For the best experience, open
https://m.punjabitribuneonline.com
on your mobile browser.
Advertisement

ਧਾਰਮਿਕ ਤੇ ਵਿਰਾਸਤੀ ਦਿੱਖ ਨੂੰ ਸੰਜੋਈ ਬੈਠਾ ਮੇਲਾ ਮਾਘੀ

07:11 AM Jan 14, 2024 IST
ਧਾਰਮਿਕ ਤੇ ਵਿਰਾਸਤੀ ਦਿੱਖ ਨੂੰ ਸੰਜੋਈ ਬੈਠਾ ਮੇਲਾ ਮਾਘੀ
ਮੁਕਤਸਰ ਦਾ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ। ਫ਼ੋਟੋ: ਲੇਖਕ
Advertisement

ਗੁਰਸੇਵਕ ਸਿੰਘ ਪ੍ਰੀਤ

Advertisement

ਇਤਿਹਾਸ ਤੇ ਵਿਰਾਸਤ

‘ਖਿਦਰਾਣੇ ਦੀ ਢਾਬ’ ਤੋਂ ਲੈ ਕੇ ਸ੍ਰੀ ਮੁਕਤਸਰ ਸਾਹਿਬ ਤੱਕ ਮੇਲਾ ਮਾਘੀ ਕਈ ਪੜਾਵਾਂ ਤੋਂ ਗੁਜ਼ਰਿਆ ਹੈ। ਇਸ ਮੇਲੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਆਪਣੇ ਅੰਦਰ ਧਾਰਮਿਕਤਾ ਵੀ ਸੰਜੋਈ ਬੈਠਾ ਹੈ ਤੇ ਵਿਰਾਸਤੀ ਦਿੱਖ ਵੀ।
‘’ਖਿਦਰਾਣਾ ਕਰ ਮੁਕਤਸਰ, ਮੁਕਤ ਮੁਕਤ ਸਭ ਕੀਨ, ਹੋਏ ਸਾਬਤ ਜੂਝੈ ਜਬੈ, ਬਡੇ ਮਰਤਬੋ ਲੀਨ’ ਦੇ ਇਲਾਹੀ ਸ਼ਬਦਾਂ ਨੇ ਇਸ ਮਾਰੂ ਇਲਾਕੇ ਨੂੰ ਦੁਨੀਆ ਭਰ ਵਿੱਚ ‘ਹਰਿਆ-ਭਰਿਆ’ ਕਰ ਦਿੱਤਾ ਹੈ।
ਦੂਜੇ ਪਾਸੇ ‘ਚੱਲ ਚੱਲੀਏ ਨਣਦ ਦਿਆ ਵੀਰਾ, ਮੇਲਾ ਮੁਕਸਰ ਦਾ’ ਜਿਹੇ ਲੋਕਗੀਤਾਂ ਤੇ ਬੋਲੀਆਂ ਨੇ ਇਸ ਨੂੰ ਵਿਰਾਸਤੀ ਦਿੱਖ ਦਿੱਤੀ ਹੈ।
ਇਤਿਹਾਸ ਅਨੁਸਾਰ 1704 ਈਸਵੀ ਵਿੱਚ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੂੰ ਗੁਰੂ ਗੋਬਿੰਦ ਸਿੰਘ ਦੀਆਂ ਫ਼ੌਜਾਂ ਨੇ ਕਈ ਵਾਰ ਹਾਰਾਂ ਦਾ ਮੂੰਹ ਵੇਖਣ ਲਈ ਮਜਬੂਰ ਕੀਤਾ ਸੀ। ਪਹਾੜੀ ਰਾਜਿਆਂ ਨੇ ਅਖੀਰ ਹਿੰਦੋਸਤਾਨ ਦੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਤੋਂ ਫ਼ੌਜੀ ਮਦਦ ਮੰਗੀ। ਬਾਦਸ਼ਾਹ ਔਰੰਗਜ਼ੇਬ ਨੇ ਸਰਹਿੰਦ ਅਤੇ ਲਾਹੌਰ ਦੇ ਸੂਬੇਦਾਰਾਂ ਨੂੰ ਪਹਾੜੀ ਰਾਜਿਆਂ ਦੀ ਮਦਦ ਦੇ ਹੁਕਮ ਕਰ ਦਿੱਤੇ। ਮੁਗ਼ਲ ਫ਼ੌਜਾਂ ਤੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮੌਜੂਦਗੀ ਵਾਲੇ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰ ਲਿਆ। ਲੰਬਾ ਘੇਰਾ ਚੱਲਿਆ। ਅਤਿ ਦੀ ਗਰਮੀ, ਭੁੱਖ ਪਿਆਸ ਤੋਂ ਬੇਹਾਲ ਹੋਏ ਕੁਝ ਸਿੰਘਾਂ ਨੇ ਗੁਰੂ ਸਾਹਿਬ ਪਾਸੋਂ ਘਰਾਂ ਨੂੰ ਜਾਣ ਦੀ ਆਗਿਆ ਮੰਗੀ। ਗੁਰੂ ਜੀ ਨੇ ਉਨ੍ਹਾਂ ‘ਬੇਦਾਵਾ’ ਕਿ ‘ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ’ ਲਿਖ ਕੇ ਦੇ ਜਾਣ ਲਈ ਕਿਹਾ। ਭੁੱਖ ਹੱਥੋਂ ਅਵਾਜ਼ਾਰ ਹੋਏ ਸਿੰਘ ਬੇਦਾਵਾ ਲਿਖ ਕੇ ਦੇ ਗਏ।
ਦੂਜੇ ਪਾਸੇ ਪਹਾੜੀ ਰਾਜਿਆਂ ਦੀ ਕੋਈ ਪੇਸ਼ ਨਹੀਂ ਸੀ ਚੱਲ ਰਹੀ ਕਿ ਉਹ ਗੁਰੂ ਸਾਹਿਬ ਦੀਆਂ ਫ਼ੌਜਾਂ ਨੂੰ ਹਰਾ ਸਕਣ। ਅਖੀਰ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਵਾਅਦਾ ਕੀਤਾ ਕਿ ਜੇਕਰ ਉਹ ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰ ਜਾਣ ਤਾਂ ਉਹ ਕੋਈ ਨੁਕਸਾਨ ਨਹੀਂ ਪਹੁੰਚਾਉਣਗੇ। ਗੁਰੂ ਜੀ ਨੇ ਆਪਣੇ ਸਿੱਖਾਂ ਨਾਲ ਮਸ਼ਵਰਾ ਕੀਤਾ। ਕਿਲ੍ਹਾ ਖਾਲੀ ਕਰਨ ਦਾ ਮਤਾ ਬਣਾਇਆ ਗਿਆ। ਉਨ੍ਹਾਂ ਦੇ ਕਿਲ੍ਹਾ ਖਾਲੀ ਕਰਦਿਆਂ ਹੀ ਪਹਾੜੀ ਰਾਜਿਆਂ ਨੇ ਵਾਅਦੇ ਤੋਂ ਮੁੱਕਰਦਿਆਂ ਹਮਲਾ ਕਰ ਦਿੱਤਾ। ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ। ਧਾਰਮਿਕ ਗ੍ਰੰਥਾਂ ਦਾ ਨੁਕਸਾਨ ਹੋਇਆ। ਸਿੰਘਾਂ ਦਾ ਨੁਕਸਾਨ ਹੋਇਆ। ਉਸ ਤੋਂ ਬਾਅਦ ਚਮਕੌਰ ਦੀ ਗੜ੍ਹੀ ’ਚ ਦੁਨੀਆ ਦੀ ਸਭ ਤੋਂ ਅਸਾਵੀਂ ਜੰੰਗ ਹੋਈ। ਉੱਥੋਂ ਗੁਰੂ ਜੀ ਮਾਛੀਵਾੜੇ ਦੇ ਜੰਗਲਾਂ ’ਚ ਪੁੱਜੇ ਜਿੱਥੇ ‘ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ...’ ਸ਼ਬਦ ਉਚਾਰਿਆ।
ਇੱਥੋਂ ਚੱਲ ਕੇ ਗੁਰੂ ਗੋਬਿੰਦ ਸਿੰਘ ਜੀ ਆਲਮਗੀਰ, ਦੀਨਾ ਅਤੇ ਕੋਟਕਪੂਰਾ ਹੁੰਦੇ ਹੋਏ ਖਿਦਰਾਣੇ ਦੀ ਢਾਬ ’ਤੇ ਪੁੱਜੇ ਸਨ। ਇੱਥੇ ਆਉਣ ’ਤੇ ਪਤਾ ਲੱਗਿਆ ਕਿ ਸੂਬਾ ਸਰਹਿੰਦ ਭਾਰੀ ਫ਼ੌਜ ਲੈ ਕੇ ਗੁਰੂ ਜੀ ਦਾ ਪਿੱਛਾ ਕਰਦਾ ਆ ਰਿਹਾ ਸੀ। ਗੁਰੂ ਜੀ ਨੇ ਯੁੱਧ ਨੀਤੀ ਅਨੁਸਾਰ ਖਿਦਰਾਣੇ ਦੀ ਢਾਬ ’ਤੇ ਡੇਰਾ ਲਾ ਲਿਆ। ਇਹ ਢਾਬ ਇੱਕ ਉੱਚੇ ਟਿੱਬੇ ਉਪਰ ਸਥਿਤ ਸੀ ਜਿੱਥੇ ਅੱਜਕੱਲ੍ਹ ਗੁਰਦੁਆਰਾ ਟਿੱਬੀ ਸਾਹਿਬ ਸਥਿਤ ਹੈ। ਇੱਥੇ ਗੁਰੂ ਸਾਹਿਬ ਨੇ ਆਪਣਾ ਟਿਕਾਣਾ ਬਣਾਇਆ। ਜਿੱਥੇ ਗੁਰੂ ਜੀ ਦਾਤਣ ਕੁਰਲਾ ਕਰਦੇ ਸਨ ਉੱਥੇ ਗੁਰਦੁਆਰਾ ਦਾਤਨਸਰ ਸੁਸ਼ੋਭਿਤ ਹੈ।
ਇਸ ਦੌਰਾਨ ਆਨੰਦਪੁਰ ਸਾਹਿਬ ਦੇ ਕਿਲ੍ਹੇ ’ਚ ਬੇਦਾਵਾ ਦੇ ਗਏ ਸਿੰਘ ਆਪਣੇ ਘਰਾਂ ’ਚ ਪੁੱਜੇ ਤਾਂ ਉਨ੍ਹਾਂ ਦੇ ਪਰਿਵਾਰਾਂ ਨੇ ਲਾਹਨਤਾਂ ਪਾਈਆਂ ਕਿ ਬਿਪਤਾ ਦੀ ਘੜੀ ਤੁਸੀਂ ਗੁਰੂ ਜੀ ਦਾ ਸਾਥ ਛੱਡ ਆਏ ਹੋ। ਇਹ ਸਿੰਘ ਮਾਈ ਭਾਗੋ ਤੇ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ ਖਿਦਰਾਣੇ ਦੀ ਢਾਬ ’ਤੇ ਗੁਰੂ ਜੀ ਨਾਲ ਯੁੱਧ ਵਿੱਚ ਸ਼ਾਮਲ ਹੋਏ। ਜਿਸ ਜਗ੍ਹਾ ਜੰਗ ਹੋਈ ਉਹ ਜਗ੍ਹਾ ਟਿੱਬੀ ਤੋਂ ਤਕਰੀਬਨ ਚਾਰ ਕਿਲੋਮੀਟਰ ਦੂਰ ਹੈ। ਜੰਗ ਵਿੱਚ ਮੁਗ਼ਲਾਂ ਨਾਲ ਲੋਹਾ ਲੈਂਦਿਆਂ ਕਾਫ਼ੀ ਸਿੰਘ ਜ਼ਖਮੀ ਤੇ ਕਈ ਸ਼ਹੀਦ ਹੋ ਗਏ। ਵੱਡੀ ਗਿਣਤੀ ’ਚ ਮੁਗ਼ਲ ਫ਼ੌਜੀ ਵੀ ਮਾਰੇ ਗਏ। ਸ਼ਾਮ ਸਮੇਂ ਗੁਰੂ ਜੀ ਢਾਬ ਉਪਰ ਪੁੱਜੇ ਤੇ ਸਹਿਕਦੇ ਸਿੰਘਾਂ ਨੂੰ ਆਪਣੀ ਗੋਦ ’ਚ ਲੈਂਦਿਆਂ ਪੰਜ ਹਜ਼ਾਰੀ, ਦਸ ਹਜ਼ਾਰੀ ਦਾ ਰੁਤਬਾ ਦਿੱਤਾ। ਜਦੋਂ ਭਾਈ ਮਹਾਂ ਸਿੰਘ ਕੋਲ ਪੁੱਜੇ ਤਾਂ ਉਨ੍ਹਾਂ ਹੱਥ ਜੋੜ ਅਰਦਾਸ ਕੀਤੀ, ‘‘ਗੁਰੂ ਜੀ, ਜੋ ਬੇਦਾਵਾ ਅਸੀਂ ਤੁਹਾਨੂੰ ਦਿੱਤਾ ਹੈ ਉਹ ਪਾੜ ਦਿਓ।’’ ਗੁਰੂ ਜੀ ਨੇ ਆਪਣੇ ਕਮਰਕੱਸੇ ’ਚ ਸਾਂਭਿਆ ਉਹ ਬੇਦਾਵੇ ਵਾਲਾ ਕਾਗਜ਼ ਦਾ ਟੁਕੜਾ ਕੱਢਿਆ ਤੇ ਪਾੜ ਦਿੱਤਾ। ਇਸ ਤਰ੍ਹਾਂ ਦਸਵੇਂ ਪਾਤਸ਼ਾਹ ਨੇ ਟੁੱਟੀ ਗੰਢ ਦਿੱਤੀ। ਸ਼ਹੀਦ ਸਿੰਘਾਂ ਦਾ ਆਪਣੇ ਹੱਥੀਂ ਸਸਕਾਰ ਕੀਤਾ।
ਇਸ ਜਗ੍ਹਾ ਪਰ ਗੁਰੂ ਜੀ ਨੇ ਮੁਗ਼ਲਾਂ ਨਾਲ ਆਖ਼ਰੀ ਤੇ ਨਿਰਣਾਇਕ ਜੰਗ ਲੜੀ ਤੇ ਮੁਗ਼ਲਾਂ ਦੀਆਂ ਫ਼ੌਜਾਂ ਨੂੰ ਸ਼ਿਕਸਤ ਦੇਣ ਤੋਂ ਬਾਅਦ ਅੱਗੇ ਦਮਦਮਾ ਸਾਹਿਬ ਜਿਸ ਨੂੰ ਹੁਣ ਤਲਵੰਡੀ ਸਾਬੋ ਕਹਿੰਦੇ ਹਨ, ਵੱਲ ਚਾਲੇ ਪਾ ਦਿੱਤੇ।
ਉਨ੍ਹਾਂ ਸਮਿਆਂ ’ਚ ਭਾਰੀ ਗਰਮੀ ਹੋਣ ਕਰਕੇ ਅਤੇ ਇਹ ਮਾਰੂ ਰੇਤਲਾ ਇਲਾਕਾ ਹੋਣ ਕਰਕੇ ਗੁਰੂ ਜੀ ਦੀ ਯਾਦ ਵਿੱਚ ਇਕੱਠੇ ਹੋਣ ਵਾਲੇ ਸਿੰਘਾਂ ਨੇ ਫ਼ੈਸਲਾ ਕੀਤਾ ਕਿ ਗੁਰੂ ਜੀ ਦੀ ਯਾਦ ਵਿੱਚ ਮਾਘ ਮਹੀਨੇ ਇਕੱਠਿਆਂ ਹੋਇਆ ਜਾਵੇ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਅਤੇ ਚਾਲ੍ਹੀ ਮੁਕਤਿਆਂ ਦੀ ਯਾਦ ’ਚ ਇਹ ਮੇਲਾ ਮਾਘ ਮਹੀਨੇ ਲੱਗਣਾ ਸ਼ੁਰੂ ਹੋਇਆ ਤੇ ਇਸ ਨੂੰ ਮੇਲਾ ਮਾਘੀ ਕਿਹਾ ਜਾਣ ਲੱਗਿਆ।
ਜਿੱਥੇ ਗੁਰੂ ਜੀ ਨੇ ਬੇਦਾਵਾ ਪਾੜਿਆ ਉੱਥੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਸਥਿਤ ਹੈ। ਇਸ ਦੇ ਨਾਲ ਹੀ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਸਥਿਤ ਹੈ ਜਿੱਥੇ ਸਿੱਖ ਫ਼ੌਜਾਂ ਨੇ ਤੰਬੂ ਲਾਏ ਸਨ। ਇਸ ਕੰਪਲੈਕਸ ਦੇ ਨਾਲ ਗੁਰਦੁਆਰਾ ਸ਼ਹੀਦ ਗੰਜ ਸਥਿਤ ਹੈ ਜਿੱਥੇ ਸ਼ਹੀਦ ਸਿੰਘਾਂ ਦਾ ਗੁਰੂ ਜੀ ਨੇ ਆਪਣੇ ਹੱਥੀਂ ਸਸਕਾਰ ਕੀਤਾ ਸੀ। ਇੱਥੇ ਵਣ ਦਾ ਰੁੱਖ ਵੀ ਸਥਿਤ ਹੈ ਜਿਸ ਨਾਲ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨ੍ਹਿਆ ਸੀ।
ਇਸ ਕੰਪਲੈਕਸ ਤੋਂ ਚਾਰ ਕਿਲੋਮੀਟਰ ਦੂਰ ਗੁਰਦੁਆਰਾ ਟਿੱਬੀ ਸਾਹਿਬ, ਦਾਤਣਸਰ, ਰਕਾਬਗੰਜ ਸਾਹਿਬ ਸਥਿਤ ਹੈ। ਮੇਲਾ ਮਾਘੀ ਮੌਕੇ ਦੁਨੀਆ ਭਰ ਤੋਂ ਸਿੱਖ ਇੱਥੇ ਪੁੱਜਦੇ ਹਨ। ਸ਼ਰਧਾਵਾਨ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸਾਹਿਬ ਦੇ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਦੇ ਹਨ।
ਹੁਣ ਇਸ ਮੌਕੇ ਮਨੋਰੰਜਨ ਮੇਲਾ ਵੀ ਲੱਗਦਾ ਹੈ। ਇਸ ਵਿੱਚ ਮੁਲਕ ਭਰ ’ਚੋਂ ਆਏ ਵਪਾਰੀ ਸਾਮਾਨ ਵੇਚਦੇ ਹਨ। ਇਹ ਮੇਲਾ ਹਰ ਵਰ੍ਹੇ 13 ਜਨਵਰੀ ਤੋਂ 15 ਜਨਵਰੀ ਤੱਕ ਲੱਗਦਾ ਹੈ।
ਸੰਪਰਕ: 94173-58073

Advertisement

Advertisement
Author Image

Advertisement