ਧਰਮ ਅਤੇ ਸੱਭਿਆਚਾਰ ਦਾ ਪ੍ਰਤੀਕ ਮੇਲਾ ਛਪਾਰ
ਤੇਜਿੰਦਰ ਸਿੰਘ ਬਿੰਜੀ
ਪੰਜਾਬ ਨੂੰ ਮੇਲਿਆਂ ਦੀ ਧਰਤੀ ਕਹਿ ਦੇਣਾ ਕੋਈ ਅਤਿਕਥਨੀ ਨਹੀਂ ਕਿਉਂਕਿ ਇੱਥੇ ਧਾਰਮਿਕ ਅਤੇ ਸੱਭਿਆਚਾਰਕ ਮੇਲੇ ਸਾਰਾ ਸਾਲ ਲੱਗਦੇ ਰਹਿੰਦੇ ਹਨ। ਇਨ੍ਹਾਂ ਮੇਲਿਆਂ ਵਿੱਚ ਜਗਰਾਵਾਂ ਦੀ ਰੌਸ਼ਨੀ, ਮੁਕਤਸਰ ਦੀ ਮਾਘੀ, ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ, ਸੋਢਲ ਮੇਲਾ, ਮੰਢਾਲੀ ਮੇਲਾ, ਤਰਨ ਤਾਰਨ ਦੀ ਮੱਸਿਆ, ਅੰਮ੍ਰਿਤਸਰ ਦੀ ਦੀਵਾਲੀ ਆਦਿ ਪ੍ਰਚੱਲਿਤ ਹਨ, ਪਰ ਛਪਾਰ ਦੇ ਮੇਲੇ ਦੀ ਵਿਲੱਖਣਤਾ ਇਹ ਹੈ ਕਿ ਲੋਕ ਢਾਣੀਆਂ ਦੇ ਰੂਪ ਵਿੱਚ ਬੋਲੀਆਂ ਪਾਉਂਦੇ ਹੋਏ ਢੋਲ ਢਮੱਕੇ ਨਾਲ ਮੇਲੇ ਵਿੱਚ ਸ਼ਿਰਕਤ ਕਰਦੇ ਹਨ।
ਪੁਰਾਤਨ ਸਮਿਆਂ ਵਿੱਚ ਮੇਲੇ ਆਪਸ ਵਿੱਚ ਮੇਲ-ਮਿਲਾਪ ਅਤੇ ਰਿਸ਼ਤਿਆਂ ਵਿੱਚ ਦੁੱਖ-ਸੁੱਖ ਸਾਂਝਾ ਕਰਨ ਲਈ ਲੱਗਦੇ ਸਨ ਕਿਉਂਕਿ ਉਸ ਸਮੇਂ ਆਵਾਜਾਈ ਦੇ ਸਾਧਨ ਘੱਟ ਸਨ। ਲੋਕ ਫਿਰ ਇੱਕ ਨਿਸ਼ਚਿਤ ਦਿਨ ਆਪਸ ਵਿੱਚ ਜੁੜ ਬੈਠਣ ਲੱਗੇ। ਇਸ ਇਕੱਠ ਨੇ ਹੌਲੀ-ਹੌਲੀ ਮੇਲੇ ਦਾ ਰੂਪ ਧਾਰਨ ਕਰ ਲਿਆ। ਜਿਉਂ-ਜਿਉਂ ਮਨੁੱਖ ਚੇਤਨ ਹੁੰਦਾ ਗਿਆ ਅਤੇ ਸਮੇਂ ਵਿੱਚ ਤਬਦੀਲੀ ਆਉਂਦੀ ਗਈ ਮੇਲਿਆਂ ਦਾ ਰੂਪ ਵੀ ਬਦਲਦਾ ਗਿਆ। ਹੁਣ ਪਿੰਡਾਂ ਦੇ ਲੋਕਾਂ ਤੋਂ ਇਲਾਵਾ ਸ਼ਹਿਰਾਂ ਅਤੇ ਕਸਬਿਆਂ ਦੇ ਲੋਕਾਂ ਨੇ ਵੀ ਮੇਲਿਆਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਛਪਾਰ ਦਾ ਮੇਲਾ ਵੀ ਪੰਜਾਬ ਦੇ ਪੁਰਾਤਨ ਅਤੇ ਨਵੀਨ ਝੁਕਾਵਾਂ ਨੂੰ ਦਰਸਾਉਂਦਾ ਹੈ।
ਇਹ ਮੇਲਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਛਪਾਰ ਵਿਖੇ ਧਾਰਮਿਕ ਅਸਥਾਨ ਗੁੱਗੇ ਪੀਰ ਦੀ ਮੜ੍ਹੀ ’ਤੇ ਹਰ ਸਾਲ ਲੱਗਦਾ ਹੈ। ਇਸ ਵਾਰ ਇਹ ਮੇਲਾ 16 ਤੋਂ 21 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਗੁੱਗੇ ਪੀਰ ਦੀ ਯਾਦ ਵਜੋਂ ਲੱਗਦੇ ਇਸ ਧਾਰਮਿਕ ਮੇਲੇ ਦੀਆਂ ਕਈ ਦੰਦ-ਕਥਾਵਾਂ ਪ੍ਰਚੱਲਿਤ ਹਨ। ਇੱਕ ਪ੍ਰਚੱਲਿਤ ਕਥਾ ਮੁਤਾਬਕ ਗੁੱਗਾ ਇੱਕ ਰਾਜਪੂਤ ਚੌਹਾਨ ਰਾਜਾ ਸੀ, ਜਿਸ ਦਾ ਜਨਮ ਗਿਆਰ੍ਹਵੀਂ ਸਦੀ ਵਿੱਚ ਬੀਕਾਨੇਰ ਦੇ ਪਿੰਡ ਉਡੇਰੋਂ ਵਿੱਚ ਰਾਣੀ ਬਾਂਛਲ ਦੀ ਕੁੱਖੋਂ ਹੋਇਆ। ਪ੍ਰਚੱਲਿਤ ਕਥਾ ਮੁਤਾਬਿਕ ਰਾਣੀ ਬਾਂਛਲ ਵੱਲੋਂ ਗੋਰਖਨਾਥ ਤੋਂ ਲਏ ਗੁੱਗਲ (ਵਰ) ਕਾਰਨ ਗੁੱਗੇ ਦਾ ਜਨਮ ਹੋਇਆ ਸੀ। ਇਸੇ ਕਰਕੇ ਇਸ ਦਾ ਨਾਮ ਗੁੱਗਾ ਪੈ ਗਿਆ। ਰੰਜਿਸ਼ ਕਾਰਨ ਗੁੱਗੇ ਨੇ ਆਪਣੀ ਮਾਸੀ ਦੇ ਪੁੱਤਾਂ ਅਰਜਨ ਅਤੇ ਸੁਰਜਨ ਨੂੰ ਇੱਕ ਲੜਾਈ ਦੌਰਾਨ ਮਾਰ ਮੁਕਾਇਆ, ਪਰ ਗੁੱਗੇ ਦੀ ਮਾਂ ਨੇ ਆਪਣੀ ਭੈਣ ਦੇ ਪੁੱਤਰਾਂ ਦੇ ਮਰਨ ਦਾ ਅਫ਼ਸੋਸ ਮਨਾਇਆ। ਉਸ ਨੇ ਗੁੱਗੇ ਨੂੰ ਮੱਥੇ ਨਾ ਲੱਗਣ ਦਾ ਹੁਕਮ ਸੁਣਾਇਆ। ਫਿਰ ਗੁੱਗਾ ਘੋੜੇ ਸਮੇਤ ਜ਼ਮੀਨ ਵਿੱਚ ਸਮਾ ਗਿਆ। ਸ਼ਾਇਦ ਇਸੇ ਕਰਕੇ ਲੋਕ ਗੁੱਗੇ ਦੀ ਮੜ੍ਹੀ ’ਤੇ ਜਾ ਕੇ ਮਿੱਟੀ ਕੱਢਦੇ ਹਨ ਕਿ ਧਰਤੀ ਵਿੱਚ ਗਰਕ ਹੋਏ ਗੁੱਗੇ ਦੀ ਤਲਾਸ਼ ਕੀਤੀ ਜਾਵੇ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਗੁੱਗਾ ਪੀਰ ਭਾਦੋਂ ਦੀ ਚੌਦਸ ਵਾਲੇ ਦਿਨ ਆਪਣੇ ਸੱਪਾਂ ਨਾਲ ਛਪਾਰ ਦੀ ਮੜ੍ਹੀ ’ਤੇ ਪਹੁੰਚਦਾ ਹੈ । ਗੁੱਗੇ ਦੇ ਭਗਤ ਉਨ੍ਹਾਂ ਦੀ ਯਾਦ ਵਿੱਚ ਛਪਾਰ ਵਿਖੇ ਮੇਲਾ ਮਨਾਉਂਦੇ ਹਨ। ਮੇਲੇ ਦੀ ਵਿਲੱਖਣਤਾ ਇਹ ਵੀ ਹੈ ਕਿ ਇੱਥੇ ਹਿੰਦੂ, ਸਿੱਖ, ਮੁਸਲਮਾਨ, ਇਸਾਈ ਆਦਿ ਕਿਸੇ ਭੇਦ ਭਾਵ ਤੋਂ ਬਿਨਾਂ ਲੋਕ ਮੇਲੇ ਦੀ ਰੌਣਕ ਨੂੰ ਵਧਾਉਂਦੇ ਹਨ।
ਮੇਲੇ ਦੇ ਪਹਿਲੇ ਦਿਨ ਨੂੰ ਚੌਂਕੀਆਂ ਕਹਿੰਦੇ ਹਨ। ਉਸ ਦਿਨ ਸ਼ਰਧਾਲੂ ਸਾਰੀ ਰਾਤ ਜਾਗ ਕੇ ਗੁੱਗੇ ਪੀਰ ਦੀ ਚੌਂਕੀ ਭਰਦੇ ਹਨ ਅਤੇ ਜਸ ਗਾਉਂਦੇ ਹਨ। ਵਿਚਕਾਰਲੇ ਦਿਨ ਰਾਜਸੀ ਪਾਰਟੀਆਂ ਆਪੋ ਆਪਣੀਆਂ ਕਾਨਫਰੰਸਾਂ ਰਾਹੀਂ ਲੋਕਾਂ ਨੂੰ ਆਪੋ ਆਪਣੇ ਵੱਲ ਖਿੱਚਦੀਆਂ ਹਨ। ਡਰਾਮੇ, ਸਰਕਸਾਂ, ਝੁਲੇ, ਚੰਡੋਲ ਅਤੇ ਖਾਣ ਪੀਣ ਵਾਲੀਆਂ ਵਸਤੂਆਂ ਰਾਹੀਂ ਲੋਕ ਮਨੋਰੰਜਨ ਕਰਦੇ ਹਨ। ਇਸ ਦੌਰਾਨ ਇੱਥੇ ਰਵਾਇਤੀ ਪੰਜਾਬੀ ਗਾਇਕੀ ਨੂੰ ਸੁਣਨ ਦਾ ਵੀ ਮੌਕਾ ਮਿਲਦਾ ਹੈ। ਇੱਥੇ ਪੰਜਾਬ ਦੇ ਉੱਘੇ ਰਵਾਇਤੀ ਗਾਇਕ ਢੱਡ ਸਾਰੰਗੀ ਦੀ ਗਾਇਕੀ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਹਨ। ਪੰਜਾਬ ਦੇ ਰਵਾਇਤੀ ਲੋਕ ਨਾਚਾਂ ਦਾ ਆਨੰਦ ਵੀ ਇੱਥੇ ਮਾਣਿਆ ਜਾ ਸਕਦਾ ਹੈ। ਇਸ ਸਭ ਦੇ ਚੱਲਦੇ ਛਪਾਰ ਮੇਲਾ ਮਾਲਵੇ ਦਾ ਪ੍ਰਸਿੱਧ ਮੇਲਾ ਕਹਾਉਣ ਲੱਗ ਪਿਆ ਹੈ।
ਸੰਪਰਕ: 98147-85712