ਮੇਲਾ ਮਾਘੀ: ‘ਆਪ’ ਤੇ ਕਾਂਗਰਸ ਨੇ ਸੂਬੇ ਨੂੰ ਲੁੱਟਿਆ: ਸੁਖਬੀਰ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ
ਮੇਲਾ ਮਾਘੀ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਇਥੇ ਲਗਾਤਾਰ ਦੋ ਕਾਨਫਰੰਸਾਂ ਕਰਕੇ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਦਾ ਯਤਨ ਕੀਤਾ ਗਿਆ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ 103 ਸਾਲਾ ਇਤਿਹਾਸ ’ਚ ਪ੍ਰਕਾਸ਼ ਸਿੰਘ ਬਾਦਲ ਨੇ 70 ਸਾਲ ਦਲ ਦੇ ਲੇਖੇ ਲਾਏ। ਦੂਜੇ ਪਾਸੇ ਕਾਂਗਰਸ ਤੇ ‘ਆਪ’ ਨੇ ਸੂਬੇ ਦਾ ਕੋਈ ਕੰਮ ਨਹੀਂ ਕੀਤਾ ਸਗੋਂ ਲੁੱਟਿਆ ਹੀ ਹੈ। ਇਨ੍ਹਾਂ ਪਾਰਟੀਆਂ ਵੱਲੋਂ ਪੰਥ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਸਿੱਖਾਂ ਨੂੰ ਨਿਹੋਰਾ ਮਾਰਦਿਆਂ ਕਿਹਾ ਕਿ 1984 ’ਚ ਕਾਂਗਰਸ ਨੇ ਗੁਰਦੁਆਰਿਆਂ ’ਤੇ ਹਮਲੇ ਕੀਤੇ ਅਤੇ ਦਿੱਲੀ ਸਿੱਖ ਕਤਲੇਆਮ ਕਰਵਾਇਆ ਪਰ ਫਿਰ ਕਾਂਗਰਸ ਨੇ ਪੰਜਾਬ ਵਿਚ 35 ਸੀਟਾਂ ’ਤੇ ਜਿੱਤ ਹਾਸਲ ਕੀਤੀ। ਉਸ ਤੋਂ ਬਾਅਦ ਵੀ ਕਾਂਗਰਸ ਨੇ ਪੰਜਾਬ ਵਿਚ ਤਿੰਨ ਵਾਰ ਸਰਕਾਰ ਬਣਾਈ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਦੇ ਵਿਧਾਇਕ ਨਸ਼ਾ ਤਸਕਰਾਂ ਅਤੇ ਸ਼ਰਾਬ ਮਾਫੀਆ ਤੋਂ ਕਥਿਤ ਤੌਰ ’ਤੇ ਮਹੀਨਾ ਲੈਂਦੇ ਹਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਪਹਿਲੀ ਫਰਵਰੀ ਤੋਂ ‘ਪੰਜਾਬ ਬਚਾਓ’ ਯਾਤਰਾ ਸ਼ੁਰੂ ਕਰਕੇ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਚਲਾਉਣ ਲਈ ਕਰਜ਼ਾ ਲੈ ਕੇ ਸੂਬੇ ਨੂੰ ਤਬਾਹ ਕਰ ਰਹੇ ਹਨ| ਸ੍ਰੀ ਬਾਦਲ ਸੰਬੋਧਨ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਭੰਡਦੇ ਰਹੇ ਅਤੇ ਅਕਾਲੀ ਦਲ ਨੂੰ ਪੰਜਾਬ ਦੀ ਹਮਾਇਤੀ ਪਾਰਟੀ ਦੱਸਦੇ ਰਹੇ। ਇਸ ਮੌਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਕੋਈ ਸੂਬਾਈ ਆਗੂ ਨਾ ਪੁੱਜਿਆ।
ਕੜਾਕੇ ਦੀ ਠੰਢ ਤੇ ਧੁੰਦ ਦੇ ਬਾਵਜੂਦ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਚਾਲੀ ਮੁਕਤਿਆਂ ਨੂੰ ਨਤਮਸਤਕ ਹੋਣ ਲਈ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਪੁੱਜੇੇ। 13 ਜਨਵਰੀ ਦੀ ਰਾਤ ਨੂੰ 12 ਵਜੇ ਤੋਂ ਪਵਿੱਤਰ ਇਸ਼ਨਾਨ ਸ਼ੁਰੂ ਕਰ ਦਿੱਤਾ ਗਿਆ ਸੀ। ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ ਵਿਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਜਥੇਦਾਰ ਅਵਤਾਰ ਸਿੰਘ ਵਣਵਾਲਾ, ਨਵਤੇਜ ਸਿੰਘ ਕਾਉਣੀ, ਗੁਰਪਾਲ ਸਿੰਘ ਗੋਰਾ ਤੇ ਗੁਰਦੁਆਰਾ ਕਮੇਟੀ ਮੈਨੇਜਰ ਰੇਸ਼ਮ ਸਿੰਘ ਮੌਜੂਦ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਚਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਤਾਜ਼ਾ ਰੱਖਣ ਦੀ ਅਪੀਲ ਕਰਦਿਆਂ ਸਿੱਖ ਫਲਸਫਾ ਅਪਣਾਉਣ ਦੀ ਅਪੀਲ ਕੀਤੀ। ਇਸ ਦੌਰਾਨ ਸੰਗਤਾਂ ਨੇ ਗੁਰਦੁਆਰਾ ਟਿੱਬੀ ਸਾਹਿਬ, ਦਾਤਣਸਰ ਸਾਹਿਬ ਅਤੇ ਰਕਾਬਗੰਜ ਸਾਹਿਬ ਦੇ ਵੀ ਦਰਸ਼ਨ ਕੀਤੇ। ਮੈਨੇਜਰ ਰੇਸ਼ਮ ਸਿੰਘ ਨੇ ਦੱਸਿਆ ਕਿ ਭਲਕੇ ਨਗਰ ਕੀਰਤਨ ਸ੍ਰੀ ਦਰਬਾਰ ਸਾਹਿਬ ਤੋਂ ਸ਼ੁਰੁੂੂ ਹੋ ਕੇ ਟਿੱਬੀ ਸਾਹਿਬ ਜਾਵੇਗਾ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਰੋਜ਼ੀ ਬਰਕੰਦੀ, ਹਨੀ ਫੱਤਣਵਾਲਾ, ਪ੍ਰੀਤਇੰਦਰ ਸਿੰਘ ਸੰਮੇਵਾਲੀ ਤੇ ਹੋਰ ਪਤਵੰਤੇ ਮੌਜੂਦ ਸਨ।
ਝਲਕੀਆਂ
- ਅਕਾਲੀ ਦਲ ਦੀ ਕਾਨਫਰੰਸ ’ਚ ਬਸਪਾ ਦਾ ਕੋਈ ਆਗੂ ਨਾ ਪੁੱਜਿਆ
- ਪੰਡਾਲ ਵਿੱਚ ਪ੍ਰਕਾਸ਼ ਸਿੰਘ ਬਾਦਲ ਅਮਰ ਰਹੇ ਦੇ ਫਲੈਕਸ ਲੱਗੇ
- ਬਲਵਿੰਦਰ ਭੂੰਦੜ ਨੇ ਸੁਖਬੀਰ ਬਾਦਲ ਨੂੰ ਹੋਰ ਮਿਹਨਤ ਕਰਨ ਲਈ ਕਿਹਾ ਤਾਂ ਕਿ ਬਾਦਲ ਸਾਹਿਬ ਦੀ ਖਾਲੀ ਕੁਰਸੀ ਭਰੀ ਜਾ ਸਕੇ।
- ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਧਾਮੀ ਵੱਲੋਂ ਸਨਮਾਨ ਲੈਣ ਤੋਂ ਨਾਂਹ
- ਪ੍ਰਕਾਸ਼ ਸਿੰਘ ਬਾਦਲ ਨੂੰ ਬਾਪੂ ਬਾਦਲ ਕਹਿ ਕੇ ਸੰਬੋਧਨ ਕਰਦੇ ਰਹੇ ਸੁਖਬੀਰ ਬਾਦਲ