For the best experience, open
https://m.punjabitribuneonline.com
on your mobile browser.
Advertisement

ਚੇਤਿਆਂ ਵਿੱਚ ਵਸੀ ਯਾਦ...

08:43 AM Jul 20, 2023 IST
ਚੇਤਿਆਂ ਵਿੱਚ ਵਸੀ ਯਾਦ
Advertisement

ਤ੍ਰੈਲੋਚਨ ਲੋਚੀ

ਕਿਸੇ ਸ਼ਾਇਰ ਜਾਂ ਲੇਖਕ ਤੋਂ ਅਕਸਰ ਹੀ ਇਹ ਪੁੱਛਿਆ ਜਾਂਦਾ ਹੈ ਕਿ ਤੁਸੀਂ ਲਿਖਣਾ ਕਦੋਂ ਸ਼ੁਰੂ ਕੀਤਾ ਤੇ ਤੁਹਾਡੀ ਪਹਿਲੀ ਰਚਨਾ ਕਦੋਂ ਛਪੀ? ਜਿੱਥੋਂ ਤੱਕ ਮੇਰੀ ਪਹਿਲੀ ਰਚਨਾ ਦਾ ਸੁਆਲ ਹੈ, ਇਸ ਪਿੱਛੇ ਇੱਕ ਬਹੁਤ ਖ਼ੂਬਸੂਰਤ ਘਟਨਾ ਹੈ, ਜਿਸ ਨੂੰ ਮੈਂ ਹਮੇਸ਼ਾ ਯਾਦ ਕਰਦਾ ਹਾਂ ਤੇ ਇਹ ਖ਼ੂਬਸੂਰਤ ਯਾਦ ਕਦੇ ਵੀ ਮੇਰੇ ਚੇਤਿਆਂ ਵਿੱਚੋਂ ਮਨਫ਼ੀ ਨਹੀਂ ਹੋ ਸਕਦੀ ਕਿਉਂਕਿ ਮੇਰੀ ਉਸ ਪਹਿਲੀ ਰਚਨਾ ਨਾਲ ਮੇਰੀ ਪਿਆਰੀ ਭੈਣ ਸੁਰਿੰਦਰ (ਜੋ ਨਿੱਕੀ ਉਮਰੇ ਹੀ ਸਾਨੂੰ ਛੱਡ ਕੇ ਦੂਜੀ ਦੁਨੀਆ ਦੀ ਵਾਸੀ ਹੋ ਗਈ) ਦੀ ਯਾਦ ਜੁੜੀ ਹੋਈ ਹੈ।
ਜਦੋਂ ਮੈਂ ਗ਼ਜ਼ਲ ਲਿਖਣ ਲੱਗਿਆ ਤਾਂ ਮੇਰਾ ਵੀ ਦਿਲ ਕਰਦਾ ਕਿ ਮੇਰੀ ਕੋਈ ਰਚਨਾ ਕਿਸੇ ਵਧੀਆ ਪਰਚੇ ਵਿੱਚ ਛਪੇ। ਉਦੋਂ ਮੇਰੇ ਸ਼ਹਿਰ ਮੁਕਤਸਰ ਸਥਿਤ ਬੁੱਕ ਸਟਾਲ ’ਤੇ ਮਹਿਰਮ, ਪੰਜਾਬੀ ਡਾਈਜੈਸਟ, ਜਨ ਸਾਹਿਤ, ਨੀਲਮਣੀ, ਆਰਸੀ ਤੇ ਹੋਰ ਪਰਚੇ ਵੀ ਆਇਆ ਕਰਿਆ ਕਰਦੇ ਸਨ। ਮੈਂ ਉਨ੍ਹਾਂ ਪਰਚਿਆਂ ਨੂੰ ਦੇਖਦਾ, ਉਨ੍ਹਾਂ ਵਿੱਚ ਵੱਖ ਵੱਖ ਲੇਖਕਾਂ ਦੀਆਂ ਤਸਵੀਰਾਂ ਸਮੇਤ ਛਪੀਆਂ ਲਿਖਤਾਂ ਪੜ੍ਹਦਾ। ਮੇਰਾ ਦਿਲ ਕਰਦਾ ਕਿ ਇਨ੍ਹਾਂ ਲੇਖਕਾਂ ਵਾਂਗ ਮੇਰੀ ਵੀ ਕੋਈ ਰਚਨਾ ਕਿਸੇ ਪਰਚੇ ਵਿੱਚ ਛਪੇ ਪਰ ਕਿਸੇ ਵੀ ਪਰਚੇ ਨੂੰ ਆਪਣੀ ਕੋਈ ਰਚਨਾ ਭੇਜਣ ਤੋਂ ਝਿਜਕ ਜਾਂਦਾ ਤੇ ਸੋਚਦਾ, ਜੇ ਅਗਲਿਆਂ ਨੇ ਨਾ ਛਾਪੀ ਤਾਂ...। ਇਹ ਸੋਚਦਿਆਂ-ਸੋਚਦਿਆਂ ਕਾਫ਼ੀ ਲੰਮਾ ਸਮਾਂ ਲੰਘ ਗਿਆ।
ਮੇਰੇ ਮਨ ਦੀ ਇਸ ਹਾਲਤ ਨੂੰ ਭੈਣ ਸੁਰਿੰਦਰ ਸਮਝਦੀ ਸੀ। ਇੱਕ ਦਨਿ ਉਹ ਕਹਿਣ ਲੱਗੀ, ‘‘ਜਿਹੜੇ ਲੇਖਕ ਇਨ੍ਹਾਂ ਪਰਚਿਆਂ ਵਿੱਚ ਛਪਦੇ ਨੇ, ਉਹ ਕਿਹੜਾ ਅਸਮਾਨੋਂ ਉੱਤਰ ਕੇ ਆਏ ਨੇ, ਤੂੰ ਵੀ ਆਪਣੀਆਂ ਗ਼ਜ਼ਲਾਂ ਇਨ੍ਹਾਂ ਨੂੰ ਭੇਜ।’’
ਭੈਣ ਦੇ ਇਨ੍ਹਾਂ ਬੋਲਾਂ ਨੇ ਮੇਰੇ ਅੰਦਰ ਇੱਕ ਵੱਖਰਾ ਹੀ ਜੋਸ਼ ਤੇ ਹੌਸਲਾ ਭਰ ਦਿੱਤਾ। ਇੱਕ ਦਨਿ ਗੂੜ੍ਹੀ ਸ਼ਰਟ ਪਾ ਕੇ ਵਧੀਆ ਫੋਟੋ ਖਿਚਵਾਈ, ਇੱਕ ਗ਼ਜ਼ਲ ਸਫ਼ੈਦ ਕਾਗ਼ਜ਼ ’ਤੇ ਸਾਫ਼ ਸਾਫ਼ ਲਿਖ ਕੇ ਮੈਗਜ਼ੀਨ ‘ਮਹਿਰਮ’ ਨੂੰ ਭੇਜ ਦਿੱਤੀ।
ਦੋ ਕੁ ਹਫ਼ਤਿਆਂ ਬਾਅਦ ਇੱਕ ਦੁਪਹਿਰ ਨੂੰ ਸਾਡੇ ਮੁਹੱਲੇ ਦਾ ਡਾਕੀਆ ਮੁਖਤਾਰ ਇੱਕ ਚਿੱਠੀ ਦੇ ਕੇ ਗਿਆ। ਮੈਂ ਉਸ ਵਕਤ ਘਰ ਨਹੀਂ ਸੀ। ਉਹ ਚਿੱਠੀ ਭੈਣ ਨੇ ਹੀ ਲਈ ਤੇ ਉਸ ਨੇ ਹੀ ਪਹਿਲਾਂ ਪੜ੍ਹੀ। ਜਦੋਂ ਮੈਂ ਘਰ ਆਇਆ ਤਾਂ ਭੈਣ ਨੇ ਉਹ ਚਿੱਠੀ ਮੇਰੇ ਸਾਹਮਣੇ ਖੋਲ੍ਹ ਦਿੱਤੀ ਤੇ ਮੈਨੂੰ ਗਲਵਕੜੀ ਵਿੱਚ ਭਰ ਲਿਆ। ਅਸਲ ’ਚ ਉਹ ਚਿੱਠੀ ਮਹਿਰਮ ਦੇ ਮੁੱਖ ਸੰਪਾਦਕ ਸ. ਐੱਸ ਬੀਰ ਹੁਰਾਂ ਦੀ ਸੀ। ਸਿਰਫ਼ ਤਿੰਨ ਸਤਰਾਂ ਸਨ, ਪਰ ਮੇਰੇ ਲਈ ਉਹ ਤਿੰਨ ਸਤਰਾਂ ਹੀ ਦੁਨੀਆ ਦੀਆਂ ਸਭ ਤੋਂ ਖ਼ੂਬਸੂਰਤ ਸਤਰਾਂ ਸਨ। ਲਿਖਿਆ ਸੀ, ‘‘ਲੋਚੀ ਜੀ, ਤੁਹਾਡੀ ਗ਼ਜ਼ਲ ਬਹੁਤ ਹੀ ਪਿਆਰੀ ਹੈ। ਇਸ ਨੂੰ ਅਸੀਂ ਅਗਲੇ ਅੰਕ ਵਿੱਚ ਛਾਪਣ ਦੀ ਖ਼ੁਸ਼ੀ ਲੈ ਰਹੇ ਹਾਂ। ਇਹ ਰਚਨਾ ਕਿਤੇ ਹੋਰ ਨਾ ਭੇਜਣਾ।’’
* * *
14 ਜਨਵਰੀ ਦਾ ਦਨਿ ਮੈਂ ਕਦੇ ਭੁੱਲ ਨਹੀਂ ਸਕਦਾ, ਨਾ ਹੀ ਮੇਰੇ ਯਾਰ-ਮਿੱਤਰ ਭੁੱਲਦੇ ਹਨ ਕਿਉਂਕਿ ਉਸ ਦਨਿ ਮੇਰਾ ਜਨਮ ਦਨਿ ਹੁੰਦਾ ਹੈ। 14 ਜਨਵਰੀ ਦਾ ਹੀ ਦਨਿ ਸੀ, ਮੁਖਤਾਰ ਡਾਕੀਆ ਡਾਕ ਲੈ ਕੇ ਆਇਆ ਤੇ ਇੱਕ ਲਿਫ਼ਾਫ਼ਾ ਦੇ ਗਿਆ। ਸਬੱਬ ਨਾਲ ਮੈਂ ਉਸ ਦਨਿ ਵੀ ਘਰ ਨਹੀਂ ਸਾਂ। ਇਹ ਲਿਫ਼ਾਫ਼ਾ ਵੀ ਭੈਣ ਨੇ ਹੀ ਲਿਆ। ਹੁਣ ਮੈਂ ਇਹ ਮਹਿਸੂਸ ਕਰ ਸਕਦਾ ਹਾਂ ਕਿ ਕਿਵੇਂ ਭੈਣ ਨੇ ਇਹ ਲਿਫ਼ਾਫ਼ਾ ਲਿਆ ਹੋਵੇਗਾ, ਚਾਅ ਨਾਲ ‘ਮਹਿਰਮ’ ਦੇ ਪੰਨੇ ਫਰੋਲੇ ਹੋਣਗੇ ਤੇ ਮੇਰੀ ਗ਼ਜ਼ਲ ਨਾਲ ਛਪੀ ਫੋਟੋ ਦੇਖ ਕੇ ਕਿੰਨੀ ਖ਼ੁਸ਼ ਹੋਈ ਹੋਵੇਗੀ।
ਸ਼ਾਮ ਨੂੰ ਜਦੋਂ ਮੈਂ ਘਰ ਆਇਆ ਤਾਂ ਭੈਣ ਦਾ ਚਾਅ ਦੇਖਣ ਵਾਲਾ ਸੀ ਤੇ ਬੜੇ ਹੀ ਜੋਸ਼ ਵਿੱਚ ਬੋਲੀ, ‘‘ਵੀਰੇ, ਅੱਜ ਤੇਰਾ ਜਨਮ ਦਨਿ ਹੈ ਤੇ ਮੈਂ ਅੱਜ ਤੈਨੂੰ ਐਸਾ ਤੋਹਫ਼ਾ ਦੇਵਾਂਗੀ ਕਿ ਤੂੰ ਸਾਰੀ ਉਮਰ ਇਸ ਤੋਹਫ਼ੇ ਨੂੰ ਭੁੱਲ ਨਹੀਂ ਸਕੇਂਗਾ।’’ ਮੈਂ ਹੈਰਾਨ ਹੋਇਆ ਬਿਟਰ-ਬਿਟਰ ਉਸਦੇ ਵੱਲ ਦੇਖ ਰਿਹਾ ਸਾਂ। ਮੇਰੀ ਹੈਰਾਨੀ ਨੂੰ ਭਾਂਪਦਿਆਂ ਭੈਣ ਨੇ ਆਪਣੇ ਪਿੱਛੇ ਕੀਤੇ ਹੱਥ ਅੱਗੇ ਕੀਤੇ ਤੇ ‘ਮਹਿਰਮ’ ਦਾ ਉਹ ਪੰਨਾ ਮੇਰੇ ਸਾਹਮਣੇ ਖੋਲ੍ਹ ਦਿੱਤਾ ਜਿਸ ਉੱਤੇ ਮੇਰੀ ਗ਼ਜ਼ਲ ਫੋਟੋ ਸਮੇਤ ਛਪੀ ਹੋਈ ਸੀ। ਉਹ ਦਨਿ ਵਾਕਈ ਮੇਰੀ ਜ਼ਿੰਦਗੀ ਦਾ ਇੱਕ ਖ਼ੂਬਸੂਰਤ ਦਨਿ ਤੇ ਮੇਰੇ ਜਨਮ ਦਨਿ ’ਤੇ ਭੈਣ ਵੱਲੋਂ ਦਿੱਤਾ ਇਹ ਤੋਹਫ਼ਾ ਦੁਨੀਆਂ ਦੇ ਵੱਡੇ ਤੋਂ ਵੱਡੇ ਤੋਹਫ਼ਿਆਂ ਤੋਂ ਕਿਤੇ ਵੱਡਾ ਸੀ।
ਅੱਜ ਭਾਵੇਂ ਭੈਣ ਸੁਰਿੰਦਰ ਸਾਡੇ ਵਿੱਚ ਨਹੀਂ ਹੈ, ਪਰ ਉਸ ਦੀਆਂ ਖ਼ੂਬਸੂਰਤ ਯਾਦਾਂ ਸਾਡੇ ਅੰਗ-ਸੰਗ ਹਨ।
ਅੱਜ ਧਰਤੀ ’ਤੇ ਨਾ ਤਾਂ ਭੈਣ ਸੁਰਿੰਦਰ ਹੈ ਤੇ ਨਾ ਹੀ ਬੀ.ਐੱਸ. ਬੀਰ ਸਾਹਬਿ, ਪਰ ਖ਼ੂਬਸੂਰਤ ਤੇ ਪਿਆਰੇ ਲੋਕ ਤੁਹਾਡੇ ਚੇਤਿਆਂ ਵਿੱਚੋਂ ਕਦੇ ਵੀ ਮਨਫ਼ੀ ਨਹੀਂ ਹੁੰਦੇ ਤੇ ਨਾ ਹੀ ਹੋ ਸਕਦੇ ਹਨ!
ਅੱਜ ਵੀ ਜਦੋਂ ਮੈਂ ਭੈਣ ਸੁਰਿੰਦਰ ਨੂੰ ਯਾਦ ਕਰਦਾ ਹਾਂ ਮੇਰੇ ਅੰਦਰੋਂ ਇੱਕ ਹਾਉਕਾ ਉਠਦਾ ਹੈ... ਮੈਂ ਅੰਬਰ ਵੱਲ ਨੀਝ ਲਾ ਕੇ ਵੇਖਦਿਆਂ ਸੋਚਦਾ ਹਾਂ:
ਮੁੱਠੀ ਵਿੱਚੋਂ ਰੇਤੇ ਵਾਂਗੂੰ ਕਿਰ ਜਾਂਦੇ।
ਪਤਾ ਨੀਂ ਕਿੱਥੇ ਲੋਕ ਪਿਆਰੇ ਫਿਰ ਜਾਂਦੇ।
ਸੰਪਰਕ: 98142-53315

Advertisement

Advertisement
Tags :
Author Image

joginder kumar

View all posts

Advertisement
Advertisement
×