For the best experience, open
https://m.punjabitribuneonline.com
on your mobile browser.
Advertisement

ਸੰਸਦ ਮੈਂਬਰ ਤੇ ਵਿਧਾਇਕ ਮੁਕੱਦਮੇ ਤੋਂ ਛੋਟ ਦੇ ਹੱਕਦਾਰ ਨਹੀਂ

06:43 AM Mar 05, 2024 IST
ਸੰਸਦ ਮੈਂਬਰ ਤੇ ਵਿਧਾਇਕ ਮੁਕੱਦਮੇ ਤੋਂ ਛੋਟ ਦੇ ਹੱਕਦਾਰ ਨਹੀਂ
ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਪ੍ਰਧਾਨਗੀ ਹੇਠਲਾ ਸੰਵਿਧਾਨਕ ਬੈਂਚ ਆਪਣਾ ਫ਼ੈਸਲਾ ਸੁਣਾਉਂਦਾ ਹੋਇਆ। -ਫੋਟੋ: ਪੀਟੀਆਈ
Advertisement

* ਸੰਵਿਧਾਨਕ ਬੈਂਚ ਨੇ ਸੁਪਰੀਮ ਕੋਰਟ ਵੱਲੋਂ 1998 ਵਿੱਚ ਸੁਣਾਇਆ ਫ਼ੈਸਲਾ ਪਲਟਿਆ
* ਝਾਰਖੰਡ ਮੁਕਤੀ ਮੋਰਚਾ ਦੇ ਪੰਜ ਆਗੂਆਂ ਦੇ ਰਿਸ਼ਵਤ ਲੈਣ ਨਾਲ ਸਬੰਧਤ ਹੈ ਕੇਸ
* ਤਤਕਾਲੀ ਬੈਂਚ ਵੱਲੋਂ ਕੀਤੀ ਗਈ ਵਿਆਖਿਆ ਨੂੰ ਸੰਵਿਧਾਨ ਦੀ ਧਾਰਾ 105 ਤੇ 194 ਤੋਂ ਉਲਟ ਦੱਸਿਆ
* ‘ਭਾਰਤੀ ਲੋਕਤੰਤਰ ਦੀ ਨੀਂਹ ਕਮਜ਼ੋਰ ਕਰਦੈ ਭ੍ਰਿਸ਼ਟਾਚਾਰ’

Advertisement

ਨਵੀਂ ਦਿੱਲੀ, 4 ਮਾਰਚ
ਸੁਪਰੀਮ ਕੋਰਟ ਨੇ ਅੱਜ ਇਤਿਹਾਸਕ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਸਦਨ ’ਚ ਵੋਟ ਪਾਉਣ ਜਾਂ ਭਾਸ਼ਣ ਦੇਣ ਬਦਲੇ ਰਿਸ਼ਵਤ ਲੈਣ ਦੇ ਮਾਮਲੇ ’ਚ ਮੁਕੱਦਮੇ ਤੋਂ ਕੋਈ ਛੋਟ ਨਹੀਂ ਹੈ ਅਤੇ ਉਨ੍ਹਾਂ ਦਾ ਭ੍ਰਿਸ਼ਟਾਚਾਰ ਭਾਰਤੀ ਲੋਕਤੰਤਰ ਦੀ ਨੀਂਹ ਕਮਜ਼ੋਰ ਕਰਦਾ ਹੈ। ਸੁਪਰੀਮ ਕੋਰਟ ਨੇ ਇਸ ਫ਼ੈਸਲੇ ਨਾਲ ਸੰਸਦ ਮੈਂਬਰਾਂ ਜਾਂ ਵਿਧਾਇਕਾਂ ਨੂੰ ਮੁਕੱਦਮੇ ਤੋਂ ਛੋਟ ਦੇਣ ਸਬੰਧੀ ਆਪਣਾ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਰਿਸ਼ਵਤ ਮਾਮਲੇ ’ਚ 1998 ਦਾ ਫ਼ੈਸਲਾ ਪਲਟ ਦਿੱਤਾ ਹੈ। ਇਹ ਮਾਮਲਾ 1993 ’ਚ ਸਾਬਕਾ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਓ ਦੀ ਸਰਕਾਰ ਲਈ ਖਤਰਾ ਪੈਦਾ ਕਰਨ ਵਾਲੇ ਬੇਭਰੋਸੇਗੀ ਮਤੇ ਖ਼ਿਲਾਫ਼ ਵੋਟਿੰਗ ਲਈ ਪੰਜ ਜੇਐੱਮਐੱਮ ਆਗੂਆਂ ਦੇ ਰਿਸ਼ਵਤ ਲੈਣ ਨਾਲ ਜੁੜਿਆ ਹੋਇਆ ਹੈ।
ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਹੇਠਲੇ ਸੱਤ ਮੈਂਬਰੀ ਸੰਵਿਧਾਨਕ ਬੈਂਚ ਨੇ ਕਿਹਾ ਕਿ ਸਦਨ ਮੈਂਬਰਾਂ ਦੇ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਨਾਲ ਭਾਰਤੀ ਲੋਕਤੰਤਰ ਦੀ ਨੀਂਹ ਕਮਜ਼ੋਰ ਹੁੰਦੀ ਹੈ। ਬੈਂਚ ਨੇ ਕਿਹਾ ਕਿ ਰਿਸ਼ਵਤਖੋਰੀ ਦੇ ਮਾਮਲਿਆਂ ’ਚ ਸੰਸਦੀ ਵਿਸ਼ੇਸ਼ ਅਧਿਕਾਰਾਂ ਤਹਿਤ ਕੋਈ ਛੋਟ ਪ੍ਰਾਪਤ ਨਹੀਂ ਹੈ ਅਤੇ ਝਾਰਖੰਡ ਮੁਕਤੀ ਮੋਰਚਾ ਰਿਸ਼ਵਤ ਮਾਮਲੇ ’ਚ ਪੰਜ ਜੱਜਾਂ ਦੇ ਬੈਂਚ ਵੱਲੋਂ ਸੁਣਾਏ ਗਏ 1998 ਦੇ ਫ਼ੈਸਲੇ ਦੀ ਵਿਆਖਿਆ ਸੰਵਿਧਾਨ ਦੇ ਆਰਟੀਕਲ 105 ਤੇ 194 ਦੇ ਉਲਟ ਹੈ। ਆਰਟੀਕਲ 105 ਤੇ 194 ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀਆਂ ਸ਼ਕਤੀਆਂ ਤੇ ਵਿਸ਼ੇਸ਼ ਅਧਿਕਾਰਾਂ ਨਾਲ ਸਬੰਧਤ ਹੈ। ਚੀਫ ਜਸਟਿਸ ਚੰਦਰਚੂੜ ਨੇ ਬੈਂਚ ਲਈ 135 ਸਫ਼ਿਆਂ ਦੇ ਫ਼ੈਸਲੇ ਦਾ ਮੁੱਖ ਹਿੱਸਾ ਪੜ੍ਹਦਿਆਂ ਕਿਹਾ, ‘ਸੰਸਦ ਮੈਂਬਰਾਂ ਤੇ ਵਿਧਾਇਕਾਂ ਵੱਲੋਂ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਜਨਤਕ ਜੀਵਨ ’ਚ ਇਮਾਨਦਾਰੀ ਨੂੰ ਖਤਮ ਕਰਦੇ ਹਨ।’ ਬੈਂਚ ਵਿੱਚ ਜਸਟਿਸ ਏਐੱਸ ਬੋਪੰਨਾ, ਜਸਟਿਸ ਐੱਮਐੱਮ ਸੁੰਦਰੇਸ਼, ਜਸਟਿਸ ਪੀਐੱਸ ਨਰਸਿਮਹਾ, ਜਸਟਿਸ ਜੇਬੀ ਪਾਰਦੀਵਾਲਾ, ਜਸਟਿਸ ਸੰਜੈ ਕੁਮਾਰ ਅਤੇ ਜਸਟਿਸ ਮਨੋਜ ਮਿਸ਼ਰਾ ਵੀ ਸ਼ਾਮਲ ਸਨ। ਜਸਟਿਸ ਚੰਦਰਚੂੜ ਨੇ ਕਿਹਾ, ‘ਇਹ (ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ) ਸੰਵਿਧਾਨ ਦੀਆਂ ਉਮੀਦਾਂ ਤੇ ਵਿਚਾਰਸ਼ੀਲ ਆਦਰਸ਼ਾਂ ਲਈ ਤਬਾਹਕੁਨ ਹਨ ਅਤੇ ਅਜਿਹਾ ਵਰਤਾਰਾ ਨਾਗਰਿਕਾਂ ਨੂੰ ਇੱਕ ਜ਼ਿੰਮੇਵਾਰ, ਜਵਾਬਦੇਹ ਤੇ ਨੁਮਾਇੰਦਗੀ ਦੇਣ ਵਾਲੇ ਲੋਕਤੰਤਰ ਤੋਂ ਵਾਂਝੇ ਕਰਦਾ ਹੈ।’ ਸੁਪਰੀਮ ਕੋਰਟ ਨੇ ਪੀਵੀ ਨਰਸਿਮਹਾ ਰਾਓ ਬਨਾਮ ਸੀਬੀਆਈ ਮਾਮਲੇ ’ਚ 1998 ਦੇ ਫ਼ੈਸਲੇ ਦਾ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਉਸ ਨੇ ਇਸ ਵਿਵਾਦ ਦੇ ਸਾਰੇ ਪੱਖਾਂ ਬਾਰੇ ਆਜ਼ਾਦ ਢੰਗ ਨਾਲ ਫ਼ੈਸਲਾ ਸੁਣਾਇਆ ਹੈ ਫਿਰ ਭਾਵੇਂ ਉਹ ਆਰਟੀਕਲ 105 ਨਾਲ ਸਬੰਧਤ ਹੋਵੇ ਜਾਂ 194 ਨਾਲ ਜੁੜਿਆ ਹੋਵੇ ਕਿ ਕੀ ਇੱਕ ਸੰਸਦ ਮੈਂਬਰ ਜਾਂ ਵਿਧਾਇਕ ਕਿਸੇ ਫੌਜਦਾਰੀ ਅਦਾਲਤ ’ਚ ਰਿਸ਼ਵਤਖੋਰੀ ਦੇ ਦੋਸ਼ ’ਚ ਮੁਕੱਦਮੇ ਤੋਂ ਛੋਟ ਦਾ ਦਾਅਵਾ ਕਰ ਸਕਦਾ ਹੈ। ਸੱਤ ਮੈਂਬਰੀ ਬੈਂਚ ਸੁਪਰੀਮ ਕੋਰਟ ਦੇ 1998 ਦੇ ਫ਼ੈਸਲੇ ’ਤੇ ਮੁੜ ਵਿਚਾਰ ਕਰ ਰਿਹਾ ਸੀ। ਉਨ੍ਹਾਂ ਕਿਹਾ, ‘ਅਸੀਂ ਇਸ ਪੱਖ ’ਤੇ ਬਹੁਮਤ ਦੇ ਫ਼ੈਸਲੇ ਨਾਲ ਅਸਹਿਮਤ ਹਾਂ ਅਤੇ ਉਸ ਨੂੰ ਖਾਰਜ ਕਰਦੇ ਹਾਂ।’ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਨੇ 1998 ’ਚ ਬਹੁਮਤ ਨਾਲ ਲਏ ਫ਼ੈਸਲੇ ’ਚ ਕਿਹਾ ਸੀ ਕਿ ਸੰਸਦ ਮੈਂਬਰਾਂ ਨੂੰ ਸੰਵਿਧਾਨ ਦੇ ਆਰਟੀਕਲ 105 (2) ਅਤੇ ਆਰਟੀਕਲ 194 (2) ਤਹਿਤ ਸਦਨ ਅੰਦਰ ਦਿੱਤੇ ਗਏ ਕਿਸੇ ਵੀ ਭਾਸ਼ਣ ਤੇ ਵੋਟ ਲਈ ਰਿਸ਼ਵਤ ਦੇ ਫੌਜਦਾਰੀ ਮੁਕੱਦਮੇ ਤੋਂ ਛੋਟ ਹਾਸਲ ਹੈ। ਸੱਤ ਮੈਂਬਰੀ ਬੈਂਚ ਨੇ ਅੱਜ ਕਿਹਾ ਕਿ 1998 ਦੇ ਬਹੁਮਤ ਦੇ ਫ਼ੈਸਲੇ ਦਾ ਜਨਤਕ ਹਿੱਤਾਂ, ਜਨਤਕ ਜੀਵਨ ’ਚ ਇਮਾਨਦਾਰੀ ਤੇ ਸੰਸਦੀ ਲੋਕਤੰਤਰ ’ਤੇ ਵੱਡਾ ਪ੍ਰਭਾਵ ਪਿਆ ਹੈ। ਇਸ ਵਿੱਚ ਕਿਹਾ ਗਿਆ ਹੈ, ‘ਵਿਧਾਨ ਪਾਲਿਕਾ ਦਾ ਕੋਈ ਵੀ ਮੈਂਬਰ ਸਦਨ ’ਚ ਵੋਟ ਪਾਉਣ ਜਾਂ ਭਾਸ਼ਣ ਦੇਣ ਲਈ ਰਿਸ਼ਵਤਖੋਰੀ ਦੇ ਦੋਸ਼ ’ਚ ਮੁਕੱਦਮੇ ਤੋਂ ਆਰਟੀਕਲ 105 ਤੇ 194 ਤਹਿਤ ਛੋਟ ਪਾਉਣ ਦੇ ਵਿਸ਼ੇਸ਼ ਅਧਿਕਾਰ ਦਾ ਦਾਅਵਾ ਨਹੀਂ ਕਰ ਸਕਦਾ।’
ਅਦਾਲਤ ਨੇ ਕਿਹਾ ਕਿ ਸੰਵਿਧਾਨ ਦੇ ਆਰਟੀਕਲ 105 ਤੇ 194 ਇੱਕ ਅਜਿਹਾ ਮਾਹੌਲ ਬਣਾਏ ਰੱਖਣ ਦੀ ਕੋਸ਼ਿਸ਼ ਕਰਦੇ ਹਨ ਜਿਸ ਨਾਲ ਸਦਨ ਅੰਦਰ ਬਹਿਸ ਤੇ ਵਿਚਾਰ-ਚਰਚਾ ਹੋ ਸਕੇ। ਉਨ੍ਹਾਂ ਕਿਹਾ, ‘ਇਹ ਮਕਸਦ ਉਸ ਸਮੇਂ ਖਤਮ ਹੋ ਜਾਂਦਾ ਹੈ ਜਦੋ ਕਿਸੇ ਮੈਂਬਰ ਨੂੰ ਰਿਸ਼ਵਤ ਦੇ ਕੇ ਵੋਟ ਦੇਣ ਜਾਂ ਬੋਲਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।’ -ਪੀਟੀਆਈ

Advertisement

ਵੋਟ ਬਦਲੇ ਨੋਟ ਕੇਸ ਦਾ ਇਤਿਹਾਸ

ਨਵੀਂ ਦਿੱਲੀ: ਸਾਲ 2012 ’ਚ ਰਾਜ ਸਭਾ ਚੋਣਾਂ ਦੌਰਾਨ ਝਾਰਖੰਡ ਮੁਕਤੀ ਮੋਰਚਾ ਦੀ ਵਿਧਾਇਕਾ ਸੀਤਾ ਸੋਰੇਨ ਨੇ ਆਜ਼ਾਦ ਉਮੀਦਵਾਰ ਆਰ ਕੇ ਅਗਰਵਾਲ ਦੇ ਹੱਕ ’ਚ ਵੋਟ ਪਾਉਣ ਲਈ ਰਿਸ਼ਵਤ ਲਈ ਸੀ ਪਰ ਉਸ ਨੂੰ ਵੋਟ ਨਹੀਂ ਦਿੱਤੀ। ਇਸ ਮਗਰੋਂ ਸੀਬੀਆਈ ਨੇ ਜਾਂਚ ਸ਼ੁਰੂ ਕੀਤੀ। ਜੇਐੱਮਐੱਮ ਦੇ ਬਾਨੀ ਸ਼ਬਿੂ ਸੋਰੇਨ ਦੀ ਨੂੰਹ ਸੀਤਾ ਸੋਰੇਨ ਨੇ ਸੰਵਿਧਾਨ ਦੀ ਧਾਰਾ 194 (2) ਦਾ ਹਵਾਲਾ ਦਿੰਦਿਆਂ ਝਾਰਖੰਡ ਹਾਈ ਕੋਰਟ ’ਚ ਦਲੀਲ ਦਿੱਤੀ ਸੀ ਕਿ ਇਹ ਧਾਰਾ ਤਹਿਤ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਸਦਨ ’ਚ ਕੀਤੀ ਗਈ ਗੱਲ ਜਾਂ ਵੋਟ ਦੇ ਮਾਮਲੇ ’ਚ ਛੋਟ ਹਾਸਲ ਹੈ। ਸਾਲ 2014 ’ਚ ਝਾਰਖੰਡ ਹਾਈ ਕੋਰਟ ਨੇ ਸੀਬੀਆਈ ਵੱਲੋਂ ਉਸ ਖ਼ਿਲਾਫ਼ ਦਾਇਰ ਕੇਸ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਮਗਰੋਂ ਸੀਤਾ ਸੋਰੇਨ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ। ਸਾਲ 2019 ’ਚ ਤਤਕਾਲੀ ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਹੇਠਲੇ ਤਿੰਨ ਮੈਂਬਰੀ ਬੈਂਚ ਨੇ ਇਹ ਮਾਮਲਾ ਵਡੇਰੇ ਬੈਂਚ ਹਵਾਲੇ ਕਰ ਦਿੱਤਾ ਸੀ। -ਪੀਟੀਆਈ

ਦੇਸ਼ ’ਚ ਸਾਫ-ਸੁਥਰੀ ਸਿਆਸਤ ਯਕੀਨੀ ਹੋਵੇਗੀ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਝਾਰਖੰਡ ਮੁਕਤੀ ਮੋਰਚਾ ਰਿਸ਼ਵਤ ਮਾਮਲੇ ’ਚ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਦੇਸ਼ ’ਚ ਸਾਫ-ਸੁਥਰੀ ਰਾਜਨੀਤੀ ਯਕੀਨੀ ਬਣਾਏਗਾ ਅਤੇ ਸਿਸਟਮ ’ਚ ਲੋਕਾਂ ਦਾ ਭਰੋਸਾ ਹੋਰ ਡੂੰਘਾ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਸ ਫ਼ੈਸਲੇ ਨਾਲ ਸਬੰਧਤ ਇੱਕ ਰਿਪੋਰਟ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਸਾਂਝੀ ਕਰਦਿਆਂ ਕਿਹਾ, ‘ਸਵਾਗਤ ! ਮਾਣਯੋਗ ਸੁਪਰੀਮ ਕੋਰਟ ਦਾ ਇੱਕ ਸ਼ਾਨਦਾਰ ਫ਼ੈਸਲਾ ਜੋ ਸਾਫ-ਸੁਥਰੀ ਸਿਆਸਤ ਯਕੀਨੀ ਬਣਾਏਗਾ ਅਤੇ ਸਿਸਟਮ ’ਚ ਲੋਕਾਂ ਦਾ ਭਰੋਸਾ ਵਧਾਏਗਾ।’ -ਪੀਟੀਆਈ

ਸੁਪਰੀਮ ਕੋਰਟ ਨੇ ਕਾਨੂੰਨ ਦਰੁਸਤ ਕੀਤਾ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਨੂੰਨ ਨੂੰ ਦਰੁਸਤ ਕੀਤਾ ਜਾਣਾ ਜ਼ਰੂਰੀ ਸੀ ਅਤੇ ਇਹ ਪਹਿਲਾਂ ਕੀਤਾ ਜਾਣਾ ਚਾਹੀਦਾ ਸੀ। ਪਾਰਟੀ ਦੇ ਬੁਲਾਰੇ ਤੇ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਕਾਨੂੰਨੀ ਮਸਲੇ ਦੀ ਇਹ ਦਰੁਸਤੀ ਕਈ ਸਾਲਾਂ ਤੋਂ ਪੈਂਡਿੰਗ ਸੀ। ਉਨ੍ਹਾਂ ਇੱਕ ਵੀਡੀਓ ਜਾਰੀ ਕਰਕੇ ਕਿਹਾ, ‘ਇਹ ਇੱਕ ਜ਼ਰੂਰੀ ਤੇ ਸਵਾਗਤਯੋਗ ਫ਼ੈਸਲਾ ਹੈ। ਇਹ ਕੁਝ ਅਜਿਹਾ ਹੈ ਜੋ ਕਾਨੂੰਨ ਨੂੰ ਸਹੀ ਬਣਾਉਂਦਾ ਹੈ ਅਤੇ ਇਹ ਪਹਿਲਾਂ ਕੀਤਾ ਜਾਣਾ ਚਾਹੀਦਾ ਸੀ।’ ਉਨ੍ਹਾਂ ਕਿਹਾ ਕਿ ਕੇਸ ਦੇ ਤੱਥਾਂ ’ਤੇ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਕਿਸੇ ਨੂੰ ਰਿਸ਼ਵਤ ਮਿਲੀ ਜਾਂ ਨਹੀਂ, ਬਾਰੇ ਫ਼ੈਸਲਾ ਨਹੀਂ ਹੈ। -ਪੀਟੀਆਈ

ਫ਼ੈਸਲਿਆਂ ’ਤੇ ਪੁਨਰ ਵਿਚਾਰ ਦੀ ਸਮਰੱਥਾ ਜ਼ਰੂਰੀ: ਸੁਪਰੀਮ ਕੋਰਟ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਜੇਕਰ ਸਿਖਰਲੀ ਅਦਾਲਤ ਨੂੰ ਆਪਣੇ ਫ਼ੈਸਲਿਆਂ ’ਤੇ ਮੁੜ ਵਿਚਾਰ ਕਰਨ ਦੀ ਸ਼ਕਤੀ ਤੋਂ ਵਾਂਝਾ ਕਰ ਦਿੱਤਾ ਗਿਆ ਤਾਂ ਸੰਵਿਧਾਨਕ ਨਿਆਂ ਸ਼ਾਸਤਰ ਦਾ ਵਿਕਾਸ ਅਸਲ ਵਿੱਚ ਰੁਕ ਜਾਵੇਗਾ। ਆਪਣੇ ਇਤਿਹਾਸਕ ਫ਼ੈਸਲੇ ’ਚ ਸੁਪਰੀਮ ਕੋਰਟ ਨੇ ਕਿਹਾ ਕਿ ਕਾਨੂੰਨ ਦੇ ਵਿਕਾਸ ਤੇ ਨਿਆਂ ਦੀ ਪ੍ਰਗਤੀ ਲਈ ਆਪਣੇ ਫ਼ੈਸਲਿਆਂ ’ਤੇ ਪੁਨਰ ਵਿਚਾਰ ਦੀ ਸਮਰਥਾ ਜ਼ਰੂਰੀ ਹੈ। ਸੰਵਿਧਾਨਕ ਬੈਂਚ ਨੇ ਕਿਹਾ ‘ਸਟੇਅਰ ਡਿਸੀਸਿਸ’ ਦਾ ਸਿਧਾਂਤ ਕਾਨੂੰਨ ਦਾ ਕੋਈ ਨਾ ਬਲਦਣਯੋਗ ਨਿਯਮ ਨਹੀਂ ਹੈ। ਬੈਂਚ ਨੇ ਕਿਹਾ ਕਿ ਅਤੀਤ ਵਿੱਚ ਸਿਖਰਲੀ ਅਦਾਲਤ ਨੇ ਪਹਿਲਾਂ ਬਣੇ ਸੰਵਿਧਾਨ ’ਤੇ ਮੁੜ ਵਿਚਾਰ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜੇਕਰ ਇਹ ਗ਼ੈਰ ਵਾਜਬਿ, ਗੈਰ ਵਿਹਾਰਕ ਜਾਂ ਜਨਤਕ ਹਿੱਤ ਦੇ ਉਲਟ ਸੀ। ਬੈਂਚ ਨੇ ਕਿਹਾ, ‘ਇਹ ਅਦਾਲਤ ਆਪਣੇ ਫ਼ੈਸਲਿਆਂ ਦੀ ਸਮੀਖਿਆ ਕਰ ਸਕਦੀ ਹੈ ਜੇਕਰ ਉਸ ਨੂੰ ਲਗਦਾ ਹੈ ਕਿ ਕੋਈ ਖਾਮੀ ਹੈ ਜਾਂ ਫੈਸਲੇ ਦਾ ਪ੍ਰਭਾਵ ਲੋਕਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਏਗਾ ਜਾਂ ਜੇਕਰ ਇਹ ਸੰਵਿਧਾਨ ਦੇ ਕਾਨੂੰਨੀ ਫਲਸਫੇ ਨਾਲ ਤਰਕ ਸੰਗਤ ਨਹੀਂ ਹੈ।’ -ਪੀਟੀਆਈ

Advertisement
Author Image

joginder kumar

View all posts

Advertisement