ਕਾਰਪੋਰੇਟ ਤੇ ਫਾਸ਼ੀਵਾਦ ਖ਼ਿਲਾਫ਼ ਸੰਘਰਸ਼ਾਂ ਨੂੰ ਸਮਰਪਿਤ ਹੋਵੇਗਾ ‘ਮੇਲਾ ਗ਼ਦਰੀ ਬਾਬਿਆਂ ਦਾ’
ਪੱਤਰ ਪ੍ਰੇਕ
ਜਲੰਧਰ, 17 ਅਗਸਤ
ਦੀਵਾਲੀ ਦੇ ਮੱਦੇਨਜ਼ਰ 33ਵਾਂ ‘ਮੇਲਾ ਗ਼ਦਰੀ ਬਾਬਿਆਂ ਦਾ’ ਇਸ ਵਾਰ 7, 8, 9 ਨਵੰਬਰ ਨੂੰ ਕਰਵਾਇਆ ਜਾਵੇਗਾ। ਇਹ ਫ਼ੈਸਲਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ ਟਰੱਸਟ ਦੀ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਈ ਮੀਟਿੰਗ ਵਿੱਚ ਲਿਆ ਗਿਆ ਹੈ। ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਵਾਰ ਮੇਲਾ ਗ਼ਦਰੀ ਬਾਬਿਆਂ ਦਾ ਕਾਰਪੋਰੇਟ ਅਤੇ ਫਾਸ਼ੀਵਾਦ ਵਿਰੁੱਧ ਸੰਘਰਸ਼ਾਂ ਨੂੰ ਸਮਰਪਿਤ ਹੋਵੇਗਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਦੇਵ ਅਰਸ਼ੀ 9 ਨਵੰਬਰ ਨੂੰ ਸਵੇਰੇ 10 ਵਜੇ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਦਿਨ ਹੀ ਪੇਸ਼ ਹੋਣ ਵਾਲੇ ਝੰਡੇ ਦੇ ਗੀਤ ਦੀ ਵਰਕਸ਼ਾਪ ਇਸ ਵਾਰ ਦੀਵਾਲੀ ਉਪਰੰਤ ਦੇਸ਼ ਭਗਤ ਯਾਦਗਾਰ ਹਾਲ ਵਿੱਚ ਲੱਗੇਗੀ। ਦੇਸ਼ ਭਗਤ ਯਾਦਗਾਰ ਹਾਲ ਦੇ ਸਮੁੱਚੇ ਕੰਪਲੈਕਸ ਨੂੰ ਮੇਲੇ ਦੇ ਦਿਨਾਂ ਵਿੱਚ ਗ਼ਦਰ ਪਾਰਟੀ ਦੇ ਪਹਿਲੇ ਖਜ਼ਾਨਚੀ ‘ਕਾਂਸ਼ੀ ਰਾਮ ਮੜੌਲੀ ਨਗਰ’ ਦਾ ਨਾਂਅ ਦਿੱਤਾ ਜਾਵੇਗਾ। ਸ਼ਹੀਦ ਭਗਤ ਸਿੰਘ ਆਡੀਟੋਰੀਅਮ ਨੂੰ ਪਗੜੀ ਸੰਭਾਲ ਲਹਿਰ ਦੇ ਬਾਨੀ ‘ਅਜੀਤ ਸਿੰਘ ਮੰਚ’ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ਨੂੰ ਫਾਸ਼ੀਵਾਦ ਖਿਲਾਫ਼ ਲੜਨ ਵਾਲੇ ਜੁਝਾਰੂਆਂ ਵਿੱਚ ਵਿਸ਼ਵ ਭਰ ਵਿੱਚ ਜਾਣੇ ਜਾਂਦੇ ਸੰਗਰਾਮੀਏ ‘ਜੂਲੀਅਸ ਫਿਊਚਕ ਪੁਸਤਕ ਪ੍ਰਦਰਸ਼ਨੀ ਮੰਚ’ ਦਾ ਨਾਂਅ ਦਿੱਤਾ ਜਾਵੇਗਾ। ਮੇਲਾ 10 ਨਵੰਬਰ ਸਵੇਰੇ ਸਰਘੀ ਵੇਲੇ ਜੋਸ਼-ਖਰੋਸ਼ ਨਾਲ ਸੰਪੰਨ ਹੋਵੇਗਾ।