ਪੰਜਾਬ ’ਵਰਸਿਟੀ ਬਚਾਓ ਮੋਰਚੇ ਦੇ ਧਰਨੇ ’ਚ ਪੁੱਜੇ ਸੰਸਦ ਮੈਂਬਰ ਸਰਬਜੀਤ ਸਿੰਘ
ਕੁਲਦੀਪ ਸਿੰਘ
ਚੰਡੀਗੜ੍ਹ, 11 ਨਵੰਬਰ
ਪੰਜਾਬ ਯੂਨੀਵਰਸਿਟੀ ਵਿੱਚ ਲੋਕਤੰਤਰਿਕ ਢਾਂਚੇ ਨੂੰ ਬਹਾਲ ਕਰਵਾਉਣ ਲਈ ਵਾਈਸ ਚਾਂਸਲਰ ਦਫ਼ਤਰ ਅੱਗੇ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਅਤੇ ਸੈਨੇਟਰਾਂ ਵੱਲੋਂ ਲਗਾਏ ਪੀਯੂ ਬਚਾਓ ਮੋਰਚੇ ਵਿੱਚ ਅੱਜ ਫ਼ਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਸ਼ਿਰਕਤ ਕੀਤੀ। ਇਕੱਤਰ ਹੋਏ ਵਿਦਿਆਰਥੀਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਸਰਬਜੀਤ ਸਿੰਘ ਨੇ ਕਿਹਾ ਕਿ ਪੰਜਾਬ ਯੂਨੀਵਰਸਟੀ ਦੀ ਸੈਨੇਟ ਨੂੰ ਖ਼ਤਮ ਕਰ ਕੇ, ਭਾਜਪਾ ਅਤੇ ਸੰਘ ਪੰਜਾਬ ਯੂਨੀਵਰਸਿਟੀ ਨੂੰ ਹਥਿਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸੈਨੇਟ ਦੇ ਇੰਨੇ ਲੰਬੇ ਕਾਰਜਕਾਲ ਦੌਰਾਨ ਕਦੇ ਕਿਸੇ ਕਿਸਮ ਦਾ ਕੋਈ ਦੋਸ਼ ਨਹੀਂ ਲੱਗਿਆ ਤਾਂ ਫਿਰ ਸੈਨੇਟ ਨੂੰ ਖ਼ਤਮ ਕਰਨ ਦਾ ਕੋਈ ਕਾਰਨ ਹੀ ਨਹੀਂ ਬਣਦਾ। ਕੇਂਦਰ ਨੂੰ ਇਸ ਸੈਨੇਟ ਦੇ ਮਸਲੇ ’ਤੇ ਸੰਜੀਦਗੀ ਨਾਲ਼ ਕੰਮ ਲੈਣਾ ਚਾਹੀਦਾ ਹੈ ਕਿਉਂਕਿ ਪੰਜਾਬ ਯੂਨੀਵਰਸਟੀ ਦੇ ਨਾਲ਼-ਨਾਲ਼ ਪੰਜਾਬ ਦੇ 200 ਤੋਂ ਵੱਧ ਕਾਲਜ ਵੀ ਪ੍ਰਭਾਵਿਤ ਹੋਣਗੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਸੈਨੇਟ ਚੋਣਾਂ ਦੇ ਮਸਲੇ ਨੂੰ ਲੋਕ ਸਭਾ ਵਿੱਚ ਵੀ ਜ਼ਰੂਰ ਚੁੱਕਣਗੇ।
ਪੀਯੂ ਦੇ ਐਲੂਮਨੀ ਜੱਜ ਅਤੇ ਵਕੀਲ ਵੀ ਹੋਣਗੇ ਇਕਜੁੱਟ
ਬਾਰ ਐਸੋਸੀਏਸ਼ਨ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਅਹੁਦੇਦਾਰਾਂ ਵੱਲੋਂ ਵੀ ਅੱਜ ਪੰਜਾਬ ਯੂਨੀਵਰਸਟੀ ਬਚਾਓ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜਸਦੇਵ ਸਿੰਘ ਬਰਾੜ ਨੇ ਇਸ ਮੋਰਚੇ ਦਾ ਸਮਰਥਨ ਕੀਤਾ ਅਤੇ ਕਿਹਾ ਕਿ 25 ਨਵੰਬਰ ਨੂੰ ਸੈਨੇਟ ਦੇ ਚੱਲ ਰਹੇ ਕੇਸ ਦੀ ਅਗਲੀ ਸੁਣਵਾਈ ਦੀ ਤਰੀਕ ਹੈ। ਉਸ ਦਿਨ ਪੰਜਾਬ ਯੂਨੀਵਰਸਟੀ ਦੇ ਸਾਰੇ ਐਲੂਮਨੀ ਜੱਜ ਅਤੇ ਵਕੀਲ ਇਕਜੁੱਟ ਹੋ ਕੇ ਬੈਂਚ ਦੇ ਸਾਹਮਣੇ ਪੇਸ਼ ਹੋਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਲਿਖਤੀ ਰੂਪ ਵਿੱਚ ਇਹ ਕਿਧਰੇ ਵੀ ਨਹੀਂ ਲਿਖਿਆ ਕਿ ਸੈਨੇਟ ਖ਼ਤਮ ਹੋਣ ਤੋਂ ਬਾਅਦ ਸਾਰੀ ਸ਼ਕਤੀ ਵਾਈਸ ਚਾਂਸਲਰ ਦੇ ਕੋਲ਼ ਜਾਵੇਗੀ। ਇਸ ਲਈ ਵਾਈਸ ਚਾਂਸਲਰ ਇਸ ਸਮੇਂ ਗੈਰ-ਕਾਨੂੰਨੀ ਅਤੇ ਨਜਾਇਜ਼ ਤੌਰ ’ਤੇ ਇਸ ਸ਼ਕਤੀ ਦੀ ਵਰਤੋਂ ਕਰ ਰਹੇ ਹਨ।