ਯਾਦਗਾਰੀ ਹੋ ਨਿੱਬੜਿਆ ਸੀਜੀਸੀ ਲਾਂਡਰਾਂ ਦਾ ਯੁਵਕ ਮੇਲਾ
ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 9 ਅਕਤੂਬਰ
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿੱਚ ਕਰਵਾਇਆ ਗਿਆ ਦੋ ਰੋਜ਼ਾ ਯੁਵਕ ਮੇਲਾ ‘ਪਰਿਵਰਤਨ-2024’ ਅੱਜ ਆਪਣੀਆਂ ਮਿੱਠੀਆਂ ਯਾਦਾਂ ਬਿਖੇਰਦਾ ਹੋਇਆ ਯਾਦਗਾਰੀ ਹੋ ਨਿੱਬੜਿਆ। ‘ਕਲਚਰਲ ਕਨੈਕਟਿੰਗ ਕਮਿਊਨਿਟੀਜ਼’ ਥੀਮ ’ਤੇ ਦੂਜੇ ਦਿਨ ਦੀ ਸ਼ੁਰੂਆਤ ਬੈਲੀ ਡਾਂਸ, ਸਾਲਸਾ, ਸਟਰੀਟ ਸਟਾਈਲ ਅਤੇ ਸ਼ਹਿਰੀ ਫਿਊਜ਼ਨ ਵਰਗੇ ਨਾਚਾਂ ਨਾਲ ਹੋਈ। ਪੰਜਾਬ ਸਣੇ ਗੁਜਰਾਤ, ਰਾਜਸਥਾਨ, ਬੰਗਾਲ ਅਤੇ ਹੋਰ ਵੱਖ-ਵੱਖ ਸੂਬਿਆਂ ਦੀਆਂ ਅਮੀਰ ਪ੍ਰੰਪਰਾਵਾਂ ਦੀ ਝਲਕ ਦੇਖਣ ਨੂੰ ਮਿਲੀ। ਇਨ੍ਹਾਂ ਪੇਸ਼ਕਾਰੀਆਂ ਰਾਹੀਂ ਨੌਜਵਾਨਾਂ ਅਤੇ ਮੁਟਿਆਰਾਂ ਨੇ ਖੂਬ ਰੰਗ ਬੰਨ੍ਹਿਆ। ਸੰਗੀਤ ਮੁਕਾਬਲੇ ‘ਸੁਰ ਐਂਡ ਸਟ੍ਰਿੰਗਜ਼’ ਕਰਵਾਏ ਗਏ ਜਿਸ ’ਚ 10 ਟੀਮਾਂ ਨੇ ਹਿੱਸਾ ਲਿਆ।
ਅਖੀਰਲੇ ਦਿਨ ਗਾਇਕ ਮਿਲੰਦ ਗਾਬਾ ਨੇ ਲਾਈਵ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਅਖ਼ੀਰ ਵਿੱਚ ਇਨਾਮ ਵੰਡ ਸਮਾਰੋਹ ਨਾਲ ਪ੍ਰੋਗਰਾਮ ਸਮਾਪਤ ਹੋਇਆ। ਨੌਜਵਾਨਾਂ ਦਾ ਭੰਗੜਾ ਅਤੇ ਮੁਟਿਆਰਾਂ ਦਾ ਗਿੱਧਾ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਿਹਾ। ਇਨ੍ਹਾਂ ਦੋਵੇਂ ਪੇਸ਼ਕਾਰੀਆਂ ਦੌਰਾਨ ਪੰਡਾਲ ਵਿੱਚ ਬੈਠੇ ਦਰਸ਼ਕ ਅਤੇ ਵਿਦਿਆਰਥੀ ਵੀ ਨੱਚਣੋਂ ਨਹੀਂ ਰਹਿ ਸਕੇ। ਉਨ੍ਹਾਂ ਨੇ ਵੀ ਆਪਣੀਆਂ ਸੀਟਾਂ ਤੋਂ ਉੱਠ ਕੇ ਪੰਡਾਲ ਵਿੱਚ ਹੀ ਅਨੋਖਾ ਨਜ਼ਾਰਾ ਬੰਨ੍ਹ ਦਿੱਤਾ। ਸ਼ਲਾਘਾਯੋਗ ਸੇਵਾਵਾਂ ਲਈ ਫੈਕਲਟੀ ਮੈਂਬਰਾਂ, ਸਟਾਫ਼ ਅਤੇ ਹੋਣਹਾਰ ਵਿਦਿਆਰਥੀਆਂ ਅਤੇ ਰਚਨਾਤਮਿਕਤਾ ਨੂੰ ਮਾਨਤਾ ਦਿੰਦੇ ਹੋਏ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ 10 ਲੱਖ ਰੁਪਏ ਦੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕੈਂਪਸ ਡਾਇਰੈਕਟਰ ਡਾ. ਪੀਐਨ ਰੀਸ਼ੀਕੇਸ਼ਾ, ਡੀਨ ਵਿਦਿਆਰਥੀ ਭਲਾਈ ਗਗਨਦੀਪ ਕੌਰ ਭੁੱਲਰ, ਓਐਸਡੀ ਸੰਜੀਵ ਸ਼ਰਮਾ ਤੇ ਵਿਸ਼ਾਲ ਸਮੇਤ ਵੱਖ-ਵੱਖ ਵਿਭਾਗਾਂ ਦੇ ਡਾਇਰੈਕਟਰ ਅਤੇ ਡੀਨ ਹਾਜ਼ਰ ਸਨ।