੋਂ ਇਕ ਨਸ਼ੇੜੀ ਜਿਹੇ ਹੁਲੀਏ ਵਾਲਾ ਮੁੰਡਾ ਚੜ੍ਹਿਆ ਤੇ ਸਿੱਧਾ ਡਰਾਈਵਰ ਕੋਲ ਇੰਜਣ ਵਾਲੀ ਸੀਟ ’ਤੇ ਬੈਠ ਗਿਆ। ਉਸ ਨੇ ਇਕ ਪੁੜੀ ਕੱਢ ਕੇ ਮੂੰਹ ’ਚ ਪਾ ਲਈ ਤੇ ਇਕ ਪੁੜੀ ਡਰਾਈਵਰ ਨੂੰ ਦੇ ਦਿੱਤੀ, ਉੱਪਰੋਂ ਦੋਵਾਂ ਨੇ ਪਾਣੀ ਪੀ ਲਿਆ। ਅਗਲੇ ਸਟਾਪ ਤੋਂ ਤਿੰਨ ਪਰਵਾਸੀ ਮਜ਼ਦੂਰ ਲੋਹੇ ਦੇ ਕੁੱਝ ਔਜ਼ਾਰ ਲੈ ਕੇ ਬੱਸ ’ਚ ਚੜ੍ਹੇ। ਔਜ਼ਾਰਾਂ ਨੂੰ ਸੀਟਾਂ ਦੇ ਵਿਚਕਾਰ ਰੱਖਣ ਕਾਰਨ ਇਕ ਸ਼ਹਿਰੀ ਸਰਦਾਰ ਜੀ ਉਨ੍ਹਾਂ ਨੂੰ ਗੁੱਸੇ ਹੋਣ ਲੱਗੇ ਤੇ ਉਹ ਆਪਸ ਵਿਚ ਬਹਿਸ ਪਏ। ਕੁੱਝ ਸਮੇਂ ਬਾਅਦ ਪਰਵਾਸੀ ਆਪਣੇ ਸਟਾਪ ’ਤੇ ਉੱਤਰ ਗਏ ਤੇ ਉਹ ਸਰਦਾਰ ਜੀ ਉੱਚੀ ਉੱਚੀ ਬੋਲਣ ਲੱਗ ਪਏ “ਇਕ ਦਿਨ ਪੰਜਾਬ ’ਚ ਇਨ੍ਹਾਂ ਦੀ ਸਰਕਾਰ ਬਣੇਗੀ, ਪੰਜਾਬ ਪੰਜਾਬੀਆਂ ਦਾ ਹੈ।” ਮੈਂ ਨਜ਼ਰ ਘੁਮਾ ਕੇ ਵੇਖਿਆ ਤਾਂ ਮੈਨੂੰ 50-55 ਸਵਾਰੀਆਂ ਵਿਚੋਂ ਕੇਵਲ ਚਾਰ-ਪੰਜ ਪੱਗਾਂ ਹੀ ਦਿਖਾਈ ਦਿੱਤੀਆਂ। ਅਗਲੇ ਸਟਾਪ ’ਤੇ ਉਹ ਸਰਦਾਰ ਜੀ ਬੱਸ ’ਚੋਂ ਉੱਤਰ ਕੇ ਇਕ ਪਰਵਾਸੀ ਦੇ ਆਟੋ ਵਿਚ ਬੈਠ ਗਏ।
ਇਕ 25-30 ਸਾਲ ਦਾ ਨੌਜਵਾਨ ਸਾਈਡ ਵਾਲੀ ਸੀਟ ’ਤੇ ਬੈਠਾ ਸੀ ਤੇ ਤਾਕੀ ਵਾਲੀ ਸੀਟ ’ਤੇ ਉਸ ਨੇ ਆਪਣਾ ਬੈਗ ਰੱਖਿਆ ਹੋਇਆ ਸੀ। ਬੱਸ ਵਿਚ ਇਕ ਬਜ਼ੁਰਗ ਔਰਤ ਚੜ੍ਹੀ, ਪਰਵਾਸੀ ਚੜਿ੍ਹਆ, ਇਕ ਬਾਬਾ ਚੜਿ੍ਹਆ ਪਰ ਉਸ ਨੇ ਸੀਟ ਤੋਂ ਬੈਗ ਨਹੀਂ ਚੁੱਕਿਆ। ਜਿਉਂ ਹੀ ਇਕ ਕਾਲਜੀਏਟ ਕੁੜੀ ਚੜ੍ਹੀ, ਉਸੇ ਵਕਤ ਉਸ ਨੇ ਸੀਟ ਖਾਲੀ ਕਰ ਦਿੱਤੀ ਤੇ ਕੁੜੀ ਉਸ ਸੀਟ ’ਤੇ ਬੈਠ ਗਈ। ਮੈਂ ਦੇਖਿਆ ਉਸ ਦੀਆਂ ਅੱਖਾਂ ਵਿਚ ਵੱਖਰੀ ਹੀ ਚਮਕ ਸੀ। ਅਗਲੇ ਸਟਾਪ ’ਤੇ ਇਕ ਬਜ਼ੁਰਗ ਮਾਈ ਚੜ੍ਹੀ। ਕੰਡਕਟਰ ਨੇ ਪੁੱਛਿਆ “ਮਾਈ ਕਿੱਥੇ ਜਾਣਾ ਐ”। ਮਾਈ ਕੁੱਝ ਨਾ ਬੋਲੀ। ਕੰਡਕਟਰ ਦੇ ਦੋ-ਤਿੰਨ ਵਾਰ ਪੁੱਛਣ ’ਤੇ ਮਾਈ ਬੋਲੀ “ਮੇਰੇ ਕੋਲ ਆਧਾਰ ਕਾਰਡ ਐ”। ਕੰਡਕਟਰ ਕਹਿੰਦਾ “ਮਾਈ ਤੇਰਾ ਆਧਾਰ ਕਾਰਡ ਇੱਥੇ ਨਹੀਂ ਚੱਲਣਾ”। ਮਾਈ ਕਹਿੰਦੀ ‘‘ਵੇ ਸਰਕਾਰ ਤਾਂ ਕਹਿੰਦੀ ਚੱਲੂ, ਤੂੰ ਕਹਿੰਦਾ ਚੱਲਣਾ ਨਹੀਂ”। ਕੰਡਕਟਰ ਬੋਲਿਆ “ਮਾਈ ਇਹ ਪ੍ਰਾਈਵੇਟ ਬੱਸ ਐ, ਇੱਥੇ ਟਿਕਟ ਲੱਗੂ।” ਮਾਈ ਬੋਲੀ “ਵੇ ਤੂੰ ਐਨੀਆਂ ਟਿਕਟਾਂ ਕੱਟ ਲਈਆਂ, ਇਕ ਟਿਕਟ ਨਹੀਂ ਕੱਟੇਗਾ ਤਾਂ ਪਰਲੋ ਨਹੀਂ ਆ ਚੱਲੀ”। ਬੱਸ ਰੋਪੜ ਵਿਖੇ ਬਿਜਲੀ ਬੋਰਡ ਦੇ ਦਫ਼ਤਰ ਮੂਹਰੇ ਰੁਕ ਗਈ, ਜਿੱਥੋਂ ਮੈਂ ਚੰਡੀਗੜ੍ਹ ਦੀ ਬੱਸ ਫੜਨੀ ਸੀ। ਖੈਰ, ਰੋਪੜ ਤੋਂ ਮੈਨੂੰ ਚੰਡੀਗੜ੍ਹ ਲਈ ਸਿੰਡੀਕੇਟ ਦੀ ਬੱਸ ਮਿਲ ਗਈ। ਮੈਂ ਤਿੰਨ ਵਾਲੀ ਸੀਟ ’ਤੇ ਬੈਠ ਗਿਆ, ਜਿੱਥੇ ਪਹਿਲਾਂ ਹੀ ਤਾਕੀ ਵਾਲੇ ਪਾਸੇ ਇਕ ਪਰਵਾਸੀ ਮਜ਼ਦੂਰ ਬੈਠਾ ਸੀ। ਮੇਰੇ ਨਾਲ ਇਕ ਭੱਦਰ ਪੁਰਸ਼ ਹੋਰ ਬਹਿ ਗਿਆ। ਦੋਵੇਂ ਜਣੇ ਫੋਨ ’ਤੇ ਗੱਲਾਂ ਕਰ ਰਹੇ ਸੀ। ਪਰਵਾਸੀ ਕਿਸੇ ਨੂੰ ਆਪਣੀ ਮਜ਼ਦੂਰੀ ਦੇਣ ਲਈ ਕਹਿ ਰਿਹਾ ਸੀ, ਜਦੋਂ ਕਿ ਭੱਦਰ ਪੁਰਸ਼ ਕੋਈ ਪ੍ਰਾਜੈਕਟ ਮੁਕੰਮਲ ਹੋਣ ’ਤੇ ਆਪਣਾ ਕਮਿਸ਼ਨ ਮੰਗ ਰਿਹਾ ਸੀ। ਅਗਲੇ ਸਟਾਪ ਤੋਂ ਇਕ ਕੁੜੀ ਚੜ੍ਹੀ, ਜਿਸ ਨੇ ਹੱਥ ਵਿਚ ਚੂੜਾ ਪਾਇਆ ਹੋਇਆ ਸੀ। ਬੱਸ ’ਚ ਉਸ ਨੂੰ ਪੁਰਾਣੀ ਸਹੇਲੀ ਮਿਲ ਗਈ ਤੇ ਉਹ ਦੋਵੇਂ ਬਹੁਤ ਖੁਸ਼ ਹੋਈਆਂ, ਖਰੜ ਆ ਕੇ ਉਸ ਕੁੜੀ ਦਾ ਸਫ਼ਰ ਤਾਂ ਮੁੱਕ ਗਿਆ ਪਰ ਗੱਲਾਂ ਨਹੀਂ ਮੁੱਕੀਆਂ। ਬੱਸ ਦਾ ਸਫ਼ਰ ਕਈਆਂ ਨੂੰ ਮਿਲਾਉਂਦਾ ਹੈ ਤੇ ਕਈਆਂ ਨੂੰ ਵਿਛੋੜਦਾ ਹੈ। ਇਹ ਰੋਮਾਂਚਕ ਬੱਸ ਸਫ਼ਰ ਕਦੋਂ ਮੁੱਕ ਗਿਆ ਪਤਾ ਹੀ ਨਾ ਲੱਗਿਆ।
ਸੰਪਰਕ: 98782-24000