ਨਜਾਇਜ਼ ਗ੍ਰਿਫ਼ਤਾਰੀਆਂ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਪ੍ਰਗਤੀਸ਼ੀਲ ਲੇਖਕ ਸੰਘ ਦੇ ਮੈਂਬਰ। -ਫੋਟੋ: ਹਰਪ੍ਰੀਤ ਕੌਰ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 25 ਜੁਲਾਈ
ਪ੍ਰਗਤੀਸ਼ੀਲ ਲੇਖਕ ਸੰਘ ਹੁਸ਼ਿਆਰਪੁਰ ਵੱਲੋਂ ਪ੍ਰਿੰਸੀਪਲ ਪਰਮਜੀਤ ਸਿੰਘ ਦੀ ਅਗਵਾਈ ਹੇਠ ਕੋਰੇਗਾਓਂ-ਭੀਮਾ ਹਿੰਸਾ ਅਤੇ ਅਲਗਾਰ ਪ੍ਰੀਸ਼ਦ ਨਾਲ ਸਬੰਧਤ ਕੇਸਾਂ ਵਿੱਚ ਕਥਿਤ ਨਜਾਇਜ਼ ਤੌਰ ’ਤੇ ਫ਼ਸਾਏ ਗਏ ਲੇਖਕਾਂ ਅਤੇ ਚਿੰਤਕਾਂ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਅੱਜ ਇੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਸੰਘ ਦੇ ਜਨਰਲ ਸਕੱਤਰ ਨਵਤੇਜ ਗੜ੍ਹਦੀਵਾਲਾ ਅਤੇ ਪ੍ਰੋ. ਬਲਦੇਵ ਬੱਲੀ ਨੇ ਕਿਹਾ ਕਿ ਜੇਲ੍ਹ ਵਿੱਚ ਬੰਦ ਕੀਤੇ ਗਏ ਇਹ ਚਿੰਤਕ ਹੁਣ ਲੱਖਾਂ ਕਿਰਤੀ ਕਾਮਿਆਂ ਦੀ ਅਵਾਜ਼ ਬਣ ਚੁੱਕੇ ਹਨ ਅਤੇ ਦੁਨੀਆਂ ਭਰ ਦੇ ਲੇਖਕ ਤੇ ਕਲਾਕਾਰ ਇਨ੍ਹਾਂ ਦੀ ਰਿਹਾਈ ਲਈ ਆਪਣੀ ਅਵਾਜ਼ ਬੁਲੰਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਆਵਾਮ ਨਾਲ ਜੁੜੇ ਇਨ੍ਹਾਂ ਚਿੰਤਕਾਂ ਨੂੰ ਜੇਲ੍ਹ ਵਿੱਚ ਬੰਦ ਕਰਕੇ ਲੋਕਾਂ ਦੇ ਮਨਾਂ ਵਿਚ ਖੌਫ਼ ਪੈਦਾ ਕਰ ਰਹੀ ਹੈ। ਇਸ ਦੌਰਾਨ ਡਾ. ਜਸਵੰਤ ਰਾਏ, ਡਾ. ਸ਼ਮਸ਼ੇਰ ਮੋਹੀ, ਮਦਨ ਵੀਰਾ, ਪ੍ਰਿੰਸੀਪਲ ਸਤਨਾਮ ਸਿੰਘ ਆਦਿ ਨੇ ਪ੍ਰੋ. ਵਰਵਰਾ ਰਾਓ ਦੀਆਂ ਚੋਣਵੀਆਂ ਕਵਿਤਾਵਾਂ ’ਤੇ ਚਰਚਾ ਕੀਤੀ। ਪ੍ਰੋ. ਸੰਦੀਪ ਸੀਕਰੀ ਨੇ ਬੰਦੀ ਬਣਾਏ ਗਏ ਲੇਖਕਾਂ ਦੁਆਰਾ ਕੀਤੇ ਸੰਘਰਸ਼ਾਂ ’ਤੇ ਵਿਸਥਾਰ ਨਾਲ ਚਾਨਣਾ ਪਾਇਆ।
ਬਟਾਲਾ: (ਸ਼ਰਨਜੀਤ ਸਿੰਘ) ਪੰਜਾਬੀ ਲੋਕ ਲਿਖਾਰੀ ਮੰਚ ਅਤੇ ਲੋਕ ਚੇਤਨਾ ਮੰਚ ਬਟਾਲਾ ਨੇ ਬਟਾਲਾ ’ਚ ਇੱਕ ਇਕੱਤਰਤਾ ਦੌਰਾਨ ਭੀਮਾ ਕੋਰੇਗਾਓਂ ਕੇਸ ਵਿੱਚ ਨਜਾਇਜ਼ ਤੌਰ ’ਤੇ ਗ੍ਰਿਫ਼ਤਾਰ ਕੀਤੇ ਉੱਘੇ ਸਾਹਿਤਕਾਰਾਂ,ਚਿੰਤਕਾਂ,ਪੱਤਰਕਾਰਾਂ ਅਤੇ ਸਮਾਜਿਕ ਕਾਰਕੁੰਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਪੁਰਜ਼ੋਰ ਮੰਗ ਕੀਤੀ।ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਜਨਰਲ ਸਕੱਤਰ ਡਾ.ਅਨੂਪ ਸਿੰਘ ਨੇ ਕੇਂਦਰ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਭਾਜਪਾ ਆਪਣੀ ਫਾਸ਼ੀਵਾਦੀ ਪਹੁੰਚ ਦਾ ਵਿਰੋਧ ਕਰਨ ਵਾਲੇ ਲੇਖਕਾਂ, ਚਿੰਤਕਾਂ ਅਤੇ ਸਮਾਜਿਕ ਨਿਆਂ ਦੀ ਮੰਗ ਕਰਨ ਵਾਲਿਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਰਹੀ ਹੈ। ਉਨ੍ਹਾਂ ਕਿਹਾ ਕਿ ਸੱਤਾ ਤੇ ਸਥਾਪਤੀ ਦਾ ਬੀਤੀ ਅੱਧੀ ਸਦੀ ਤੋਂ ਵਿਰੋਧ ਕਰਨ ਵਾਲੇ ਤੇ ਵੰਚਿਤ-ਵਿਹੂਣਿਆਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਸ਼ਾਇਰ ਵਰਵਰਾ ਰਾਓ ਨੂੰ ਤੁਰੰਤ ਰਿਹਾਅ ਕਰਕੇ ਉਨ੍ਹਾਂ ਦਾ ਉਚਿਤ ਇਲਾਜ ਕਰਵਾਇਆ ਜਾਵੇ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਵਰਗਿਸ ਸਲਾਮਤ ਅਤੇ ਡੈਮੋਕ੍ਰੈਟਿਕ ਮੁਲਾਜ਼ਮ ਫ਼ਰੰਟ ਦੇ ਸੂਬਾ ਆਗੂ ਹਰਜਿੰਦਰ ਸਿੰਘ ਨੇ ਵੀ ਅਨੰਦ ਤੇਲਤੁੰਬੜੇ, ਗੌਤਮ ਨਵਲੱਖਾ, ਸੁਧਾ ਭਾਰਦਵਾਜ, ਅਰੁਣ ਫ਼ਰੇਰਾ, ਸਾਈਬਾਬਾ ਸਮੇਤ ਸਮੂਹ ਬੰਦੀਆਂ ‘ਤੇ ਦਰਜ ਕੀਤੇ ਬੇਬੁਨਿਆਦ ਕੇਸ ਵਾਪਿਸ ਲੈ ਕੇ ਉਨ੍ਹਾ ਨੂੰ ਫੌਰੀ ਤੌਰ ‘ਤੇ ਰਿਹਾਅ ਕਰਨ ਹਿਤ ਆਵਾਜ਼ ਬੁਲੰਦ ਕੀਤੀ।
ਇਸ ਮੌਕੇ ਹਾਜ਼ਰ ਸਾਹਿਤਕਾਰਾਂ ਵਿੱਚ ਚੰਨ ਬੋਲੇਵਾਲੀਆ,ਸੁਲੱਖਣ ਮਸੀਹ, ਪਰਸ਼ੋਤਮ ਸਿੰਘ ਲੱਲੀ, ਕੁਲਬੀਰ ਸੱਗੂ,ਚੌਧਰੀ ਦਲਬੀਰ,ਗੁਰਮੇਜ ਸਿੰਘ,ਨਰਿੰਦਰ ਸੰਘਾ ਅਤੇ ਹੋਰ ਲੇਖਕ ਸ਼ਾਮਲ ਸਨ।
ਇਸ ਦੌਰਾਨ ਹੀ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ-ਲੈਨਨਿਵਾਦੀ ਲਬਿਰੇਸ਼ਨ ਦੀ ਜ਼ਿਲਾ ਇਕਾਈ ਦੇ ਆਗੂ ਮਨਜੀਤ ਰਾਜ ਦੀ ਅਗਵਾਈ ਵਿੱਚ ਪਾਰਟੀ ਆਗੂਆਂ ਨੇ ਸੂਬਾ ਸਰਕਾਰ ਵੱਲੋਂ ਜਥੇਬੰਦਕ ਸੰਘਰਸ਼ਾਂ ਅਤੇ ਜਨਤਕ ਸਰਗਰਮੀਆਂ ‘ਤੇ ਲਗਾਈਆਂ ਪਾਬੰਦੀਆਂ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਤੇ ਇਨ੍ਹਾ ਪਾਬੰਦੀਆਂ ਨੂੰ ਤਰਕਹੀਣ ਅਤੇ ਗ਼ੈਰ-ਜਮਹੂਰੀ ਗਰਦਾਨਿਆ।
ਉਨ੍ਹਾ ਕਿਹਾ ਕਿ 22 ਮਾਰਚ ਤੋਂ ਹੁਣ ਤੱਕ ਸਾਰੀਆਂ ਜਨਤਕ ਇਕੱਠਾਂ ਵਾਲੀਆਂ ਸਰਗਰਮੀਆਂ ਰੋਕ ਕੇ ਵੀ ਸਰਕਾਰ ਕਰੋਨਾ ਦੇ ਫੈਲਾਅ ’ਤੇ ਕਾਬੂ ਨਹੀਂ ਪਾ ਸਕੀ ਹੈ।