ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯਾਦਾਂ ਤੇ ਸਵੈ-ਜੀਵਨੀ ਦਾ ਗਲਪੀਕਰਨ

07:53 AM Oct 20, 2023 IST

ਪਰਮਜੀਤ ਢੀਂਗਰਾ

Advertisement

ਇੱਕ ਪੁਸਤਕ - ਇੱਕ ਨਜ਼ਰ

ਹਰ ਵਿਅਕਤੀ ਦੀ ਜ਼ਿੰਦਗੀ ਕਈ ਪੱਖਾਂ ਤੋਂ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਜ਼ਿੰਦਗੀ ਦੇ ਸਫ਼ਰ ਵਿੱਚ ਹਰ ਮਨੁੱਖ ਨੂੰ ਅਨੇਕਾਂ ਤਜ਼ਰਬੇ ਹੁੰਦੇ, ਕਈ ਘਟਨਾਵਾਂ ਵਾਪਰਦੀਆਂ, ਹਰ ਪੜਾਅ ’ਤੇ ਟਾਕਰੇ ਹੁੰਦੇ ਹਨ ਜਨਿ੍ਹਾਂ ਤੋਂ ਮਨੁੱਖ ਬਹੁਤ ਕੁਝ ਸਿੱਖਦਾ ਹੈ। ਹਸਾਸ ਵਿਅਕਤੀ ਯਾਦਾਂ ਨੂੰ ਸਾਂਭ ਲੈਂਦੇ ਹਨ ਤੇ ਉਸ ਦੀ ਜ਼ਿੰਦਗੀ ਦੇ ਇਹ ਤਜਰਬੇ ਦੂਜਿਆਂ ਲਈ ਸਿੱਖਣ/ਸਿਖਾਉਣ ਦਾ ਸਬੱਬ ਬਣਦੇ ਹਨ। ‘ਮਹਿਫੂਜ਼ ਪਲ’ (ਕੀਮਤ: 500 ਰੁਪਏ, ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ) ਐੱਸ.ਬਲਵੰਤ ਦੀ ਜ਼ਿੰਦਗੀ ਦੇ ਸਫ਼ਰ ਦੀ ਕਹਾਣੀ ਹੈ। ਪੰਜਾਬੀ ਜਗਤ ਲਈ ਉਹ ਜਾਣਿਆ ਪਛਾਣਿਆ ਨਾਂ ਹੈ।
ਇਸ ਕਿਤਾਬ ਦੀ ਸਿਰਜਣਾ ਬਾਰੇ ਉਹ ਘੋਸ਼ਣਾ ਇੱਕ ਵਿੱਚ ਲਿਖਦਾ ਹੈ- ‘‘ਮਹਿਫੂਜ਼ ਪਲ ਦਾ ਜਨਮ: ਇਸ ਕਿਤਾਬ ਦਾ ਜਨਮ ਕਦੇ ਵੀ ਨਾ ਹੁੰਦਾ ਜੇਕਰ ਕੁਝ ਦੋਸਤ ਮੈਨੂੰ ਉਤਸ਼ਾਹਿਤ ਨਾ ਕਰਦੇ। ਕਈ ਵੇਰੀ ਮੇਰੇ ਬਹੁਤ ਸਾਰੇ ਦੋਸਤਾਂ ਨਾਲ ਮੇਰੀ ਆਪਣੇ ਜ਼ਿੰਦਗੀ ਦੇ ਪਿਛੋਕੜ ’ਚੋਂ ਕਈ ਪਹਿਲੂਆਂ ਬਾਰੇ ਗੱਲਾਂ ਹੁੰਦੀਆਂ। ਬਹੁਤ ਸਾਰੇ ਦੋਸਤਾਂ ਦਾ ਉਨ੍ਹਾਂ ਨੂੰ ਸੁਣਦਿਆਂ ਉਤਸ਼ਾਹਿਤ ਹੋ ਜਾਣਾ। ਉਨ੍ਹਾਂ ਵੇਲਿਆਂ ਦੀਆਂ ਕਈ ਹੋਰ ਗੱਲਾਂ ਦੱਸਣ ਲਈ ਜ਼ਿੱਦ ਕਰਨੀ। ਜਾਂ ਉਨ੍ਹਾਂ ਦੋਸਤਾਂ ਦਾ ਇਹ ਸੋਚਣਾ ਕਿ ਇੱਕ ਪਿੰਡ ’ਚੋਂ ਤੁਰੇ ਇੱਕ ਗ਼ਰੀਬ ਜਾਂ ਮਾਮੂਲੀ ਕਿਸਾਨ ਦੇ ਸਮਾਜਿਕ ਤੇ ਆਰਥਿਕ ਬੁਲੰਦੀਆਂ ਤੀਕ ਪਹੁੰਚਣ ਦੇ ਪਿੱਛੇ ਕੀ ਕਹਾਣੀ ਹੈ? ਜਾਂ ਇਹ ਸਭ ਕੁਝ ਲਿਖਣ ਦੀ ਮੇਰੇ ਖ਼ੁਦ ਵਿੱਚ ਇਹ ਇੱਛਾ ਪੈਦਾ ਨਾ ਹੁੰਦੀ। ਇਸ ਕਿਤਾਬ ਨੂੰ ਪੂਰੇ ਕਰਨ ਵਿੱਚ ਇਹੋ ਜਿਹੇ ਕਈ ਹੋਰ ਕਾਰਨ ਵੀ ਹੋ ਸਕਦੇ ਹਨ।’’
ਇਸ ਤਰ੍ਹਾਂ ਜ਼ਿੰਦਗੀ ਦੇ ਖੱਟੇ-ਮਿੱਠੇ-ਕੌੜੇ-ਤੁਰਸ਼ ਤਜਰਬਿਆਂ ਨੂੰ ਸਫਲਤਾ ਦੀਆਂ ਪੌੜੀਆਂ ’ਤੇ ਖਲੋ ਕੇ ਅਤੀਤ ਵੱਲ ਦੇਖਣਾ ਦਿਲਚਸਪ ਤਾਂ ਹੈ ਹੀ, ਮਾਅਨੇਖੇਜ਼ ਵੀ ਹੈ। ਇਸ ਕਿਤਾਬ ਨੂੰ ਲੇਖਕ ਨੇ ਮਹਿਫੂਜ਼ ਪਲ ਦਾ ਜਨਮ ਤੋਂ ਲੈ ਕੇ ਪ੍ਰਸਤਾਵਨਾ, ਪੁਰਖਿਆਂ ਦੀ ਕਰਮਭੂਮੀ, ਦਿੱਲੀ ਤੋਂ ਅੱਗੇ, ਮੇਰਾ ਪੰਜਾਬ ਰਹਿ ਜਾਣਾ, ਚੰਡੀਗੜ੍ਹ, ਬੰਬਈ, ਦਿੱਲੀ ਤੇ ਅਜੰਤਾ ਪ੍ਰਕਾਸ਼ਨ, ਦਾਨਿਸ਼ਵਰ ਤੇ ਸਿਰਜਣਹਾਰਿਆਂ ਸੰਗ ਤੇ ਦਿੱਲੀ 1984 ਆਦਿ ਛੇ ਭਾਗਾਂ ਵਿੱਚ
ਵੰਡਿਆ ਹੈ।
ਆਪਣੇ ਪੁਰਖਿਆਂ ਦੀ ਕਰਮਭੂਮੀ ਬਾਰੇ ਗੱਲ ਕਰਦਿਆਂ ਉਹ ਲਿਖਦਾ ਹੈ- ਇਹ ਗੱਲ ਲਾਇਲਪੁਰ ਜ਼ਿਲ੍ਹੇ ’ਚ ਪੈਂਦੇ ਕੁਝ ਪਿੰਡਾਂ ’ਚੋਂ ਇੱਕ ਪਿੰਡ ਦੀ ਹੈ। ਓਦੋਂ ਇਸ ਨੂੰ ਇਹੀ ਜ਼ਿਲ੍ਹਾ ਕਹਿੰਦੇ ਸਨ। ਫੈਸਲਾਬਾਦ ਤਾਂ ਇਹ ਬਹੁਤ ਬਾਅਦ ਵਿੱਚ ਹੋਇਆ। ਮੇਰੀ ਇਸ ਗੱਲ ਦਾ ਸੰਨ ਕੋਈ 1935-36 ਹੋਵੇਗਾ। ਓਦੋਂ ਇਸ ਸਮੇਂ ਸਵੇਰ ਦੇ ਵੇਲੇ ਹੀ ਠੰਢ ਉਤਰ ਆਉਂਦੀ ਸੀ। ਧੁੱਪ ਦਾ ਸੇਕ ਕੁਝ ਨਿੱਘ ਦੇਣ ਲੱਗ ਪੈਂਦਾ ਸੀ। ਉਸ ਦਿਨ ਵੀ ਸੂਰਜ ਦੀ ਗਰਮਾਇਸ਼ ਵਧਣੀ ਸ਼ੁਰੂ ਹੋਈ ਤਾਂ ਅਮਰ ਸਿੰਘ ਦੇ ਭਾਈਚਾਰੇ ਦੇ ਮਰਦ ਰਜਾਈਆਂ ’ਚੋਂ ਨਿਕਲ ਓਸੇ ਦੇ ਘਰ ਇਕੱਠੇ ਹੋਣੇ ਸ਼ੁਰੂ ਹੋ ਗਏ। ਆਪੋ-ਆਪਣੇ ਹਥਿਆਰਾਂ ਨਾਲ ਲੈਸ। ਆਪੋ-ਆਪਣੇ ਘੋੜਿਆਂ ’ਤੇ ਸਵਾਰ।’’
ਕਿਤਾਬਾਂ ਹਰ ਸਮਾਜ ਵਿੱਚ ਚਾਨਣ ਦਿੰਦੀਆਂ ਉਹ ਮੋਮਬੱਤੀਆਂ ਹੁੰਦੀਆਂ ਹਨ ਜਿਹੜੀਆਂ ਕਦੇ ਨਹੀਂ ਬੁਝਦੀਆਂ। ਇਸ ਕਿਸੇ ਸਮਾਜ ਦੇ ਬੌਧਿਕ ਰੁਤਬੇ ਦਾ ਮਿਆਰ ਮੰਨੀਆਂ ਜਾਂਦੀਆਂ ਹਨ। ਭਾਵੇਂ ਸਮੇਂ ਦੇ ਬਦਲਣ ਨਾਲ ਹੋਰ ਵਿਕਲਪ ਵੀ ਸਾਹਮਣੇ ਆਏ ਹਨ ਪਰ ਕਿਤਾਬ ਦਾ ਕੋਈ ਵਿਕਲਪ ਸਾਹਮਣੇ ਨਹੀਂ ਆਇਆ। ਅੰਬਰਤੋ ਈਕੋ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਕਿਤਾਬ ਪਹੀਏ ਵਾਂਗ ਇੱਕ ਕਾਢ ਹੈ ਜਿਵੇਂ ਅੱਜ ਤੱਕ ਪਹੀਏ ਦਾ ਕੋਈ ਬਦਲ ਨਹੀਂ ਇਉਂ ਹੀ ਕਿਤਾਬ ਦਾ ਕੋਈ ਬਦਲ ਨਹੀਂ ਹੋ ਸਕਦਾ। ਕਿਤਾਬਾਂ ਦੇ ਪ੍ਰਚਲਣ ਬਾਰੇ ਆਪਣਾ ਤਜਰਬਾ ਸਾਂਝਾ ਕਰਦਿਆਂ ਐੱਸ. ਬਲਵੰਤ ਲਿਖਦਾ ਹੈ- ‘‘ਪਰ ਸਮਝਣ ਵਾਲੀ ਗੱਲ ਇਹ ਹੈ ਕਿ ਤਬਦੀਲੀ ਕੀ ਆ ਰਹੀ ਹੈ? ਜਦੋਂ ਅਸੀਂ ਵਿਸ਼ਵ ਪੱਧਰ ’ਤੇ ਸੋਚਦੇ ਹਾਂ ਤਾਂ ਆਮ ਤੌਰ ਉੱਤੇ ਕਿਹਾ ਜਾਂਦਾ ਹੈ ਕਿ ਇਲੈਕਟ੍ਰਾਨਿਕ ਮੀਡੀਆ ਵਿਦੇਸ਼ਾਂ ਵਿੱਚ ਜ਼ਿਆਦਾ ਹੈ ਫਿਰ ਵੀ ਓਥੇ ਕਿਤਾਬ ਦਾ ਪ੍ਰਿੰਟ-ਰਨ ਲੱਖਾਂ ਦੀ ਗਿਣਤੀ ਵਿੱਚ ਹੈ ਤੇ ਹਰ ਤੀਸਰਾ ਬੰਦਾ ਓਥੇ ਕਿਤਾਬ ਨੂੰ ਮੋਹ ਕਰਦੈ। ਤੁਸੀਂ ਟ੍ਰੇਨ ਵਿੱਚ ਬੈਠੇ ਹੋਵੋ ਜਾਂ ਬੱਸ ’ਚ ਜਾਂ ਫਿਰ ਜਹਾਜ਼ ਵਿੱਚ ਤੁਹਾਨੂੰ ਆਮ ਲੋਕੀਂ ਪੜ੍ਹਦੇ ਨਜ਼ਰ ਆਉਣਗੇ। ਪਰ ਮੇਰਾ ਤਜਰਬਾ ਇਹ ਹੈ ਕਿ ਉਹ ਲੋਕ ਜ਼ਿਆਦਾ ਕਰਕੇ ਟਾਇਮ ਪਾਸ ਵਾਲੀਆਂ ਕਿਤਾਬਾਂ ਪੜ੍ਹਦੇ ਹਨ ਜਿਵੇਂ ਪਹਿਲਾਂ ਭਾਰਤੀ ਔਰਤਾਂ ਟਾਈਮ ਪਾਸ ਕਰਨ ਲਈ ਪਲਪ ਲਿਟਰੇਚਰ ਪੜ੍ਹ ਕੇ ਗੁਜ਼ਾਰਾ ਕਰ ਲੈਂਦੀਆਂ ਸਨ।’’
ਅਸਲ ਵਿੱਚ ਗੰਭੀਰ ਸਾਹਿਤ ਦੇ ਪਾਠਕ ਹਰ ਸਮਾਜ ਵਿੱਚ ਸੀਮਿਤ ਹੁੰਦੇ ਹਨ ਜਦੋਂਕਿ ਪਾਪੂਲਰ ਸਾਹਿਤ ਲੱਖਾਂ ਵਿੱਚ ਵਿਕਦਾ ਹੈ। ਸੁਰਿੰਦਰ ਮੋਹਨ ਪਾਠਕ ਵਰਗਾ ਲੇਖਕ ਹਰ ਦੋ ਤਿੰਨ ਮਹੀਨਿਆਂ ਬਾਅਦ ਕਿਤਾਬ ਪ੍ਰਕਾਸ਼ਕ ਨੂੰ ਦਿੰਦਾ ਹੈ ਤੇ ਉਹਦੇ ਦੱਸਣ ਅਨੁਸਾਰ ਉਹ ਆਪਣਾ ਖਰੜਾ ਕਦੇ ਉਸ ਪ੍ਰਕਾਸ਼ਕ ਨੂੰ ਨਹੀਂ ਦਿੰਦਾ ਜਿਹੜਾ ਉਹਦੀ ਕਿਤਾਬ ਪਹਿਲੀ ਵਾਰੀ ਹੀ ਤਿੰਨ ਲੱਖ ਕਾਪੀਆਂ ਤੋਂ ਘੱਟ ਪ੍ਰਕਾਸ਼ਿਤ ਕਰੇ।
ਕਈ ਤਰ੍ਹਾਂ ਦੇ ਪਾਪੜ ਵੇਲਣ ਤੋਂ ਬਾਅਦ ਲੇਖਕ ਪ੍ਰਕਾਸ਼ਨਾ ਦੇ ਖੇਤਰ ਵਿੱਚ ਆਉਂਦਾ ਹੈ। ਇਹ ਖੇਤਰ ਕਾਫ਼ੀ ਉਲਝਿਆ ਹੋਇਆ ਹੈ। ਇਸ ਵਿੱਚ ਕਾਮਯਾਬ ਹੋਣ ਲਈ ਬੜਾ ਸੰਘਰਸ਼ ਵੀ ਕਰਨਾ ਪੈਂਦਾ ਹੈ। ਆਪਣੇ ਪ੍ਰਕਾਸ਼ਨਘਰ ਬਾਰੇ ਲੇਖਕ ਦਾ ਤਜਰਬਾ ਬੜਾ ਦਿਲਚਸਪ ਹੈ। ਇਸ ਬਾਰੇ ਉਹ ਲਿਖਦਾ ਹੈ- ‘‘ਅਜੰਤਾ ਪਬਲੀਕੇਸ਼ਨਜ਼ ਦੀ ਸ਼ੁਰੂਆਤ ਵੀ ਇੱਕ ਕ੍ਰਿਸ਼ਮਾ ਸੀ। ਪ੍ਰਕਾਸ਼ਨਘਰ ਸ਼ੁਰੂ ਕਰਨ ਦਾ ਸੋਚ ਤਾਂ ਲਿਆ ਪਰ ਜੇਬ ਵਿੱਚ ਸਿਰਫ਼ ਛੇ ਸੌ ਰੁਪਏ ਹੀ ਸਨ। ਪ੍ਰਕਾਸ਼ਨ ਸ਼ੁਰੂ ਕਰਨ ਲਈ ਬਹੁਤ ਵੱਡੇ ਸਰਮਾਏ ਦੀ ਲੋੜ ਹੁੰਦੀ ਹੈ ਕਿਉਂਕਿ ਇਸ ਵਿੱਚ ਬਹੁਤ ਸਾਰਾ ਪੈਸਾ ਪਹਿਲਾਂ ਖਰਚ ਕਰਨਾ ਪੈਂਦਾ ਹੈ। ਦਫ਼ਤਰ, ਖਰੜਿਆਂ ਦੀ ਤਲਾਸ਼, ਐਡੀਟਿੰਗ, ਪ੍ਰੋਡਕਸ਼ਨ, ਮਾਰਕੀਟਿੰਗ... ਸਭ ਪੈਸਾ ਮੰਗਦੇ ਹਨ। ਮਗਰੋਂ ਬਜ਼ਾਰ ਵਿੱਚ ਕਿਤਾਬਾਂ ਨੂੰ ਉਧਾਰ ਵਜੋਂ ਸੁੱਟਣਾ ਪੈਂਦਾ ਸੀ। ਤੇ ਬੁੱਕ ਸੈਲਰਾਂ ਤੋਂ ਉਗਰਾਹੀ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ ਹੁੰਦਾ।’’
1984 ਵਿੱਚ ਹੋਏ ਸਿੱਖਾਂ ਦੇ ਕਤਲੇਆਮ ਨੂੰ ਹੋਲੋਕਾਸਟ ਦਾ ਨਾਂ ਦਿੱਤਾ ਜਾ ਸਕਦਾ ਹੈ। ਜਿੰਨੇ ਜ਼ਾਲਮ ਤੇ ਵਹਿਸ਼ੀਆਨਾ ਤਰੀਕੇ ਨਾਲ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਉਹਦੀ ਹੋਰ ਕਿਤੇ ਮਿਸਾਲ ਨਹੀਂ ਮਿਲਦੀ। ਇਸ ਬਾਰੇ ਆਪਣੇ ਨਿੱਜੀ ਤਜਰਬੇ ਨੂੰ ਲੇਖਕ ਨੇ ਬੜੀ ਵੇਦਨਾਮਈ ਸੁਰ ਵਿੱਚ ਬਿਆਨਦਿਆਂ ਲਿਖਿਆ ਹੈ- ‘‘ਕਿਹਾ ਜਾਂਦਾ ਹੈ ਕਿ ਦਿੱਲੀ ਬਹੁਤ ਵਾਰ ਉੱਜੜੀ ਹੈ। ਪਰ ਸੁਣਨ ਤੇ ਅਹਿਸਾਸ ਕਰਨ ’ਚ ਫ਼ਰਕ 1984 ’ਚ ਅੱਖੀਂ ਦੇਖ ਕੇ ਹੋਇਆ ਕਿ ਸਾਹਮਣੇ ਖੜ੍ਹੀ ਮੌਤ ਦਾ ਖੌਫ਼ ਕੀ ਹੁੰਦਾ ਹੈ? ਮੌਤ ਦੇ ਤਾਂਡਵ-ਨਾਚ ਬਾਰੇ ਕਿਤਾਬਾਂ ’ਚ ਹੀ ਪੜ੍ਹਿਆ ਸੀ, ਪਰ ਇਸ ਨੂੰ ਅੱਖੀਂ ਦੇਖ ਤੇ ਮਹਿਸੂਸ ਕਰਕੇ ਇਸ ਦਰਦ ਦਾ ਪਤਾ ਲੱਗਾ। ਮੌਤ ਬਾਰੇ ਬਹੁਤ ਲੋਕ ਗੱਲਾਂ ਕਰਦੇ ਸੁਣੇ, ਪਰ ਮੌਤ ਨੂੰ ਚੱਖ ਕੇ ਕਿਸੇ ਨਹੀਂ ਦੱਸਿਆ। ਮੌਤ ਦੇ ਮੂੰਹੋਂ ਬਚ ਕੇ ਮੈਂ ਜ਼ਰੂਰ ਦੱਸ ਸਕਦਾਂ ਕਿ ਇਹ ਕਿੰਨੀ ਭਿਆਨਕ ਤੇ ਦਰਦਨਾਕ ਹੁੰਦੀ ਹੋਵੇਗੀ। ਅਚਾਨਕ ਸਾਹ ਜਦੋਂ ਸਰੀਰ ਤੋਂ ਵਿਛੜਣ ’ਤੇ ਆਉਂਦਾ ਹੈ ਤਾਂ ਇਹ ਸਰੀਰ ਲਈ ਕਿੰਨਾ ਤਕਲੀਫ਼ਦੇਹ ਹੁੰਦਾ ਹੈ? ਤੇ ਇਹ ਸਾਰੇ ਦਰਦਾਂ ਤੋਂ ਵੀ ਡੂੰਘਾ ਉਹ ਦਰਦ ਹੁੰਦਾ ਜਦੋਂ ਕੋਈ ਕਿਸੇ ਦੇ ਭਰੋਸੇ ’ਤੇ ਹੋਵੇ ਤੇ ਭਰੋਸਾ ਦੇਣ ਵਾਲਾ ਹੀ ਹਰ ਹੱਦ ਪਾਰ ਕਰਕੇ ਉਸ ਦੀ ਮੌਤ ਲਈ ਵਾੜ ਬਣ ਜਾਏ।’’
ਇਸ ਕਿਤਾਬ ਦੇ ਅਨੇਕਾਂ ਪੱਖ ਹਨ। ਇਸ ਵਿੱਚ ਗਲਪੀ ਸ਼ੈਲੀ ਦਾ ਸੁਆਦ ਵੀ ਹੈ ਤੇ ਨਿੱਕੇ ਨਿੱਕੇ ਟੋਟਕੇ ਇਸ ਨੂੰ ਕਹਾਣੀ ਕਲਾ ਦੇ ਨੇੜੇ ਲੈ ਜਾਂਦੇ ਹਨ। ਸਮਕਾਲੀ ਯਥਾਰਥ ਦੇ ਭਰਵੇਂ ਚਿਤਰਣ ਨੇ ਇਹਨੂੰ ਮੌਖਿਕ ਇਤਿਹਾਸ ਦੇ ਨੇੜੇ ਕਰ ਦਿੱਤਾ ਹੈ। ਅਨੇਕਾਂ ਸ਼ਖ਼ਸੀਅਤਾਂ ਦੀ ਨਕਸ਼ਨਿਗਾਰੀ ਨੇ ਇਸ ਨੂੰ ਰੇਖਾ ਚਿੱਤਰ ਦੀ ਵਿਧਾ ਵਿੱਚ ਪਰੋ ਦਿੱਤਾ ਹੈ। ਇਸ ਤਰ੍ਹਾਂ ਇਹ ਵਾਰਤਕ ਵਿੱਚ ਗੁਲਬੀਨ ਵਜੋਂ ਪੇਸ਼ ਕਰਕੇ ਲੇਖਕ ਨੇ ਯਾਦਾਂ ਤੇ ਸਵੈ-ਜੀਵਨੀ ਦਾ ਗਲਪੀਕਰਨ ਕਰ ਦਿੱਤਾ ਹੈ।
ਸੰਪਰਕ: 94173-58120

Advertisement

Advertisement