ਜੇਈਜ਼ ਕੌਂਸਲ ਦੇ ਮੈਂਬਰਾਂ ਨੇ ਪਾਵਰਕੌਮ ਦਫ਼ਤਰ ਅੱਗੇ ਦਿਖਾਈ ‘ਪਾਵਰ’
ਪੱਤਰ ਪ੍ਰੇਰਕ
ਪਟਿਆਲਾ, 26 ਜੂਨ
ਇੱਥੇ ਜੇਈਜ਼ ਕੌਂਸਲ ਪੀਐੱਸਈਬੀ ਦੇ ਮੈਂਬਰਾਂ ਨੇ ਅੱਜ ਇੱਥੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕੌਮ) ਦੇ ਇੱਥੇ 23 ਨੰਬਰ ਕੋਲ ਸਥਿਤ ਸ਼ੈੱਡਾਂ ਵਾਲੇ ਦਫ਼ਤਰ ਮੂਹਰੇ ਸੂਬਾਈ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਕੌਂਸਲ ਦੇ ਪ੍ਰਧਾਨ ਇੰਜ. ਪਰਮਜੀਤ ਸਿੰਘ ਖੱਟੜਾ ਤੇ ਸੂਬਾ ਜਨਰਲ ਸਕੱਤਰ ਇੰਜ. ਦਵਿੰਦਰ ਸਿੰਘ ਨੇ ਪਾਵਰ ਜੂਨੀਅਰ ਇੰਜੀਨੀਅਰਜ਼ ਨੂੰ ਮੁੱਢਲੀ ਤਨਖ਼ਾਹ 19260 ਰੁਪਏ ਅਤੇ ਪੇਅ ਕਨਵਰਜ਼ਨ ਟੇਬਲ ਅੰਦਰ ਵੱਖਰਾ ਗਰੁੱਪ ਦੀ ਮੰਗ ਪ੍ਰਵਾਨ ਕਰਦਿਆਂ ਪੰਜਾਬ ਵਿੱਤ ਵਿਭਾਗ ਵੱਲੋਂ ਲਗਾਈਆਂ ਸ਼ਰਤਾਂ ਨੂੰ ਹਟਾਉਣ ਵਿਚ ਬੇਲੋੜੀ ਦੇਰੀ ਦਾ ਸਖ਼ਤ ਵਿਰੋਧ ਕੀਤਾ।
ਉਨ੍ਹਾਂ ਕਿਹਾ ਕਿ ਕੁਝ ਬੀਟੈਕ ਜੇਈਜ਼ ਦੁਆਰਾ ਹਾਈ ਕੋਰਟ ਤੋਂ ਅਦਾਲਤੀ ਸਟੇਅ ਪ੍ਰਾਪਤ ਕਰਨ ਕਰਕੇ ਪਹਿਲਾਂ ਹੀ ਨਾਨ-ਡਿਗਰੀ ਜੇਈਜ਼ ਅਤੇ ਬੀਈ ਟੈਕ ਜੇਈਜ਼ ਦੀਆਂ ਤਰੱਕੀਆਂ ਦਾ ਵੀ ਨੁਕਸਾਨ ਹੋਇਆ ਹੈ। ਇਸ ਨਾਲ ਬਹੁਤ ਸਾਰੇ ਜੇਈ ਅਤੇ ਏਏਈ, ਵਧੀਕ ਸਹਾਇਕ ਇੰਜਨੀਅਰ ਅਤੇ ਏਈ ਵਜੋਂ ਤਰੱਕੀ ਪ੍ਰਾਪਤ ਕੀਤੇ ਬਿਨਾਂ ਸੇਵਾ ਮੁਕਤ ਹੋ ਗਏ ਹਨ। ਕੌਂਸਲ ਲੀਡਰਸ਼ਿਪ ਨੇ ਬੀਟੈਕ ਜੇਈਜ਼ ਦੇ ਅਖੌਤੀ ਕੋਰਟ ਕੇਸ ਗਰੁੱਪ ਦੀ ਸਖ਼ਤ ਆਲੋਚਨਾ ਕੀਤੀ। ਦੂਜੇ ਪੜਾਅ ਵਿੱਚ ਜੇਈਜ਼ ਕੌਂਸਲ ਦੇ ਸਾਰੇ ਕੇਂਦਰੀ ਵਰਕਿੰਗ ਕਮੇਟੀ ਮੈਂਬਰਜ਼ ਜੁਲਾਈ 2023 ਦੇ ਪਹਿਲੇ ਹਫ਼ਤੇ ਪਾਵਰਕੌਮ ਦੇ ਮੁੱਖ ਦਫ਼ਤਰ ਪਟਿਆਲਾ ਸਾਹਮਣੇ ਇੱਕ ਦਿਨ ਦਾ ਸ਼ਾਂਤਮਈ ਧਰਨਾ ਦੇਣਗੇ ਤਾਂ ਜੋ ਪੰਜਾਬ ਸਰਕਾਰ ਅਤੇ ਪਾਵਰਕਾਮ ਦਾ ਪਾਵਰ ਜੂਨੀਅਰ ਇੰਜਨੀਅਰਜ਼ ਦੀਆਂ ਮਹੱਤਵਪੂਰਨ ਮੰਗਾਂ ਦਾ ਬਿਨਾਂ ਹੋਰ ਸਮਾਂ ਗਵਾਏ ਨਿਪਟਾਰਾ ਹੋ ਸਕੇ। ਉਨ੍ਹਾਂ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।