ਮੈਲਬਰਨ: ਸ਼ਬਾਨਾ ਆਜ਼ਮੀ ਨੇ ਲਹਿਰਾਇਆ ਤਿਰੰਗਾ
ਮੁੰਬਈ: ਅਦਾਕਾਰਾ ਸ਼ਬਾਨਾ ਆਜ਼ਮੀ ਨੇ ਮੈਲਬਰਨ ਵਿੱਚ ਚੱਲ ਰਹੇ 14ਵੇਂ ਭਾਰਤੀ ਫਿਲਮ ਫੈਸਟੀਵਲ ਦੌਰਾਨ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਤਹਿਤ ਤਿਰੰਗਾ ਲਹਿਰਾਇਆ। ਇਸ ਮੌਕੇ ਦਰਸ਼ਕਾਂ ਵਿੱਚ ਹਾਜ਼ਰ ਵੱਡੀ ਗਿਣਤੀ ਭਾਰਤੀਆਂ ਨੇ ਦੇਸ਼ ਪ੍ਰਤੀ ਆਸਥਾ ਦਾ ਪ੍ਰਗਟਾਵਾ ਕੀਤਾ। ਇਸ ਬਾਰੇ ਸ਼ਬਾਨਾ ਆਜ਼ਮੀ ਨੇ ਕਿਹਾ, ‘ਭਾਰਤ ਦਾ ਕੌਮੀ ਝੰਡਾ, ਜਿਸ ਦੀ ਮੈਂ ਬਹੁਤ ਇੱਜ਼ਤ ਕਰਦੀ ਹਾਂ, ਨੂੰ ਲਹਿਰਾਉਣ ਦਾ ਮੌਕਾ ਮਿਲਣਾ ਮੇਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।’ ਅਦਾਕਾਰਾ ਨੇ ਕਿਹਾ, ‘ਅਸੀਂ ਇਥੇ ਮੈਲਬਰਨ ਵਿੱਚ ਭਾਰਤੀ ਸਿਨੇਮਾ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ ਹਾਂ ਤੇ ਮੈਂ ਇਹ ਮੰਨਦੀ ਹਾਂ ਕਿ ਕਲਾ ਲਈ ਕੋਈ ਸਰਹੱਦ ਨਹੀਂ ਹੁੰਦੀ ਅਤੇ ਸਿਨੇਮਾ ਰਾਹੀਂ ਸਮਾਜ ਵਿੱਚ ਵੱਡੀਆਂ ਤਬਦੀਲੀਆਂ ਲਿਆਂਦੀਆਂ ਜਾ ਸਕਦੀਆਂ ਹਨ।’ ਜ਼ਿਕਰਯੋਗ ਹੈ ਕਿ ਬੀਤੀ 11 ਅਗਸਤ ਨੂੰ ਸ਼ੁਰੂ ਹੋਇਆ ਇਹ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ 20 ਅਗਸਤ ਤੱਕ ਜਾਰੀ ਰਹੇਗਾ। ਇਸ ਫੈਸਟੀਵਲ ਦੌਰਾਨ ਆਈਐੱਫਐੱਫਐੱਮ ਵੱਲੋਂ ਕਈ ਭਾਰਤੀ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ ਹੈ, ਜਿਸ ਦੌਰਾਨ ਰਾਣੀ ਮੁਖਰਜੀ ਨੂੰ ਸਰਵੋਤਮ ਅਦਾਕਾਰਾ (ਫਿਲਮ) ਤੇ ਵਿਜੈ ਵਰਮਾ ਨੂੰ ਸਰਵੋਤਮ ਅਦਾਕਾਰ (ਸੀਰੀਜ਼) ਵਰਗੇ ਚੋਟੀ ਦੇ ਐਵਾਰਡ ਹਾਸਲ ਹੋਏ ਹਨ। -ਆਈਏਐੱਨਐੱਸ