ਮੇਲਾ ਮਾਘੀ ਅੱਜ ਤੋਂ; ਸੁਰੱਖਿਆ ਪ੍ਰਬੰਧ ਮੁਕੰਮਲ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 11 ਜਨਵਰੀ
ਮੇਲਾ ਮਾਘੀ ਉਪਰ ਚਾਲ੍ਹੀ ਮੁਕਤਿਆਂ ਨੂੰ ਨਤਮਸਤਕ ਹੋਣ ਆਈਆਂ ਸੰਗਤਾਂ ਦੇ ਦਰਸ਼ਨ - ਇਸ਼ਨਾਨ ਵਾਸਤੇ ਵੱਡੇ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰੇਸ਼ਮ ਸਿੰਘ ਨੇ ਦੱਸਿਆ ਕਿ 12 ਤੋਂ 14 ਤੱਕ ਧਾਰਮਿਕ ਚਿੱਤਰ ਪ੍ਰਦਰਸ਼ਨੀ, ਕੀਰਤਨ ਅਤੇ ਕਵੀਸ਼ਰੀ ਹੋਵੇਗੀ। 14 ਨੂੰ ਨਗਰ ਕੀਰਤਨ ਹੋਵੇਗਾ। ਸੰਗਤਾਂ ਦੇ ਠਹਿਰਨ ਵਾਸਤੇ 200 ਕਮਰਿਆਂ ਦੀ ਸਰਾਂ ਅਤੇ ਹੋਰ ਪ੍ਰਬੰਧ ਕੀਤੇ ਗਏ ਹਨ। ਇਸੇ ਦੌਰਾਨ ਅਕਾਲੀ ਦਲ ਵੱਲੋਂ ਦੋ ਕਾਨਫਰੰਸਾਂ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਇਸਤਰੀ ਕਾਨਫੰਰਸ 12 ਨੂੰ ਹੋਵੇਗੀ ਅਤੇ ਦੂਜੀ ਕਾਨਫਰੰਸ 13 ਜਨਵਰੀ ਨੂੰ ਮੁਕਤਸਰ-ਮਲੋਟ ਰੋਡ ਉਪਰ ਹੋਵੇਗੀ। ਕਾਨਫਰੰਸ ਸਥਾਨ ਦਾ ਜਾਇਜ਼ਾ ਲੈਣ ਲਈ ਖੁਦ ਸੁਖਬੀਰ ਸਿੰਘ ਬਾਦਲ ਇਥੇ ਪੁੱਜੇ ਹੋਏ ਸਨ।
ਇਸ ਮੌਕੇ ਰੋਜ਼ੀ ਬਰਕੰਦੀ, ਹਨੀ ਫੱਤਣਵਾਲਾ ਅਤੇ ਪ੍ਰੀਤਇੰਦਰ ਸਿੰਘ ਸੰਮੇਵਾਲੀ ਸਣੇ ਹੋਰ ਆਗੂ ਵੀ ਪਿੰਡਾਂ ’ਚ ਬੈਠਕਾਂ ਕਰ ਰਹੇ ਹਨ। ਆਗੂਆਂ ਨੇ ਦਾਅਵਾ ਕੀਤਾ ਕਿ ਕਾਨਫਰੰਸਾਂ ’ਚ ਰਿਕਾਰਡ ਤੋੜ ਇਕੱਠ ਹੋਵੇਗਾ। ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਸੁਰੱਖਿਆ, ਸਫ਼ਾਈ, ਆਵਾਜਾਈ ਸਹੂਲਤਾਂ ਅਤੇ ਧਾਰਮਿਕ ਪੇਸ਼ਕਾਰੀਆਂ ਲਈ ਵਿਆਪਕ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ 13 ਤੋਂ 15 ਜਨਵਰੀ ਤੱਕ ‘ਹੁਨਰ ਹਾਟ’ ਦੀ ਪੇਸ਼ਕਾਰੀ ਹੋਵੇਗੀ ਜਿਥੇ ਦਸਤਕਾਰ ਅਤੇ ਸਵੈ ਸਹਾਇਤਾ ਸਮੂਹ ਸਟਾਲਾਂ ਲਾਉਣਗੇ। 14 ਤੇ 15 ਜਨਵਰੀ ਦੀ ਸ਼ਾਮ ‘ਸਰਬੰਸਦਾਨੀ’ ਸਿਰਲੇਖ ਹੇਠ ‘ਪੰਜਾਬ ਆਰਟ ਗਰੁੱਪ’ ਵੱਲੋਂ ਰੋਸ਼ਨੀ ਤੇ ਆਵਾਜ਼ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਮੌਕੇ ਏਡੀਸੀ ਡਾ. ਨਯਨ, ਐੱਸਡੀਐੱਮ ਕੰਵਰਜੀਤ ਸਿੰਘ ਤੇ ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫਸਰ ਜਗਮੋਹਨ ਸਿੰਘ ਮਾਨ ਵੀ ਮੌਜੂਦ ਸਨ। ਮੇਲੇ ਦੌਰਾਨ ਕੌਮੀ ਪੱਧਰ ਦੀ ਘੋੜਾ ਮੰਡੀ ਵੀ ਖਿੱਚ ਦਾ ਕੇਂਦਰ ਬਣੀ ਹੋਈ ਹੈ ਜਿਸ ਵਿੱਚ ਮੁਲਕ ਭਰ ਦੇ ਘੋੜਾ ਵਪਾਰੀ ਪੁੱਜਦੇ ਹਨ। ਇਸੇ ਤਰ੍ਹਾਂ ਮੰਨੋਰੰਜਨ ਮੇਲਾ ਅਤੇ ਮੇਲਾ ਬਾਜ਼ਾਰ ਵੀ ਸਜ ਗਿਆ ਹੈ। ਮੌਸਮ ਖੁਸ਼ਗਵਾਰ ਹੋਣ ਕਾਰਨ ਵੱਡੀ ਗਿਣਤੀ ’ਚ ਲੋਕਾਂ ਦੇ ਪੁੱਜਣ ਦੀ ਉਮੀਦ ਹੈ।
ਤਰਕਸ਼ੀਲ ਨਾਟ-ਮੇਲਾ 25ਵੇਂ ਵਰ੍ਹੇ ਵਿੱਚ ਦਾਖਲ
ਮੇਲਾ ਮਾਘੀ ਮੌਕੇ ਹੋਣ ਵਾਲਾ ਤਰਕਸ਼ੀਲ ਨਾਟ ਮੇਲਾ 25ਵੇਂ ਵਰ੍ਹੇ ਵਿੱਚ ਦਾਖਲ ਹੋ ਗਿਆ ਹੈ। ਮੇਲਾ ਪ੍ਰਬੰਧਕ ਪ੍ਰਵੀਨ ਜੰਡਵਾਲਾ ਅਤੇ ਰਾਮ ਸਵਰਨ ਲੱਖੇਵਾਲੀ ਨੇ ਦੱਸਿਆ ਕਿ ਲੋਕ ਨਾਟਕਕਾਰ ਗੁਰਸ਼ਰਨ ਸਿੰਘ ਅਰੰਭ ਕੀਤਾ ਇਹ ਨਾਟ ਮੇਲਾ 14 ਤੋਂ 16 ਜਨਵਰੀ ਤੱਕ ਮਲੋਟ ਰੋਡ ਉਪਰ ਲੱਗੇਗਾ। ਇਸ ਦੌਰਾਨ ਮਾਨਵਤਾ ਕਲਾ ਕੇਂਦਰ, ਰੰਗ-ਮੰਚ ਅੰਮ੍ਰਿਤਸਰ ਅਤੇ ਚੰਡੀਗੜ੍ਹ ਸਕੂਲ ਆਫ ਡਰਾਮਾ ਦੀਆਂ ਟੀਮਾਂ ਨਾਟਕ ਮੰਚਨ ਕਰਨਗੀਆਂ ਜਦੋਂ ਕਿ ਲੋਕ ਸੰਗੀਤ ਮੰਡੀ ਜੀਦਾ ਦੇ ਕਲਾਕਾਰ ਲੋਕ ਪੱਖੀ ਬੋਲੀਆਂ ਪੇਸ਼ ਕਰਨਗੇ। ਇਸ ਦੌਰਾਨ ਪੁਸਤਕ ਮੇਲਾ ਵੀ ਲੱਗੇਗਾ।