Meghalaya horror: ਸੋਨਮ ਨੇ ਆਤਮ-ਸਮਰਪਣ ਦਾ ਡਰਾਮਾ ਕੀਤਾ, ਕਤਲ ਵਿਚ ਪੰਜ ਤੋਂ ਵੱਧ ਮੁਲਜ਼ਮ ਸ਼ਾਮਲ: ਵਿਪਿਨ ਰਘੂਵੰਸ਼ੀ
ਕਤਲ ਕੀਤੇ ਕਾਰੋਬਾਰੀ ਰਾਜਾ ਰਘੂਵੰਸ਼ੀ ਦੇ ਭਰਾ ਨੇ ਕੀਤਾ ਦਾਅਵਾ
ਇੰਦੌਰ, 10 ਜੂਨ
ਕਤਲ ਕੀਤੇ ਗਏ ਕਾਰੋਬਾਰੀ ਰਾਜਾ ਰਘੂਵੰਸ਼ੀ ਦੇ ਭਰਾ ਵਿਪਿਨ ਰਘੂਵੰਸ਼ੀ ਨੇ ਆਪਣੀ ਭਰਜਾਈ ਤੇ ਮੇਘਾਲਿਆ ਹਨੀਮੂਨ ਕਤਲ ਕੇਸ ਵਿਚ ਮੁੱਖ ਮੁਲਜ਼ਮ ਸੋਨਮ ਰਘੂਵੰਸ਼ੀ ’ਤੇ ਨਵੇਂ ਦੋਸ਼ ਲਾਏ ਹਨ। ਵਿਪਿਨ ਨੇ ਦਾਅਵਾ ਕੀਤਾ ਕਿ ਮੁਲਜ਼ਮ ਸੋਨਮ ਨੇ ਪੁਲੀਸ ਅੱਗੇ ਆਤਮ ਸਮਰਪਣ ਦਾ ਡਰਾਮਾ ਕੀਤ ਹੈ ਤੇ ਇਸ ਪੂਰੇ ਅਪਰਾਧ ਵਿਚ ਪੰਜ ਤੋਂ ਵੱਧ ਵਿਅਕਤੀ ਸ਼ਾਮਲ ਹਨ। ਵਿਪਿਨ ਨੇ ਕਿਹਾ ਕਿ ਸੋਨਮ ਰਘੂਵੰਸ਼ੀ ਦੀ ਮਾਂ ਨੇ ਵੀ ਉਨ੍ਹਾਂ ਕੋਲੋਂ ਕੁਝ ਗੱਲਾਂ ਲੁਕਾਈਆਂ ਤੇ ਉਸ ਨੂੰ ਆਪਣੀ ਧੀ ਸੋਨਮ ਤੇ ਰਾਜ ਕੁਸ਼ਵਾਹਾ ਦਰਮਿਆਨ ਕਥਿਤ ਸਬੰਧਾਂ ਦਾ ਪਤਾ ਸੀ।
ਵਿਪਿਨ ਰਘੂਵੰਸ਼ੀ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਸਾਨੂੰ ਪੂਰਾ ਯਕੀਨ ਹੈ ਕਿ ਇਸ ਕੇਸ ਵਿਚ ਪੰਜ ਤੋਂ ਵੱਧ ਮੁਲਜ਼ਮ ਹਨ। ਸੋਨਮ ਨੇ ਜਦੋਂ ਆਤਮ ਸਮਰਪਣ ਕੀਤਾ, ਉਸ ਨੇ ਆਪਣੇ ਭਰਾ ਨੂੰ ਫੋਨ ਕੀਤਾ ਤੇ ਕਿਹਾ ਕਿ ਉਸ ਨੂੰ ਕੋਈ ਇਥੇ ਛੱਡ ਕੇ ਗਿਆ ਹੈ। ਉਹ ਉਨ੍ਹਾਂ ਦੋ ਲੋਕਾਂ ਨੂੰ ਕਿਵੇਂ ਨਹੀਂ ਜਾਣਦੀ ਹੈ?...ਸਾਨੂੰ ਪਤਾ ਲੱਗਾ ਹੈ ਕਿ ਉਹ ਇਥੇ ਬੱਸ ਰਾਹੀਂ ਪੁੱਜੀ ਤੇ ਉਸ ਨਾਲ ਦੋ ਹੋਰ ਲੋਕ ਸਨ। ਉਸ ਨੇ ਪੂਰੀ ਕਹਾਣੀ ਘੜੀ ਹੈ। ਉਹ ਆਤਮ ਸਮਰਪਣ ਕਰਨ ਦਾ ਡਰਾਮਾ ਕਰ ਰਹੀ ਹੈ। ਸਾਨੂੰ ਪੁਲੀਸ ਵੱਲੋਂ ਕੀਤੀ ਜਾਂਚ ’ਤੇ ਭਰੋੋਸਾ ਹੈ।’’
ਵਿਪਿਨ ਨੇ ਅੱਗੇ ਕਿਹਾ, ‘‘ਜੇ ਰਾਜ ਕੁਸ਼ਵਾਹਾ ਬੇਕਸੂਰ ਹੁੰਦਾ, ਤਾਂ ਉਹ ਸੋਨਮ ਨਾਲ ਘੰਟਿਆਂਬੱਧੀ ਗੱਲ ਨਾ ਕਰਦਾ... ਸੋਨਮ ਉਸ (ਰਾਜ) ਦੇ ਜੱਦੀ ਸ਼ਹਿਰ ਵਿੱਚੋਂ ਮਿਲੀ ਸੀ; ਉਸ ਨੇ ਸ਼ਾਇਦ ਉਹਦੇ ਘਰ ਵਿੱਚ ਪਨਾਹ ਲਈ ਸੀ। ਰਾਜਾ ਦੇ ਕਤਲ ਅਤੇ ਉਸ ਦੀ ਲਾਸ਼ ਬਰਾਮਦ ਹੋਣ ਦੇ ਵਿਚਕਾਰ ਦਾ ਸਮਾਂ, ਸੋਨਮ ਨੇ ਰਾਜ ਨਾਲ ਘੰਟਿਆਂ ਬੱਧੀ ਗੱਲਾਂ ਕੀਤੀਆਂ... ਅਸੀਂ ਰਾਜਾ ਦਾ ਵਿਆਹ ਕਰਵਾਉਣ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰ ਦੇ ਪਿਛੋਕੜ ਦੀ ਜਾਂਚ ਕੀਤੀ। ਸਾਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਸੋਨਮ ਇਸ ਤਰ੍ਹਾਂ ਦੀ ਹੋਵੇਗੀ।’’ ਉਸ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਸੋਨਮ ਦੀ ਮਾਂ ਨੇ ਸਾਡੇ ਤੋਂ ਚੀਜ਼ਾਂ ਲੁਕਾਈਆਂ। ਉਸ ਨੇ ਸਾਨੂੰ ਪੂਰੀ ਕਹਾਣੀ ਨਹੀਂ ਦੱਸੀ, ਅਤੇ ਉਸ ਨੂੰ ਪਤਾ ਸੀ ਕਿ ਰਾਜ ਦਾ ਸੋਨਮ ਨਾਲ ਅਫੇਅਰ ਸੀ। ਜੇਕਰ ਸੋਨਮ ਦੇ ਪਿਤਾ ਅਤੇ ਭਰਾ ਨੂੰ ਰਾਜ ਬਾਰੇ ਪਤਾ ਹੁੰਦਾ, ਤਾਂ ਉਹ ਉਸ ਨੂੰ ਆਪਣੀ ਫੈਕਟਰੀ ’ਚੋਂ ਕੱਢ ਦਿੰਦੇ। ਮੈਨੂੰ ਲੱਗਦਾ ਹੈ ਕਿ ਇਸ ਮਾਮਲੇ ਵਿੱਚ 5 ਤੋਂ ਵੱਧ ਲੋਕ ਸ਼ਾਮਲ ਹਨ।’’
ਇਸ ਦੌਰਾਨ ਕੋਰਟ ਨੇ ਮੇਘਾਲਿਆ ਪੁਲੀਸ ਨੂੰ ਰਾਜਾ ਰਘੂਵੰਸ਼ੀ ਕਤਲ ਕੇਸ ਦੇ ਚੌਥੇ ਮੁਲਜ਼ਮ ਦਾ ਵੀ ਸੱਤ ਦਿਨਾ ਰਿਮਾਂਡ ਦੇ ਦਿੱਤਾ ਹੈ। ਚੌਥਾ ਮੁਲਜ਼ਮ, ਜਿਸ ਦੀ ਪਛਾਣ ਆਨੰਦ ਵਜੋਂ ਹੋਈ ਹੈ, ਨੂੰ ਅੱਜ 16 ਜੂਨ ਤੱਕ 7 ਦਿਨਾਂ ਲਈ ਟਰਾਂਜ਼ਿਟ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਤਿੰਨ ਹੋਰ ਮੁਲਜ਼ਮਾਂ- ਆਕਾਸ਼ ਰਾਜਪੂਤ, ਵਿਸ਼ਾਲ ਸਿੰਘ ਚੌਹਾਨ ਅਤੇ ਰਾਜ ਸਿੰਘ ਕੁਸ਼ਵਾਹਾ ਦਾ ਸੋਮਵਾਰ ਨੂੰ 7 ਦਿਨਾਂ ਲਈ ਟਰਾਂਜ਼ਿਟ ਰਿਮਾਂਡ ਮਿਲਿਆ ਸੀ। -ਏਐੱਨਆਈ