ਸੰਸਦ ਮੈਂਬਰ ਵੱਲੋਂ ਸ਼ੇਰਪੁਰ ਹਸਪਤਾਲ ਦਾ ਦੌਰਾ
ਪੱਤਰ ਪ੍ਰੇਰਕ
ਸ਼ੇਰਪੁਰ, 8 ਜੁਲਾਈ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਅੱਜ ਕਮਿਉਨਿਟੀ ਹੈਲਥ ਸੈਂਟਰ ਸ਼ੇਰਪੁਰ ਦਾ ਦੌਰਾ ਕੀਤਾ। ਉਨ੍ਹਾਂ ਹਸਪਤਾਲ ਦੀਆਂ ਘਾਟਾਂ ਸਬੰਧੀ ਮੁੱਖ ਮੰਤਰੀ ਨੂੰ ਪੱਤਰ ਲਿਖਣ ਤੇ ਆਪਣੇ ਵੱਲੋਂ ਯੋਗ ਮਦਦ ਦਾ ਵਾਅਦਾ ਕੀਤਾ। ਯਾਦ ਰਹੇ ਕਿ ਦਰਜ਼ਨਾਂ ਪਿੰਡਾਂ ਦੇ ਕੇਂਦਰ ਬਿੰਦੂ ਸਰਕਾਰੀ ਹਸਪਤਾਲ ਸ਼ੇਰਪੁਰ ‘ਚ ਐਸਐਮਓ, ਮਾਹਰ ਡਾਕਟਰਾਂ ਸਮੇਤ ਸਿਹਤ ਅਮਲੇ ਦੀਆਂ ਵੱਡੀ ਗਿਣਤੀ ਅਸਾਮੀ ਖਾਲੀ ਹੋਣ ਤੇ ਹੋਰ ਸਮੱਸਿਆਵਾਂ ਸਬੰਧੀ ਐਕਸ਼ਨ ਕਮੇਟੀ ਦੀ ਮੀਟਿੰਗ ਮਗਰੋਂ ਮਾਮਲਾ ਸੁਰਖੀਆਂ ਵਿੱਚ ਚੱਲ ਰਿਹਾ ਸੀ।
ਐਮਪੀ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਸ ਹਸਪਤਾਲ ਵਿੱਚੋਂ ਐੱਸਐੱਮਓ ਦੀ ਬਦਲੀ ਹੋ ਚੁੱਕੀ ਹੈ, ਮਾਹਰ ਡਾਕਟਰਾਂ ਦੀ ਘਾਟ ਹੈ, ਲੈਬ ਟੈਕਨੀਸ਼ੀਅਨ ਨਾ ਹੋਣ ਕਾਰਨ ਲੋਕ ਪ੍ਰਾਈਵੇਟ ਪੱਧਰ ’ਤੇ ਟੈਸਟ ਕਰਵਾ ਰਹੇ ਹਨ, ਡਾਕਟਰੀ ਪੇਸ਼ੇ ਨਾਲ ਸਬੰਧਤ ਲੋੜੀਂਦੇ ਔਜਾਰਾਂ ਦੀ ਘਾਟ ਹੈ, ਕਿਸੇ ਸਮੇਂ ਚਲਦੀਆਂ ਰਹੀਆਂ ਐਮਰਜੈਂਸੀ ਸੇਵਾਵਾਂ ਬੰਦ ਹਨ, ਡਰਾਈਵਰਾਂ ਦੀਆਂ ਖਾਲੀ ਅਸਾਮੀਆਂ ਕਾਰਨ ਐਂਬੂਲੈਂਸ ਬੇਕਾਰ ਖੜ੍ਹੀ ਹੋਣ ਤੋਂ ਇਲਾਵਾ ਉਨ੍ਹਾਂ ਹਸਪਤਾਲ ਦੀ ਸਫ਼ਾਈ ’ਤੇ ਸੁਆਲ ਉਠਾਏ।
ਅਕਾਲੀ-ਭਾਜਪਾ ਗੱਠਜੋੜ ਦੀਆਂ ਮੁੜ ਸੰਭਾਵਨਾਵਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਹ ਹਮੇਸ਼ਾ ਹੀ ਘਿਉ-ਖਿਚੜੀ ਰਹੇ ਹਨ ਅਤੇ ਇਹ ਕੋਈ ਆਲੋਕਾਰੀ ਗੱਲ ਨਹੀਂ। ਇਸ ਮੌਕੇ ਉਨ੍ਹਾਂ ਨਾਲ ਨਿੱਜੀ ਸਹਾਇਕ ਗੁਰਜੰਟ ਸਿੰਘ ਕੱਟੂ, ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਹਰਬੰਸ ਸਿੰਘ ਸਲੇਮਪੁਰ, ਅਮਰਜੀਤ ਸਿੰਘ ਬਾਦਸ਼ਾਹਪੁਰ, ਨਰਿੰਦਰ ਸਿੰਘ ਕਾਲਾਬੂਲਾ, ਜਗਤਾਰ ਸਿੰਘ ਖੇੜੀ ਆਦਿ ਹਾਜ਼ਰ ਸਨ।