ਇੱਕ ਅਧਿਆਪਕ ਦੀਆਂ ਯਾਦਾਂ
ਡਾ. ਹਰਜਿੰਦਰ ਸਿੰਘ ਸੂਰੇਵਾਲੀਆ
ਸਾਲਾਨਾ ਇਮਤਿਹਾਨਾਂ ਤੋਂ ਬਿਨਾਂ ਬਾਕੀ ਦੇ ਪੇਪਰ ਉਸੇ ਜਮਾਤ ਵਿੱਚ ਬੈਠ ਕੇ ਵੇਖਣ ਨੂੰ ਤਰਜੀਹ ਦਿੰਦਾ ਹਾਂ ਜਿਸ ਜਮਾਤ ਦਾ ਉਹ ਪੇਪਰ ਹੋਵੇ। ਉਸ ਦਿਨ ਵੀ ਜਮਾਤ ਵਿੱਚ ਪਹਿਲੇ ਪੇਪਰ ’ਚ ਪਹਿਲੇ ਹੀ ਸਵਾਲ ਦਾ ਜਵਾਬ ਪੜ੍ਹ ਕੇ ਮੇਰਾ ਪਾਰਾ ਚੜ੍ਹਨ ਲੱਗਿਆ।
ਸਕੂਲ ਵਿੱਚ ਅੰਗਰੇਜ਼ੀ ਦਾ ਲੈਕਚਰਰ ਹੋਣ ਨਾਤੇ ਪਿਛਲੇ ਦਸ ਕੁ ਸਾਲ ਤੋਂ ਅੰਗਰੇਜ਼ੀ ਦਾ ਵਿਸ਼ਾ ਪੜ੍ਹਾ ਰਿਹਾ ਸਾਂ। ਸਕੂਲ ਦੀ ਇੱਕ ਵਿਗਿਆਨ ਦੀ ਅਧਿਆਪਕਾ ਦੇ ਲੰਮੀ ਛੁੱਟੀ ’ਤੇ ਜਾਣ ਕਾਰਨ ਮਹੀਨਾ ਕੁ ਪਹਿਲਾਂ ਹੀ ਮੈਨੂੰ ਇਸ ਜਮਾਤ ਨੂੰ ਵਿਗਿਆਨ ਦਾ ਵਿਸ਼ਾ ਪੜ੍ਹਾਉਣ ਦੀ ਜ਼ਿੰਮੇਵਾਰੀ ਵੀ ਸੌਂਪ ਦਿੱਤੀ ਗਈ ਸੀ। ਲੈਕਚਰਰ ਵਜੋਂ ਪਦਉੱਨਤੀ ਹੋਣ ਤੋਂ ਪਹਿਲਾਂ ਮੈਂ ਵਿਗਿਆਨ ਹੀ ਪੜ੍ਹਾ ਰਿਹਾ ਸਾਂ। ਇਨ੍ਹਾਂ ਵਿਦਿਆਰਥੀਆਂ ਨੂੰ ਮੈਂ ਅਜੇ ਦੋ ਕੁ ਪਾਠ ਹੀ ਪੜ੍ਹਾਏ ਸਨ ਤੇ ਪੇਪਰ ਵੀ ਉਸੇ ਵਿੱਚੋਂ ਹੀ ਸੀ। ਮੈਨੂੰ ਪੂਰਾ ਯਕੀਨ ਸੀ ਕਿ ਵਿਦਿਆਰਥੀ ਪੁੱਛੇ ਗਏ ਸਵਾਲਾਂ ਦੇ ਠੀਕ ਉੱਤਰ ਲਿਖ ਦੇਣਗੇ ਕਿਉਂਕਿ ਮੈਂ ਆਪਣੇ ਵੱਲੋਂ ਇਨ੍ਹਾਂ ਸਵਾਲਾਂ ਨੂੰ ਬੜੇ ਵਧੀਆ ਤਰੀਕੇ ਨਾਲ ਰੋਜ਼ਾਨਾ ਜੀਵਨ ਵਿੱਚੋਂ ਉਦਾਹਰਨਾਂ ਦੇ ਕੇ ਸਮਝਾਇਆ ਹੋਇਆ ਸੀ।
ਪਰ ਇਹ ਕੀ? ‘ਪ੍ਰਾਇਮਰੀ ਅਤੇ ਸੈਕੰਡਰੀ ਰੰਗ ਕਿਹੜੇ ਹੁੰਦੇ ਹਨ?’ ਸਵਾਲ ਦੇ ਜਵਾਬ ਵਿੱਚ ਇਹ ਵਿਦਿਆਰਥੀ ਲਿਖ ਰਿਹਾ ਸੀ ਕਿ ਪ੍ਰਾਇਮਰੀ ਰੰਗ ਉਹ ਹੁੰਦੇ ਹਨ ਜੋ ਪ੍ਰਾਇਮਰੀ ਸਕੂਲ ’ਤੇ ਕੀਤੇ ਜਾਂਦੇ ਹਨ ਤੇ ਸੈਕੰਡਰੀ ਰੰਗ ਉਹ ਹੁੰਦੇ ਹਨ ਜੋ ਸੈਕੰਡਰੀ ਸਕੂਲ ’ਤੇ ਕੀਤੇ ਜਾਂਦੇ ਹਨ। ਅਗਲੇ ਸਵਾਲ ਦੇ ਜਵਾਬ ਵਿੱਚ ਵੀ ਉਸ ਨੇ ਊਟ ਪਟਾਂਗ ਹੀ ਲਿਖਿਆ ਹੋਇਆ ਸੀ ਤੇ ਦੋ ਤਿੰਨ ਸਫ਼ੇ ਇਸੇ ਤਰ੍ਹਾਂ ਹੀ ਭਰੇ ਹੋਏ ਸਨ। ਉਸ ਨੂੰ ਪੰਜਾਬੀ ਵੀ ਠੀਕ ਤਰ੍ਹਾਂ ਲਿਖਣੀ ਨਹੀਂ ਆਉਂਦੀ ਸੀ। ਕਮਜ਼ੋਰ ਵਿਦਿਆਰਥੀ ਜਾਣਬੁੱਝ ਕੇ ਬੇਤੁਕੀਆਂ ਗੱਲਾਂ ਲਿਖ ਕੇ ਆਪਣਾ ਪੇਪਰ ਭਰ ਦਿੰਦੇ ਹਨ। ਕਈ ਅਧਿਆਪਕ ਵੀ ਅਜਿਹੇ ਹੁੰਦੇ ਹਨ ਜੋ ਬਿਨਾਂ ਪੜ੍ਹੇ ਹੀ ਨੰਬਰ ਲਾ ਦਿੰਦੇ ਹਨ। ਅਜਿਹੀ ਪੇਪਰ ਮਾਰਕਿੰਗ ਨੂੰ ਅਸੀਂ ਗਿੱਠਾਂ ਮਿਣ ਕੇ ਨੰਬਰ ਲਾਉਣਾ ਕਹਿੰਦੇ ਹਾਂ। ਸਾਡੇ ਸਕੂਲ ਦੇ ਇੱਕ ਵਿਦਿਆਰਥੀ ਨੇ ਆਪਣੇ ਸਰੀਰਕ ਸਿੱਖਿਆ ਦੇ ਪੇਪਰ ਵਿੱਚ ਪੰਜਾਬੀ ਗਾਣੇ ਹੀ ਲਿਖ ਦਿੱਤੇ ਸਨ ਤੇ ਪੇਪਰ ਵੇਖਣ ਵਾਲੇ ਅਧਿਆਪਕ ਨੇ ਬਿਨਾਂ ਪੜ੍ਹੇ ਨੰਬਰ ਲਾ ਕੇ ਉਸ ਨੂੰ ਪਾਸ ਵੀ ਕਰ ਦਿੱਤਾ ਸੀ। ਅੱਜ ਵਾਲਾ ਪੇਪਰ ਵੀ ਅਜਿਹੇ ਕਿਸੇ ਸ਼ਰਾਰਤੀ ਤੇ ਕਮਜ਼ੋਰ ਵਿਦਿਆਰਥੀ ਦਾ ਜਾਪਦਾ ਸੀ। ਜਿਉਂ ਜਿਉਂ ਮੈਂ ਅੱਗੇ ਪੜ੍ਹਦਾ ਜਾ ਰਿਹਾ ਸੀ ਤਾਂ ਮੇਰਾ ਗੁੱਸਾ ਹੋਰ ਵੀ ਵਧਦਾ ਜਾ ਰਿਹਾ ਸੀ। ਮੇਰਾ ਗੁੱਸਾ ਸੱਤਵੇਂ ਆਸਮਾਨ ’ਤੇ ਜਾ ਚੁੱਕਾ ਸੀ ਤੇ ਮੈਂ ਕੜਕ ਕੇ ਕਿਹਾ, ‘‘ਕੌਣ ਹੈ ਇਹ ਬੇਵਕੂਫ਼ ਰੋਲ ਨੰਬਰ ਇੱਕੀ?’’
ਕੁੜੀਆਂ ਵਾਲੇ ਪਾਸੇ ਤੋਂ ਵਿਚਕਾਰੋਂ ਚੌਦਾਂ ਪੰਦਰਾਂ ਸਾਲ ਦੀ ਇੱਕ ਬਹੁਤ ਹੀ ਦੁਬਲੀ ਪਤਲੀ ਵਿਦਿਆਰਥਣ ਨੀਵੀਂ ਪਾ ਕੇ ਖੜ੍ਹੀ ਹੋ ਗਈ। ‘‘ਇਹ ਕੀ ਲਿਖਿਆ ਹੈ?’’ ਪੇਪਰ ਉਸ ਨੂੰ ਵਿਖਾਉਂਦਿਆਂ ਮੈਂ ਕੁਰਸੀ ’ਤੇ ਬੈਠੇ ਨੇ ਹੀ ਪੁੱਛਿਆ। ਪਰ ਉਹ ਕੁਝ ਨਾ ਬੋਲੀ ਤੇ ਨਾ ਹੀ ਉਸ ਨੇ ਨੀਵੀਂ ਚੁੱਕੀ। ਜਮਾਤ ਦੇ ਦੂਜੇ ਵਿਦਿਆਰਥੀ ਵਿਦਿਆਰਥਣਾਂ ਵੀ ਉਸ ਦੇ ਮੂੰਹ ਵੱਲ ਵੇਖਣ ਲੱਗੇ। ‘‘ਮੈਂ ਆਹ ਕੁਝ ਦੱਸਦਾ ਹੁੰਦਾ ਸੀ ਕਲਾਸ ’ਚ?’’ ਮੈਂ ਫਿਰ ਪੁੱਛਿਆ। ਕੁੜੀ ਫਿਰ ਵੀ ਕੁਝ ਨਾ ਬੋਲੀ ਤੇ ਨਾ ਹੀ ਉਸ ਨੇ ਮੇਰੇ ਵੱਲ ਵੇਖਿਆ। ਉਹ ਤਾਂ ਬੱਸ ਡੁੰਨ ਵੱਟਾ ਬਣੀ ਖੜ੍ਹੀ ਸੀ ਤੇ ਕੰਬ ਰਹੀ ਸੀ। ‘‘ਤੈਨੂੰ ਮੇਰੀ ਬੋਲੀ ਦੀ ਸਮਝ ਨਹੀਂ ਆਉਂਦੀ ਸੀ? ਕਿ ਮੈਂ ਫ਼ਾਰਸੀ ਬੋਲਦਾ ਹੁੰਦਾ ਸੀ ਕਲਾਸ ’ਚ?’’ ਇਸ ਵਾਰ ਮੈਂ ਹੋਰ ਵੀ ਤਲਖ਼ ਹੁੰਦਿਆਂ ਪੁੱਛਿਆ। ਸਾਰੀ ਜਮਾਤ ਸਹਿਮੀ ਬੈਠੀ ਸੀ। ਉਨ੍ਹਾਂ ਨੇ ਕਦੇ ਵੀ ਮੈਨੂੰ ਇਸ ਤਰ੍ਹਾਂ ਗੁੱਸੇ ਵਿੱਚ ਉੱਚੀ ਬੋਲਦਿਆਂ ਨਹੀਂ ਸੁਣਿਆ ਸੀ। ਇਸ ਤੋਂ ਪਹਿਲਾਂ ਮੈਂ ਕਦੇ ਕਿਸੇ ਵਿਦਿਆਰਥੀ ਨੂੰ ਝਿੜਕਿਆ ਵੀ ਨਹੀਂ ਸੀ। ਪਰ ਉਹ ਕੁੜੀ ਤਾਂ ਅਜੇ ਵੀ ਉਸੇ ਤਰ੍ਹਾਂ ਨੀਵੀਂ ਪਾਈ ਚੁੱਪ ਖੜ੍ਹੀ ਸੀ।
‘‘ਤੂੰ ਬੋਲਦੀ ਕਿਉਂ ਨਹੀਂ ? ਸਿੱਧੀ ਝਾਕ ਮੇਰੇ ਵੱਲ।’’ ਮੈਂ ਕਿਹਾ ਤਾਂ ਕੁੜੀ ਥੋੜ੍ਹੀ ਜਿਹੀ ਧੌਣ ਟੇਢੀ ਕਰਕੇ ਮੇਰੇ ਵੱਲ ਝਾਕਣ ਲੱਗ ਪਈ। ਉਸ ਦੀ ਖੱਬੀ ਅੱਖ ਪੂਰੀ ਦੀ ਪੂਰੀ ਹੀ ਘਸਮੈਲੀ ਜਿਹੀ ਸਫ਼ੈਦ ਸੀ ਤੇ ਸਪਸ਼ਟ ਸੀ ਕਿ ਇਸ ਅੱਖੋਂ ਉਸ ਨੂੰ ਕੁਝ ਵੀ ਨਹੀਂ ਦਿਸਦਾ ਹੋਣਾ। ਹੁਣ ਮੈਨੂੰ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਣਾ ਔਖਾ ਲੱਗ ਰਿਹਾ ਸੀ। ਪਹਿਲਾਂ ਤਾਂ ਕਦੇ ਇਹ ਕੁੜੀ ਮੇਰੇ ਧਿਆਨ ਵਿੱਚ ਆਈ ਹੀ ਨਹੀਂ ਸੀ। ਸਕੂਲੀ ਵਰਦੀ ਵਿੱਚ ਉਹ ਸਾਰੀਆਂ ਇੱਕੋ ਜਿਹੀਆਂ ਹੀ ਜਾਪਦੀਆਂ ਸਨ। ਕੁਝ ਪਲ ਉਹ ਟਿਕਟਿਕੀ ਲਾ ਕੇ ਮੇਰੇ ਮੂੰਹ ਵੱਲ ਵੇਖਦੀ ਰਹੀ ਤੇ ਫਿਰ ਬੜੇ ਹੀ ਸਾਫ਼ ਤੇ ਸਪਸ਼ਟ ਕਰੁਣਾਮਈ ਸ਼ਬਦਾਂ ਵਿੱਚ ਬੋਲੀ, ‘‘ਮੇਰਾ ਤਾਂ ਜੀ ਦਮਾਗ ਈ ਹੈਨੀ। ਮੈਂ ਤਾਂ ਜੀ ਬੱਜੋਰੱਤੀ ਆਂ। ਮੇਰੀ ਮਾਂ ਵੀ ਬੱਜੋਰੱਤੀ ਐ। ਮੇਰਾ ਬਾਪੂ ਵੀ ਮਰਿਐ। ਅਸੀਂ ਤਾਂ ਜੀ ਏਥੇ ਮੇਰੇ ਨਾਨੇ ਕੋਲ ਰਹਿੰਦੀਆਂ। ਅਸੀਂ ਤਾਂ ਜੀ ਬਾਹਲੇ ਈ ਗ਼ਰੀਬ ਆਂ...।’’
ਮੇਰਾ ਗੁੱਸਾ ਤਾਂ ਉਸ ਦੇ ਮਾਸੂਮ ਚਿਹਰੇ ਅਤੇ ਜੋਤਹੀਣ ਅੱਖ ਨੂੰ ਵੇਖ ਕੇ ਪਹਿਲਾਂ ਹੀ ਉੱਡ ਪੁੱਡ ਗਿਆ ਸੀ ਤੇ ਉਸ ਦੇ ਇਹ ਦਰਦ ਭਰੇ ਬੋਲ ਸੁਣਦੇ ਸਾਰ ਮੇਰੀਆਂ ਅੱਖਾਂ ਭਰ ਆਈਆਂ। ਮੈਨੂੰ ਜਾਪਿਆ ਕਿ ਮੇਰਾ ਹੁਣੇ ਹੀ ਕਲਾਸ ਵਿੱਚ ਰੋਣ ਨਿਕਲ ਜਾਵੇਗਾ। ਉਸ ਨੂੰ ਬੈਠਣ ਦਾ ਇਸ਼ਾਰਾ ਕਰਕੇ, ਮੈਂ ਕਾਹਲੀ ਨਾਲ ਜੇਬ੍ਹ ਵਿੱਚੋਂ ਰੁਮਾਲ ਕੱਢ ਕੇ ਅੱਖਾਂ ਵਿੱਚ ਸਿੰਮ ਆਇਆ ਪਾਣੀ ਬੋਚਦਾ ਹੋਇਆ ਤੇਜ਼ੀ ਨਾਲ ਕਲਾਸ ਰੂਮ ਵਿੱਚੋਂ ਬਾਹਰ ਨਿਕਲ ਗਿਆ। ਸਾਰੀ ਜਮਾਤ ਹੈਰਾਨ ਹੋ ਰਹੀ ਸੀ। ਜਾਂਦੇ ਜਾਂਦੇ ਮੈਂ ਜੇਬ੍ਹ ਵਿੱਚੋਂ ਮੋਬਾਈਲ ਕੱਢ ਕੇ ਆਪਣੇ ਕੰਨ ਨਾਲ ਲਾ ਲਿਆ ਤਾਂ ਕਿ ਇਸ ਤਰ੍ਹਾਂ ਲੱਗੇ ਜਿਵੇਂ ਮੈਂ ਤਾਂ ਫੋਨ ਸੁਣਨ ਲਈ ਹੀ ਜਾ ਰਿਹਾ ਹਾਂ। ਬਾਹਰ ਗਰਾਊਂਡ ਤੱਕ ਜਾਂਦੇ ਜਾਂਦੇ ਮੇਰਾ ਰੋਣ ਨਿਕਲ ਚੁੱਕਾ ਸੀ।
ਸੰਪਰਕ: 95010-50016