For the best experience, open
https://m.punjabitribuneonline.com
on your mobile browser.
Advertisement

ਸੰਸਦ ’ਚ ਕਾਲੇ ਕੱਪੜੇ ਪਾ ਕੇ ਆਏ ਵਿਰੋਧੀ ਧਿਰਾਂ ਦੇ ਮੈਂਬਰ

07:06 AM Jul 28, 2023 IST
ਸੰਸਦ ’ਚ ਕਾਲੇ ਕੱਪੜੇ ਪਾ ਕੇ ਆਏ ਵਿਰੋਧੀ ਧਿਰਾਂ ਦੇ ਮੈਂਬਰ
ਰਾਜ ਸਭਾ ਵਿੱਚ ਮਲਿਕਾਰਜੁਨ ਖੜਗੇ ਮਨੀਪੁਰ ਮੁੱਦੇ ’ਤੇ ਸਰਕਾਰ ਨੂੰ ਘੇਰਦੇ ਹੋਏ। -ਫੋਟੋ: ਪੀਟੀਆਈ
Advertisement

* ਹਾਕਮ ਧਿਰ ਨੇ ਕਾਲੇ ਕੱਪੜਿਆਂ ਨੂੰ ਲੈ ਕੇ ਕੱਸੇ ਤਨਜ਼
* ਜੈਸ਼ੰਕਰ ਦੇ ਬਿਆਨ ਦੌਰਾਨ ਅੜਿੱਕਾ ਡਾਹੁਣ ਲਈ ਵਿਰੋਧੀ ਧਿਰ ਅਤੇ ਗੋਇਲ ਵਿਚਕਾਰ ਤਕਰਾਰ

Advertisement

ਨਵੀਂ ਦਿੱਲੀ, 27 ਜੁਲਾਈ
ਸੰਸਦ ਦੇ ਦੋਵੇਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ’ਚ ਅੱਜ ਮਨੀਪੁਰ ਹਿੰਸਾ ਦੇ ਮੁੱਦੇ ’ਤੇ ਜ਼ੋਰਦਾਰ ਹੰਗਾਮਾ ਹੋਇਆ। ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੇ ਮੈਂਬਰ ਦੋਵੇਂ ਸਦਨਾਂ ’ਚ ਕਾਲੇ ਕੱਪੜੇ ਪਹਿਨ ਕੇ ਆਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਸਦ ’ਚ ਮਨੀਪੁਰ ਬਾਰੇ ਬਿਆਨ ਨਾ ਦੇਣ ’ਤੇ ਰੋਸ ਪ੍ਰਗਟਾਇਆ। ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੂੰ ਬੋਲਣ ਤੋਂ ਰੋਕਣ ’ਤੇ ਵਿਰੋਧੀ ਧਿਰ ਨੇ ਸਦਨ ’ਚੋਂ ਵਾਕਆਊਟ ਕੀਤਾ। ਹੰਗਾਮੇ ਦੌਰਾਨ ਹੀ ਲੋਕ ਸਭਾ ’ਚ ਦੋ ਅਤੇ ਰਾਜ ਸਭਾ ’ਚ ਇਕ ਬਿੱਲ ਪਾਸ ਕਰ ਦਿੱਤੇ ਗਏ। ਇਸ ਮਗਰੋਂ ਦੋਵੇਂ ਸਦਨਾਂ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ ਗਈ।
ਲੋਕ ਸਭਾ ’ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸਰਕਾਰ ਦੇ ਵਿਦੇਸ਼ੀ ਦੌਰਿਆਂ ਬਾਰੇ ਬਿਆਨ ਦਿੱਤਾ। ਵਿਰੋਧੀ ਧਿਰ ਵੱਲੋਂ ਜੈਸ਼ੰਕਰ ਦੇ ਬਿਆਨ ਦੌਰਾਨ ਅੜਿੱਕਾ ਡਾਹੁਣ ’ਤੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਅਤੇ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਵਿਚਾਲੇ ਤਕਰਾਰ ਹੋਈ। ਜੈਸ਼ੰਕਰ ਦੇ ਬਿਆਨ ਮਗਰੋਂ ਚੌਧਰੀ ਕੋਈ ਨੁਕਤਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਸਨ। ਗੋਇਲ ਨੇ ਕਿਹਾ ਕਿ ਉਹ ਕਾਂਗਰਸ ਆਗੂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦੇਣਗੇ ਕਿਉਂਕਿ ਉਨ੍ਹਾਂ ਵਿਦੇਸ਼ ਮੰਤਰੀ ਦੇ ਬਿਆਨ ਦੌਰਾਨ ਅੜਿੱਕਾ ਡਾਹਿਆ ਸੀ। ਸਰਕਾਰ ਅਤੇ ਵਿਰੋਧੀ ਧਿਰ ਵਿਚਕਾਰ ਸ਼ਬਦੀ ਜੰਗ ਦੌਰਾਨ ਕਈ ਮੈਂਬਰ ਮਨੀਪੁਰ ਹਿੰਸਾ ਦੇ ਮੁੱਦੇ ’ਤੇ ਨਾਅਰੇਬਾਜ਼ੀ ਕਰਦੇ ਰਹੇ। ਸਦਨ ਦੀ ਕਾਰਵਾਈ ਮੁਲਤਵੀ ਕਰਨ ਤੋਂ ਐਨ ਪਹਿਲਾਂ ਇਕ ਕਾਂਗਰਸ ਮੈਂਬਰ ਨੇ ਕਾਗਜ਼ ਪਾੜ ਕੇ ਚੇਅਰ ਵੱਲ ਉਛਾਲ ਦਿੱਤੇ। ਜਦੋਂ ਸਦਨ ਤਿੰਨ ਵਜੇ ਜੁੜਿਆ ਤਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਘਟਨਾ ਦਾ ਜ਼ਿਕਰ ਕੀਤਾ ਅਤੇ ਚੇਅਰ ਨੂੰ ਬੇਨਤੀ ਕੀਤੀ ਕਿ ਉਹ ਮੈਂਬਰ ਦਾ ਨਾਮ ਲੈਣ। ਗੋਇਲ ਨੇ ਕਾਲੇ ਕੱਪੜੇ ਪਹਿਨ ਕੇ ਸਦਨ ’ਚ ਆਏ ਵਿਰੋਧੀ ਮੈਂਬਰਾਂ ’ਤੇ ਵਰ੍ਹਦਿਆਂ ਕਿਹਾ ਕਿ ਉਹ ਆਪਣੇ ਕਾਲੇ ਕਾਰਨਾਮਿਆਂ ਨੂੰ ਆਪਣੀ ਪੁਸ਼ਾਕ ਪਿੱਛੇ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਵਿਰੋਧੀ ਧਿਰ ਦੇ ਪ੍ਰਦਰਸ਼ਨ ਦਰਮਿਆਨ ਲੋਕ ਸਭਾ ’ਚ ਸੰਬੋਧਨ ਕਰਦੇ ਹੋਏ ਵਿਦੇਸ਼ ਮੰਤਰੀ ਐੱਸ ਜੈਸ਼ੰਕਰ। -ਫੋਟੋ: ਪੀਟੀਆਈ

‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਮ ਲਏ ਬਿਨਾਂ, ਜਿਨ੍ਹਾਂ ਦੀ ਬੁੱਧਵਾਰ ਨੂੰ ਸੰਸਦੀ ਕੰਪਲੈਕਸ ’ਚ ਉਨ੍ਹਾਂ ਦੇ ਸਿਰ ’ਤੇ ਕਾਂ ਉੱਡਣ ਦੀ ਤਸਵੀਰ ਖਿੱਚੀ ਗਈ ਸੀ, ਗੋਇਲ ਨੇ ਕਿਹਾ ਕਿ ਕਾਲੇ ਕੱਪੜਿਆਂ ਨੇ ਕਾਵਾਂ ਨੂੰ ਵੀ ਆਕਰਸ਼ਿਤ ਕੀਤਾ ਹੈ। ਉਧਰ ਰਾਜ ਸਭਾ ’ਚ ਜਦੋਂ ਉਪ ਚੇਅਰਮੈਨ ਹਰਿਵੰਸ਼ ਨੇ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੂੰ ਸਿਨੇਮਾਟੋਗ੍ਰਾਫ ਸੋਧ ਬਿੱਲ ’ਤੇ ਬੋਲਣ ਲਈ ਕਿਹਾ ਤਾਂ ਸਰਕਾਰੀ ਧਿਰ ਦੇ ਮੈਂਬਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਖੜਗੇ ਨੇ ਕਿਹਾ ਕਿ ਉਹ ਆਪਣੇ ਦਿਲ ਦੀ ਗੱਲ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਮਨੀਪੁਰ ਦੇ ਮੁੱਦੇ ’ਤੇ ਬੋਲਣਾ ਸ਼ੁਰੂ ਕਰ ਦਿੱਤਾ। ਇਸ ’ਤੇ ਉਪ ਚੇਅਰਮੈਨ ਨੇ ਉਨ੍ਹਾਂ ਨੂੰ ਸਿਰਫ਼ ਬਿੱਲ ’ਤੇ ਬੋਲਣ ਲਈ ਕਿਹਾ ਜਿਸ ’ਤੇ ਵਿਰੋਧ ਪ੍ਰਗਟ ਕਰਦਿਆਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਸਦਨ ’ਚੋਂ ਵਾਕਆਊਟ ਕਰ ਦਿੱਤਾ। ਇਸ ਤੋਂ ਪਹਿਲਾਂ ਖੜਗੇ ਜਦੋਂ ਬੋਲਣ ਲਈ ਖੜ੍ਹੇ ਹੋਏ ਸਨ ਤਾਂ ਸਦਨ ’ਚ ‘ਕਾਲੇ ਕੱਪੜੇ, ਕਾਲਾ ਕੰਮ, ਨਹੀਂ ਸਹੇਗਾ ਹਿੰਦੁਸਤਾਨ’ ਜਿਹੇ ਨਾਅਰੇ ਵੀ ਸੁਣਾਈ ਦਿੱਤੇ। ਹਾਕਮ ਧਿਰ ਦੇ ਮੈਂਬਰਾਂ ਦਾ ਸਿੱਧਾ ਇਸ਼ਾਰਾ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਕਾਲੇ ਕੱਪੜੇ ਪਹਿਨ ਕੇ ਸਦਨ ’ਚ ਆਉਣ ਵੱਲ ਸੀ। ਜਦੋਂ ਨਾਅਰੇਬਾਜ਼ੀ ਜਾਰੀ ਰਹੀ ਤਾਂ ਖੜਗੇ ਨੇ ਕਿਹਾ,‘‘ਮੈਂ ਕਦੇ ਨਹੀਂ ਦੇਖਿਆ ਕਿ ਹਾਕਮ ਧਿਰ ਵੱਲੋਂ ਵਿਰੋਧੀ ਧਿਰ ਦੇ ਆਗੂ ਨੂੰ ਬੋਲਣ ਤੋਂ ਰੋਕਿਆ ਗਿਆ ਹੋਵੇ। ਸਰਕਾਰ ਖੁਦ ਅੜਿੱਕੇ ਡਾਹ ਰਹੀ ਹੈ।’’ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਵਿਰੋਧੀ ਧਿਰ ਨੇ ਵਿਦੇਸ਼ ਮੰਤਰੀ ਨੂੰ ਨਹੀਂ ਸੁਣਿਆ ਜੋ ਦੇਸ਼ ਦੀਆਂ ਇਤਿਹਾਸਕ ਪ੍ਰਾਪਤੀਆਂ ਗਿਣਾ ਰਹੇ ਸਨ। ਇਸ ਦੌਰਾਨ ਹਾਕਮ ਧਿਰ ਦੇ ਮੈਂਬਰ ‘ਮੋਦੀ, ਮੋਦੀ’ ਦੇ ਨਾਅਰੇ ਵੀ ਲਾਉਂਦੇ ਰਹੇ। -ਪੀਟੀਆਈ

ਮੋਦੀ ਸੰਸਦ ’ਚ ਨਾ ਬੋਲ ਕੇ ਲੋਕਤੰਤਰ ਨੂੰ ਢਾਹ ਲਾ ਰਹੇ ਨੇ: ਖੜਗੇ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋਸ਼ ਲਾਇਆ ਹੈ ਕਿ ਉਹ ਸੰਸਦ ’ਚ ਬੋਲਣ ਦੀ ਬਜਾਏ ਬਾਹਰ ਸਿਆਸੀ ਭਾਸ਼ਨ ਦੇ ਕੇ ਲੋਕਤੰਤਰ ਨੂੰ ਢਾਹ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਸੰਸਦ ਦੇ ਇਤਿਹਾਸ ’ਚ ਦੇਸ਼ ਨੇ ਅਜਿਹਾ ਕਾਲਾ ਸਮਾਂ ਪਹਿਲਾਂ ਕਦੇ ਨਹੀਂ ਦੇਖਿਆ ਹੈ। ਖੜਗੇ ਨੇ ਮਨੀਪੁਰ ਪ੍ਰਤੀ ਦਿਖਾਏ ਬੇਰੁਖੇ ਵਤੀਰੇ ਲਈ ਕੇਂਦਰ ਸਰਕਾਰ ਨੂੰ ‘ਮਨੁੱਖਤਾ ’ਤੇ ਧੱਬਾ’ ਕਰਾਰ ਦਿੱਤਾ ਅਤੇ ਕਿਹਾ ਕਿ ਲੋਕ ਜਾਗਰੂਕ ਹੋ ਗਏ ਹਨ ਤੇ ਉਹ ਇਸ ਕਿਸਮ ਦੀ ਸਿਆਸਤ ਖ਼ਿਲਾਫ਼ ਲੜਨਗੇ। ਉਨ੍ਹਾਂ ਕਿਹਾ ਕਿ ਮਨੀਪੁਰ ਪਿਛਲੇ 85 ਦਿਨਾਂ ਤੋਂ ਸੜ ਰਿਹਾ ਹੈ ਪਰ ਸਰਕਾਰ ਖਾਮੋਸ਼ ਬੈਠੀ ਹੈ। ਕਾਂਗਰਸ ਆਗੂ ਨੇ ਕਿਹਾ ਕਿ ਮੋਦੀ ਸਰਕਾਰ ਦੇ ਮਾੜੇ ਕੰਮਾਂ ਨੂੰ ਵਿਰੋਧੀ ਧਿਰਾਂ ਦਾ ਨਾਮ ਲੈ ਕੇ ਛੁਪਾਇਆ ਨਹੀਂ ਜਾ ਸਕਦਾ ਹੈ। ਸੰਸਦ ’ਚ ਕਾਲੇ ਕੱਪੜੇ ਪਹਿਨ ਕੇ ਆਉਣ ’ਤੇ ਵਿਰੋਧੀ ਧਿਰਾਂ ਦਾ ਮਖੌਲ ਉਡਾਉਣ ’ਤੇ ਖੜਗੇ ਨੇ ਟਵੀਟ ਕਰਕੇ ਕਿਹਾ,‘‘ਜਿਨ੍ਹਾਂ ਦੀ ਦਲਿਤਾਂ, ਆਦਿਵਾਸੀਆਂ ਅਤੇ ਪੱਛੜੇ ਲੋਕਾਂ ਖ਼ਿਲਾਫ਼ ਮਾਨਸਿਕਤਾ ਹੈ, ਸਿਰਫ਼ ਉਹ ਹੀ ਕਾਲੇ ਕੱਪੜਿਆਂ ਦਾ ਮਜ਼ਾਕ ਉਡਾ ਸਕਦੇ ਹਨ ਪਰ ਸਾਡੇ ਲਈ ਕਾਲਾ ਰੰਗ ਵਿਰੋਧ ਅਤੇ ਤਾਕਤ ਦਾ ਪ੍ਰਤੀਕ ਹੈ। ਕਾਲਾ ਰੰਗ ਇਨਸਾਫ਼ ਅਤੇ ਮਰਿਆਦਾ ਦਾ ਪ੍ਰਤੀਕ ਹੈ।
ਮਨੀਪੁਰ ਦੇ ਲੋਕ ਇਨਸਾਫ਼, ਸ਼ਾਂਤੀ ਅਤੇ ਸਤਿਕਾਰ ਦੇ ਹੱਕਦਾਰ ਹਨ।’’ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਤਾਨਾਸ਼ਾਹੀ ਰਵੱਈਆ ਅਤੇ ਮੁੱਦਿਆਂ ਤੋਂ ਧਿਆਨ ਵੰਡਾ ਕੇ ਮਨੀਪੁਰ ਦਾ ਜੀਵਨ ਹਨੇਰੇ ’ਚ ਧੱਕ ਕੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ ਹੈ। ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਰਾਜਸਥਾਨ ’ਚ ਨਵੇਂ ਮੈਡੀਕਲ ਕਾਲਜ ਖੋਲ੍ਹਣ ਸਮੇਂ ਸਿਆਸੀ ਭਾਸ਼ਨ ਦਿੰਦੇ ਹਨ ਪਰ ਲੋਕਤੰਤਰ ਦੇ ਮੰਦਰ ’ਚ ਉਹ ਬੋਲਣਾ ਨਹੀਂ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮਨੀਪੁਰ ’ਚ ਹਿੰਸਾ ਦੇਸ਼ ਲਈ ਕਾਲਾ ਅਧਿਆਏ ਹੈ। -ਪੀਟੀਆਈ

ਬੇਭਰੋਸਗੀ ਦਾ ਮਤਾ ਜਦੋਂ ਲੰਬਿਤ ਤਾਂ ਬਿੱਲ ਪਾਸ ਕਰਨਾ ਕੋਝਾ ਮਜ਼ਾਕ: ਕਾਂਗਰਸ

ਨਵੀਂ ਦਿੱਲੀ: ਵਿਰੋਧੀ ਧਿਰਾਂ ਦਾ ਗੱਠਜੋੜ ‘ਇੰਡੀਆ’ ਚਾਹੁੰਦਾ ਹੈ ਕਿ ਉਨ੍ਹਾਂ ਵੱਲੋਂ ਲੋਕ ਸਭਾ ’ਚ ਪੇਸ਼ ਬੇਭਰੋਸਗੀ ਮਤੇ ’ਤੇ ਫੌਰੀ ਚਰਚਾ ਸ਼ੁਰੂ ਹੋਵੇ ਕਿਉਂਕਿ ਨੇਮਾਂ ਅਤੇ ਰਵਾਇਤਾਂ ਤਹਿਤ ਮਤੇ ’ਤੇ ਬਹਿਸ ਤੱਕ ਕੋਈ ਵੀ ਵਿਧਾਨਕ ਕੰਮਕਾਰ ਨਹੀਂ ਕੀਤਾ ਜਾ ਸਕਦਾ ਹੈ। ਕਾਂਗਰਸ ਨੇ ਕਿਹਾ ਕਿ ਮਤਾ ਜਦੋਂ ਬਕਾਇਆ ਹੈ ਤਾਂ ਬਿੱਲ ਪਾਸ ਕਰਨਾ ਕੋਝਾ ਮਜ਼ਾ਼ਕ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਸੰਸਦ ’ਚ ‘ਇੰਡੀਆ’ ਦਾ ਸਟੈਂਡ ਸਪੱਸ਼ਟ ਹੈ। ਉਨ੍ਹਾਂ ਟਵੀਟ ਕੀਤਾ ਕਿ ਵਿਰੋਧੀ ਧਿਰ ਮਨੀਪੁਰ ਦੇ ਸੰਦਰਭ ’ਚ ਬੇਭਰੋਸਗੀ ਮਤੇ ’ਤੇ ਫੌਰੀ ਚਰਚਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਨੇਮਾਂ ਅਤੇ ਰਵਾਇਤਾਂ ਮੁਤਾਬਕ ਜਦੋਂ ਤੱਕ ਬੇਭਰੋਸਗੀ ਦੇ ਮਤੇ ’ਤੇ ਬਹਿਸ ਨਹੀਂ ਹੋ ਜਾਂਦੀ, ਉਦੋਂ ਤੱਕ ਕੋਈ ਵੀ ਕੰਮਕਾਰ ਨਹੀਂ ਹੋ ਸਕਦਾ ਹੈ। ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਜਦੋਂ ਤੱਕ ਬੇਭਰੋਸਗੀ ਮਤੇ ਦਾ ਨਬਿੇੜਾ ਨਹੀਂ ਹੋ ਜਾਂਦਾ, ਉਦੋਂ ਤੱਕ ਕੋਈ ਵੀ ਨੀਤੀਗਤ ਮਾਮਲੇ ਨੂੰ ਸਰਕਾਰ ਵੱਲੋਂ ਸਦਨ ’ਚ ਨਹੀਂ ਲਿਆਂਦਾ ਜਾ ਸਕਦਾ ਹੈ। -ਪੀਟੀਆਈ

ਵਿਰੋਧੀ ਧਿਰ ਵੱਲੋਂ ਰਾਜ ਸਭਾ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਦਾ ਬਾਈਕਾਟ

ਨਵੀਂ ਦਿੱਲੀ: ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਨੀਪੁਰ ’ਚ ਹਿੰਸਾ ਬਾਰੇ ਸੰਸਦ ’ਚ ਬਿਆਨ ਨਾ ਦੇਣ ਦੇ ਵਿਰੋਧ ’ਚ ਅੱਜ ਰਾਜ ਸਭਾ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ (ਬੀਏਸੀ) ਦੀ ਮੀਟਿੰਗ ਦਾ ਬਾਈਕਾਟ ਕੀਤਾ। ਕਮੇਟੀ ’ਚ ਚੇਅਰਮੈਨ ਉਪ ਰਾਸ਼ਟਰਪਤੀ ਸਮੇਤ 11 ਮੈਂਬਰ ਹਨ। ਕਮੇਟੀ ’ਚ ‘ਇੰਡੀਆ’ ਦੇ ਤਿੰਨ ਸੰਸਦ ਮੈਂਬਰ ਜੈਰਾਮ ਰਮੇਸ਼ (ਕਾਂਗਰਸ), ਮੀਸਾ ਭਾਰਤੀ (ਆਰਜੇਡੀ) ਅਤੇ ਡੈਰੇਕ ਓ’ਬ੍ਰਾਇਨ (ਟੀਐੱਮਸੀ) ਵੀ ਸ਼ਾਮਲ ਹਨ ਜਿਨ੍ਹਾਂ ਮੀਟਿੰਗ ਦਾ ਬਾਈਕਾਟ ਕੀਤਾ। ਬੀਆਰਐੱਸ ਦੇ ਕੇਸ਼ਵ ਰਾਓ ਨੇ ਵੀ ਮੀਟਿੰਗ ’ਚ ਹਾਜ਼ਰੀ ਨਹੀਂ ਭਰੀ। ਬੀਤੀ 20 ਜੁਲਾਈ ਨੂੰ ਵੀ ਵਿਰੋਧੀ ਧਿਰ ਦੇ ਆਗੂਆਂ ਨੇ ਬੀਏਸੀ ਦੀ ਮੀਟਿੰਗ ’ਚੋਂ ਵਾਕਆਊਟ ਕੀਤਾ ਸੀ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×