ਨਾਟਕਾਂ ਦੀ ਰਾਤ ਨਾਲ ਜਗਮਗਾਏਗਾ ‘ਮੇਲਾ ਗ਼ਦਰੀ ਬਾਬਿਆਂ ਦਾ’
ਨਿੱਜੀ ਪੱਤਰ ਪ੍ਰੇਰਕ
ਜਲੰਧਰ, 17 ਸਤੰਬਰ
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ 7 ਨਵੰਬਰ ਸ਼ਾਮ ਤੋਂ ਸ਼ੁਰੂ ਹੋ ਰਹੇ ਗ਼ਦਰੀ ਬਾਬਿਆਂ ਦੇ ਮੇਲੇ ਦੇ ਸਿਖ਼ਰਲੇ ਦਿਨ 9 ਨਵੰਬਰ ਦੀ ਨਾਟਕਾਂ ਅਤੇ ਗੀਤਾਂ ਭਰੀ ਰਾਤ ’ਚ ਪੇਸ਼ ਕੀਤੇ ਜਾਣ ਵਾਲੇ ਨਾਟਕਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਲੰਕਾਰ ਥੀਏਟਰ (ਨਿਰਦੇਸ਼ਕ: ਚਕਰੇਸ਼) ਵੱਲੋਂ ਡਾ. ਸ਼ੰਕਰ ਸ਼ੇਸ਼ ਦਾ ਲਿਖਿਆ ਨਾਟਕ ‘ਪੋਸਟਰ’ , ਮੰਚ ਰੰਗ ਮੰਚ ਅੰਮ੍ਰਿਤਸਰ (ਨਿਰਦੇਸ਼ਕ: ਕੇਵਲ ਧਾਲੀਵਾਲ) ਵੱਲੋਂ ਡਾ. ਸਵਰਾਜਬੀਰ ਦਾ ਲਿਖਿਆ ਨਾਟਕ ‘ਧਰਤੀ ਦੀ ਧੀ: ਐਂਟੀਗਨੀ’, ਸੁਚੇਤਕ ਰੰਗ ਮੰਚ ਮੁਹਾਲੀ (ਨਿਰਦੇਸ਼ਕ: ਅਨੀਤਾ ਸ਼ਬਦੀਸ਼) ਵੱਲੋਂ ਸ਼ਬਦੀਸ਼ ਦਾ ਲਿਖਿਆ ਨਾਟਕ ‘ਗੁੰਮਸ਼ੁਦਾ ਔਰਤ’, ਸੌਲਮੇਟ ਥੀਏਟਰ, ਬਾਬਾ ਕੁੰਦਨ ਸਿੰਘ ਕਾਲਜ ਮੁਹਾਰ (ਨਿਰਦੇਸ਼ਕ : ਬਲਰਾਜ ਸਾਗਰ) ਵੱਲੋਂ ਸੈਮੂਅਲ ਜੌਹਨ ਦੀ ਕਹਾਣੀ ’ਤੇ ਅਧਾਰਤ ਨਾਟਕ ‘ਰਾਖਾ’, ਅਤੇ ਮਾਨਵਤਾ ਕਲਾ ਮੰਚ ਨਗਰ ( ਨਿਰਦੇਸ਼ਕ: ਜਸਵਿੰਦਰ ਪੱਪੀ) ਵੱਲੋਂ ਕੁਲਵੰਤ ਕੌਰ ਨਗਰ ਦਾ ਲਿਖਿਆ ਨਾਟਕ ‘ਹਨੇਰ ਨਗਰੀ’ ਖੇਡਿਆ ਜਾਵੇਗਾ। ਇਸ ਰਾਤ ਇਪਟਾ ਮੋਗਾ ਦੇ ਕਲਾਕਾਰ ਅਵਤਾਰ ਚੜਿੱਕ ਅਤੇ ਸਾਥੀ ‘ਭੰਡ ਮੇਲੇ ਆਏ’ ਕਲਾ ਵੰਨਗੀ ਲੈ ਕੇ ਆਉਣਗੇ। ਉਨ੍ਹਾਂ ਦੱਸਿਆ ਕਿ ਹਰ ਸਾਲ ਦੇਸ਼ ਪ੍ਰਦੇਸ਼ ਵਸਦੇ ਪੰਜਾਬੀਆਂ ਲਈ ਜਿਵੇਂ ਨਾਟਕਾਂ ਭਰੀ ਰਾਤ ਯਾਦਗਾਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੇਲੇ ’ਚ 8 ਨਵੰਬਰ ਨੂੰ ਹੋਣ ਵਾਲੇ ਕੁਇਜ਼ ’ਚ ਕਿਰਤੀ ਵਾਰਤਕ: ਸ਼ਹੀਦੀ ਜੀਵਨੀਆਂ (ਸੰਪਾਦਕ: ਚਰੰਜੀ ਲਾਲ ਕੰਗਣੀਵਾਲ) ਕਿਤਾਬ ’ਤੇ ਕੁਇਜ਼ ਹੋਵੇਗਾ। ਇਹ ਪੁਸਤਕ ਦੇਸ਼ ਭਗਤ ਯਾਦਗਾਰ ਹਾਲ ਦੇ ਬਾਬਾ ਭਗਤ ਸਿੰਘ ਬਿਲਗਾ ਕਿਤਾਬ ਘਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।