ਹਰਭਜਨ ਹਲਵਾਰਵੀ ਦੀਆਂ ਯਾਦਾਂ
ਮਨਮੋਹਨ ਸਿੰਘ ਦਾਊਂ
ਅੱਜ ਵੀਹਵੀਂ ਬਰਸੀ ’ਤੇ
ਹਰਭਜਨ ਹਲਵਾਰਵੀ ਨੂੰ ਯਾਦ ਕਰਦਿਆਂ ਉਸ ਦਾ ਜਨਮ ਪਿੰਡ ਹਲਵਾਰਾ (ਜ਼ਿਲ੍ਹਾ ਲੁਧਿਆਣਾ) ਚੇਤੇ ’ਚ ਉੱਘੜ ਆਉਂਦਾ ਹੈ। ਉਸ ਦਾ ਜਨਮ ਮਾਤਾ ਮਹਿੰਦਰ ਕੌਰ ਤੇ ਪਿਤਾ ਅਰਜਨ ਸਿੰਘ ਦੇ ਗ੍ਰਹਿ ਵਿਖੇ 10 ਮਾਰਚ 1943 ਨੂੰ ਹੋਇਆ। ਤੀਖਣ ਬੁੱਧੀ ਦੇ ਮਾਲਕ ਨੇ ਐਮ.ਏ. ਮੈਥ ਤੇ ਪੰਜਾਬੀ ਕੀਤੀ। ਲੋਕ ਲਹਿਰਾਂ ’ਚ ਸਰਗਰਮ ਹੋਇਆ, ਕਈ ਰੂਪ ਵਟਾਏ ਤੇ ਆਖ਼ਰ ਪੰਜਾਬੀ ਪੱਤਰਕਾਰੀ ਨੂੰ ਪਰਣਾਇਆ ਗਿਆ। ਵਧੀਆ ਸ਼ਾਇਰ ਤੇ ਸੰਪਾਦਕ ਬਣ ਕੇ ਪੰਜਾਬੀ ਮਾਂ-ਬੋਲੀ ਲਈ ਨਾਮਣਾ ਖੱਟਿਆ।
ਮੇਰੀ ਜਾਣ-ਪਛਾਣ ਹਰਭਜਨ ਹਲਵਾਰਵੀ ਨਾਲ ਉਸ ਦੇ ਅਖ਼ਬਾਰ ਦਾ ਸੰਪਾਦਕ ਬਣਨ ਨਾਲ ਹੋਈ। ਉਸ ਦੀ ਜਦੋਂ ਕੋਈ ਕਵਿਤਾ ਕਿਤੇ ਛਪਦੀ ਤਾਂ ਮੈਂ ਉਸ ਨੂੰ ਪੱਤਰ ਲਿਖਦਾ, ਉਹ ਖ਼ੁਸ਼ ਹੁੰਦਾ। ਅਖ਼ਬਾਰ ਦੇ ਦਫ਼ਤਰ ’ਚ ਮੈਂ ਜਦੋਂ ਵੀ ਮਿਲਿਆ, ਉਸ ਨੇ ਮੇਰਾ ਨਿੱਘਾ ਸੁਆਗਤ ਕੀਤਾ। ਉਮਰ ਵਿੱਚ ਉਹ ਮੇਰੇ ਨਾਲੋਂ ਦੋ ਸਾਲ ਛੋਟਾ ਸੀ, ਪਰ ਮਿਲਣੀ ਵੇਲੇ ਉਹ ਮੇਰਾ ਕੱਦ ਹੋਰ ਉੱਚਾ ਕਰ ਦਿੰਦਾ। ਦਫ਼ਤਰੀ ਕੰਮ ’ਚੋਂ ਕੁਝ ਸੁਖਾਵੇਂ ਪਲ ਵਿਹਲੇ ਕਰ ਕੇ ਕਵਿਤਾ, ਜੀਵਨ ਤੇ ਸਾਹਿਤ ਬਾਰੇ ਗੱਲਾਂ ਕਰਦਾ। ਉਸ ਦੀ ਮਹਿਮਾਨ-ਨਿਵਾਜ਼ੀ ਮੇਰਾ ਦਿਲ ਮੋਹ ਲੈਂਦੀ। ਮੁੜ ਮਿਲਣ ਨੂੰ ਜੀਅ ਕਰਦਾ। ਦੋਸਤੀ ਗੂੜ੍ਹੀ ਹੁੰਦੀ ਰਹੀ। ਮੇਰੇ ਨਾਲ ਗੱਲਾਂ ਕਰਨਾ ਉਸ ਨੂੰ ਚੰਗਾ ਲੱਗਦਾ। ਅਸਲ ਵਿੱਚ ਜਿਹੜਾ ਵਿਅਕਤੀ ਪੁਸਤਕਾਂ ਪੜ੍ਹਦਾ, ਗਿਆਨ ਹਾਸਲ ਕਰਦਾ, ਸੰਘਰਸ਼ ਕਰਦਾ, ਸਮਾਜ ਨੂੰ ਕੁਝ ਚੰਗਾ ਦੇਣ ਲਈ ਯਤਨਸ਼ੀਲ ਹੁੰਦਾ, ਉਸ ਨੂੰ ਉਹ ਚੰਗਾ ਲੱਗਦਾ ਸੀ। ਮਨੁੱਖ ਨੂੰ ਕੁਝ ਨਾ ਕੁਝ ਚੰਗਾ ਕਰਦੇ ਰਹਿਣਾ ਚਾਹੀਦਾ ਹੈ, ਇਹ ਦ੍ਰਿਸ਼ਟੀ ਹਲਵਾਰਵੀ ਦੀ ਸਫ਼ਲਤਾ ਦੀ ਕੁੰਜੀ ਸੀ। ਉਹ ਮੇਰੇ ਘਰ ਆਇਆ ਤਾਂ ਮੇਰੀ ਲਾਇਬ੍ਰੇਰੀ ਵੇਖ ਕੇ ਪ੍ਰਸੰਸਾ ਕੀਤੀ। ਸਾਹਿਤਕ ਸਮਾਗਮਾਂ ’ਤੇ ਤਾਂ ਮਿਲਣਾ-ਗਿਲਣਾ ਹੁੰਦਾ ਹੀ ਸੀ। ਦਫ਼ਤਰੀ ਰਿਹਾਇਸ਼ ’ਤੇ ਵੀ ਮੈਨੂੰ ਉਸ ਨੇ ਸੱਦਿਆ। ਘਰੋਗੀ ਗੱਲਾਂ ਸਾਂਝੀਆਂ ਕੀਤੀਆਂ।
ਕਈ ਵਾਰ ਮਾਪਿਆਂ ਬਾਰੇ ਗੱਲਾਂ ਛਿੜਦੀਆਂ। ਮੇਰੇ ਪਿਤਾ ਜੀ ਬਾਰੇ ਉਸ ਦਾ ਪ੍ਰਭਾਵ ਕਰਮਯੋਗੀ ਮਨੁੱਖ ਵਾਲਾ ਸੀ। ਜਿਹੜੇ ਵਿਅਕਤੀ ਜੀਵਨ ’ਚ ਜੂਝਦੇ ਹਨ, ਉਹ ਸਾਡੇ ਵੱਡੇ-ਪੁਰਖੇ ਹੁੰਦੇ ਹਨ।
ਹਲਵਾਰਵੀ ਦਾ ਆਪਣੇ ਪਿਤਾ ਲਈ ਡੂੰਘਾ ਸਤਿਕਾਰ ਸੀ। ਗੁਰਸਿੱਖ-ਪਿਤਾ ਦਾ ਉਸ ਦੇ ਬਚਪਨ ਉੱਤੇ ਗੂੜ੍ਹਾ ਪ੍ਰਭਾਵ ਸੀ। ਇਸ ਕਰਕੇ ਹਲਵਾਰਵੀ ਨੂੰ ਬਚਪਨ ’ਚ ਕਈ ਬਾਣੀਆਂ ਜ਼ੁਬਾਨੀ ਕੰਠ ਸਨ। ਇਕੇਰਾਂ ਮੈਂ ਪੁੱਛਿਆ: ‘‘ਏਨੀ ਉਮਰ ਹੋ ਗਈ। ਐਨਕ ਦੀ ਲੋੜ ਨਹੀਂ ਪੈਂਦੀ?’’ ‘‘ਨਹੀਂ, ਬਿਲਕੁਲ ਨਹੀਂ। ਬਹੁਤ ਪੜ੍ਹੀਦਾ, ਲਿਖੀਦਾ। ਪਰ ਅਜੇ ਅੱਖਰ ਦੀਵਿਆਂ ਵਾਂਗ ਦਿਸਦੇ ਨੇ। ਮੇਰੇ ਪਿਤਾ ਜੀ ਵੀ ਬਿਨਾ ਐਨਕ ਤੋਂ ਪੜ੍ਹਦੇ ਲਿਖਦੇ ਸਨ। ਸ਼ਾਇਦ ਇਹ ਨਜ਼ਰ ਦੀ ਗਨੀਮਤ ਮੈਨੂੰ ਵਿਰਸੇ ਵਿੱਚੋਂ ਮਿਲੀ ਹੈ।’’ ਉਹ ਠਹਾਕਾ ਮਾਰ ਕੇ ਹੱਸਿਆ। ਮੈਨੂੰ ਉਸ ਦੀ ਹਾਸੀ ਵਿੱਚ ਪਿਤਾ ਪ੍ਰਤੀ ਮੋਹ ਦੇ ਫੁੱਲ ਕਿਰਦੇ ਜਾਪੇ। ‘ਪੰਜਾਬੀ ਟ੍ਰਿਬਿਊਨ’ ’ਚੋਂ ਫਾਰਗ ਹੋ ਕੇ ਕੁਝ ਸਾਲ ਉਸ ਨੇ ਜਲੰਧਰ ‘ਅੱਜ ਦੀ ਆਵਾਜ਼’ ਅਤੇ ਚੰਡੀਗੜ੍ਹ ‘ਦੇਸ਼ ਸੇਵਕ’ ’ਚ ਸੰਪਾਦਕ ਵਜੋਂ ਸਮਾਂ ਲੰਘਾਇਆ ਅਤੇ ਮੁੜ ਪੰਜਾਬੀ ਟ੍ਰਿਬਿਊਨ ਚੰਡੀਗੜ੍ਹ ਦੀ ਵਾਗਡੋਰ ਸਾਂਭੀ। ਉਹ ਸ਼ਾਇਰਾਂ ਤੇ ਮਿੱਤਰਾਂ ਨਾਲ ਮਿਲਦਾ। ਦੁਖ-ਸੁਖ ਸਾਂਝਾ ਕਰਦਾ। ਪੰਜਾਬੀ ਪੱਤਰਕਾਰੀ ਬਾਰੇ ਉੱਚੇ ਦਾਈਏ ਸੰਕਲਪਦਾ। ਇਕ ਕਾਫ਼ਲੇ ਵਾਂਗ ਤੁਰਦਾ ਤੇ ਤੋਰਦਾ। ਕਵਿਤਾ ਉਸ ਦੇ ਜ਼ਿਹਨ ’ਚੋਂ ਉਤਰਦੀ ਅਤੇ ਬੜੇ ਸਹਿਜਮਈ ਰੰਗ ਦਾ ਚਿੰਤਨ ਚਿਤਵਦੀ। ਮੈਨੂੰ ਉਸ ਦੇ ਸਾਰੇ ਕਾਵਿ-ਸੰਗ੍ਰਹਿ ਪੜ੍ਹਨ ਦਾ ਅਵਸਰ ਮਿਲਦਾ ਰਿਹਾ। ‘ਪੌਣ ਉਦਾਸ ਹੈ’, ‘ਪਿਘਲੇ ਹੋਏ ਪਲ’, ‘ਪੰਖ ਵਿਹੂਣਾ’ ਅਤੇ ‘ਪੁਲਾਂ ਤੋਂ ਪਾਰ’ ਜਿਸ ਨੂੰ ਸਾਹਿਤ ਅਕਾਦਮੀ ਦਾ 2000 ਦਾ ਰਾਸ਼ਟਰੀ ਪੁਰਸਕਾਰ ਮਿਲਿਆ। ਇਸ ਦੌਰਾਨ ਉਸ ਦੇ ਦੋ ਸਫ਼ਰਨਾਮੇ ‘ਚੀਨ ਵਿੱਚ ਕੁਝ ਦਿਨ’ ਅਤੇ ‘ਯਾਦਾਂ ਮਿੱਤਰ ਦੇਸ ਦੀਆਂ’ ਵੀ ਚਰਚਿਤ ਹੋਏ। ਪੰਜਾਬੀ ਸਾਹਿਤ ਵਿੱਚ ਸਫ਼ਰਨਾਮਿਆਂ ਨੂੰ ਚੰਗਾ ਹੁੰਗਾਰਾ ਮਿਲਿਆ ਤੇ ਪ੍ਰੇਰਨਾ ਵੀ। ਦਾਸਤੋਵਸਕੀ ਦੇ ਨਾਵਲ Most Unfortunate ਦਾ ਪੰਜਾਬੀ ’ਚ ਅਨੁਵਾਦ ‘ਚਿੜੀਆਂ ਦੀ ਮੌਤ’ ਵੀ ਕੀਤਾ। ਮੈਨੂੰ ਪਤਾ ਲੱਗਿਆ ਕਿ ਹਲਵਾਰਵੀ ਪੀ.ਜੀ.ਆਈ. ਚੰਡੀਗੜ੍ਹ ’ਚ ਜੇਰੇ ਇਲਾਜ ਹੈ, ਹਾਲਤ ਗੰਭੀਰ ਹੈ। ਸੁਣਦੇ ਸਾਰ ਮਨ ਉਦਾਸੀ ’ਚ ਡੁੱਬ ਗਿਆ। ਅਸੀਂ ਉਸ ਨੂੰ ਮਿਲਣ ਗਏ। ਉਸ ਦੀ ਜੀਵਨ-ਸਾਥਣ ਪ੍ਰਿਤਪਾਲ ਕੌਰ ਬਹੁਤ ਗ਼ਮਗੀਨ ਸੀ। ਬਿਮਾਰੀ ਕਾਬੂ ਤੋਂ ਬਾਹਰ ਹੋ ਰਹੀ ਸੀ। ਉਸ ਦੀ ਹਾਲਤ ਦੇਖੀ ਨਹੀਂ ਸੀ ਜਾਂਦੀ। ਹਲਵਾਰਵੀ ਦਾ ਭਰਾ ਨਵਤੇਜ ਸਿੰਘ ਪੂਰੀ ਓਹੜ-ਪੋਹੜ ਕਰ ਰਿਹਾ ਸੀ। ਹੌਸਲਾ ਰੱਖਣ ਲਈ ਅਰਜੋਈ ਤੋਂ ਬਿਨਾ ਕੋਈ ਚਾਰਾ ਨਹੀਂ ਸੀ। ਮੈਂ ਹਲਵਾਰਵੀ ਕੋਲ ਬੈਠ ਕੇ ਕੁਝ ਪਲ ਗੱਲਾਂ ਕੀਤੀਆਂ। ਉਸ ਦੇ ਚਿਹਰੇ ’ਤੇ ਇੱਕ ਗੰਭੀਰ ਮੁਸਕਾਨ ਖਿੰਡੀ। ਮੇਰੇ ਨਾਲ ਹੱਥ ਮਿਲਾਇਆ। ਜਿਸ ਮਨੁੱਖ ਨੇ ਹੋਰਾਂ ਨੂੰ ਸੰਘਰਸ਼ ਲਈ ਦਲੇਰ ਰਹਿਣ ਦੀ ਚੇਤਨਾ ਜਗਾਈ ਸੀ ਅਤੇ ਕਦੇ ਹਾਰ ਨਹੀਂ ਸੀ ਮੰਨੀ, ਉਸ ਨੂੰ ਮੈਂ ਹੌਸਲਾ ਰੱਖਣ ਲਈ ਆਖਣ ਤੋਂ ਝਿਜਕ ਰਿਹਾ ਸੀ।
‘‘ਮੈਂ ਤਾਂ ਕਦੇ ਬਿਮਾਰ ਹੀ ਨਹੀਂ ਹੋਇਆ, ਬੁਖਾਰ ਤੱਕ ਨਹੀਂ ਕਦੇ ਚੜ੍ਹਿਆ।’’ ਉਹ ਸਭ ਕੁਝ ਸਮਝਦਾ ਹੋਇਆ ਵੀ ਆਪਣੀ ਪੀੜ ਨੂੰ ਦਬਾਈ, ਮੁਸਕਾਉਣਾ ਚਾਹੁੰਦਾ ਸੀ। ਉਸ ਦੇ ਚਿਹਰੇ ’ਤੇ ਡੁੱਬਦੇ ਸੂਰਜ ਦੀ ਲਾਲੀ ਸੀ, ਨੈਣਾਂ ’ਚ ਸੁਪਨੇ ਸਨ, ਬੁੱਲ੍ਹਾਂ ’ਤੇ ਆਉਣ ਵਾਲੇ ਖ਼ਤਰਿਆਂ ਦੇ ਸੰਸੇ ਸਨ। ਸਭ ਕੁਝ ਠੀਕ ਹੋ ਜਾਵੇਗਾ- ਮੇਰੇ ਬੋਲ ਆਸ ਨੂੰ ਥੰਮ੍ਹਣ ਲਈ ਦੁਆ ਕਰ ਰਹੇ ਸਨ। ਉਸ ਨੇ ਪਿੱਠ ਮੋੜ ਲਈ। ਮੈਨੂੰ ਅਲਵਿਦਾ ਲੈਣੀ ਪਈ। ਮੇਰਾ ਗਚ ਭਰ ਆਇਆ। ਮੈਂ ਉਸ ਦੇ ਸਾਹਮਣੇ ਹੰਝੂ ਡੱਕਣ ਦੀ ਪੂਰੀ ਕੋਸ਼ਿਸ਼ ਕੀਤੀ। ਉਸ ਨੇ ਮੇਰਾ ਹੱਥ ਘੁੱਟ ਕੇ ਸ਼ੁਕਰੀਆ ਕਰਨ ਦਾ ਇਜ਼ਹਾਰ ਕੀਤਾ।
ਆਖ਼ਰ ਕੁਝ ਦਿਨਾਂ ਪਿੱਛੋਂ ਉਦਾਸ ਖ਼ਬਰ ਨੇ ਸਾਰਾ ਕੁਝ ਸੋਗ ਵਿੱਚ ਤਬਦੀਲ ਕਰ ਦਿੱਤਾ। ‘ਪੁਲਾਂ ਤੋਂ ਪਾਰ’ ਕੋਈ ਸਫ਼ਰ ਮੁਕਾ ਚੁੱਕਾ ਸੀ। ਵਧੀਆ ਗੱਲਾਂ ਕਰਨ ਵਾਲਾ ਚਿੰਤਕ, ਸੰਸਾਰ ਸੰਸਿਆਂ ਦਾ ਸੋਚਵਾਨ, ਸੂਰਜੀ ਸੋਚ ਦਾ ਮਾਲਕ, ਫੁੱਲਾਂ ਦੀ ਮਹਿਕ ਵਰਗੀ ਦੋਸਤੀ ਦਾ ਸ਼ਗੂਫ਼ਾ, ਸਿਰੜੀ ਮਨੁੱਖ, ਸ਼ਾਇਰੀ ਦਾ ਤਾਜ਼ਾ ਬੁੱਲਾ, ਧਰਤੀ ਦੀ ਖ਼ੁਸ਼ਹਾਲੀ ਦਾ ਲੋਚਵਾਨ, ਮਨੁੱਖ ਦੀ ਹੋਣੀ ਦਾ ਸੁਪਨਸਾਜ਼ ਸਦਾ ਲਈ ਵਿਛੜ ਗਿਆ। ਉਸ ਦੇ ਸ਼ਿਅਰ ਯਾਦ ਆਉਂਦੇ ਹਨ:
ਉਸ ਦਿਨ ਵੀ ਸੂਰਜ ਚਮਕਿਆ ਪਰ ਨੇਰ੍ਹ ਪਾ ਗਿਆ,
ਖ਼ੁਸ਼ੀਆਂ ਨੂੰ ਹੂੰਝਾ ਫੇਰ ਕੇ ਸੱਥਰ ਵਿਛਾ ਗਿਆ।
ਵਿਹੜੇ ’ਚ ਚਾਨਣ ਵੰਡਦੀ ਇੱਕ ਜੋਤ ਬੁਝ ਗਈ।
ਮਹਿਕਾਂ ’ਚ ਭਿੱਜੀ ਪੌਣ ਦਾ ਬੁੱਲਾ ਚਲਾ ਗਿਆ।
ਸੰਪਰਕ: 98151-23900