ਇੰਦੌਰ, 10 ਜੂਨਮੇਘਾਲਿਆ ਵਿੱਚ ਇੰਦੌਰ-ਅਧਾਰਿਤ ਜੋੜੇ ਰਾਜਾ ਰਘੂਵੰਸ਼ੀ ਤੇ ਸੋਨਮ ਰਘੂਵੰਸ਼ੀ ਲਈ ਸੁਪਨਮਈ ਹਨੀਮੂਨ ਵਜੋਂ ਸ਼ੁਰੂ ਹੋਈ ਘਟਨਾ ਹੁਣ ਕਤਲ ਅਤੇ ਵਿਸ਼ਵਾਸਘਾਤ ਦੀ ਘਿਣੌਨੀ ਕਹਾਣੀ ਵਿੱਚ ਬਦਲ ਗਈ ਹੈ, ਜਿਸ ਨਾਲ ਤਿੰਨ ਪਰਿਵਾਰਾਂ ਦਾ ਦਿਲ ਟੁੱਟ ਗਿਆ ਹੈ। ਇੰਦੌਰ ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੂਵੰਸ਼ੀ ਦੇ ਕਤਲ ਨੇ ਭੇਤ ਤੋਂ ਪਰਦਾ ਚੁੱਕ ਦਿੱਤਾ ਹੈ, ਜਿਸ ਨਾਲ ਤਿੰਨ ਮਾਵਾਂ ਡੂੰਘੇ ਸੋਗ ਵਿੱਚ ਡੁੱਬ ਗਈਆਂ ਹਨ। ਮੇਘਾਲਿਆ ਪੁਲੀਸ ਜਿਵੇਂ ਹੀ ਇਸ ਭਿਆਨਕ ਅਪਰਾਧ ਦੀਆਂ ਪਰਤਾਂ ਨੂੰ ਖੋਲ੍ਹਦੀ ਹੈ, ਬਿਰਤਾਂਤ ਸਭ ਤੋਂ ਨਜ਼ਦੀਕੀ ਰਿਸ਼ਤਿਆਂ ਦੇ ਅੰਦਰ ‘ਵਿਸ਼ਵਾਸ ਦੇ ਕਤਲ’ ਵੱਲ ਇਸ਼ਾਰਾ ਕਰਦਾ ਹੈ।ਮੇਘਾਲਿਆ ਪੁਲੀਸ ਮੁਤਾਬਕ ਸੋਨਮ ਨੇ ਆਪਣੇ ਪਤੀ ਰਾਜਾ ਰਘੂਵੰਸ਼ੀ ਦੇ ਕਤਲ ਦੀ ਸਾਜ਼ਿਸ਼ ਵਿੱਚ ਆਪਣੇ ਕਥਿਤ ਪ੍ਰੇਮੀ ਰਾਜ ਕੁਸ਼ਵਾਹਾ ਨਾਲ ਮਿਲ ਕੇ ਘੜੀ ਸੀ। ਇਸ ਜੋੜੀ ਨੇ ਯੋਜਨਾ ਨੂੰ ਅੰਜਾਮ ਦੇਣ ਲਈ ਤਿੰਨ ਕਾਤਲਾਂ ਨੂੰ ਸੁਪਾਰੀ ਦਿੱਤੀ ਸੀ। ਉਮਾ ਰਘੂਵੰਸ਼ੀ ਆਪਣੇ ਪੁੱਤਰ ਰਾਜਾ ਦੀ ਹਾਰ ਵਾਲੀ ਫੋਟੋ ਕੋਲ ਖੜ੍ਹੀ ਹੈ, ਉਸ ਦੇ ਚਿਹਰੇ ’ਤੇ ਦੁੱਖ ਅਤੇ ਘਬਰਾਹਟ ਹੈ। ਉਸ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਸ਼ੁਰੂ ਵਿੱਚ, ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਸੀ ਕਿ ਮੇਰੀ ਨੂੰਹ ਸੋਨਮ ਮੇਰੇ ਪੁੱਤਰ ਰਾਜਾ ਨੂੰ ਮਾਰ ਸਕਦੀ ਹੈ।’’ ਉਸ ਦੀ ਆਵਾਜ਼ ਕੰਬਦੀ ਹੋਈ ਸੀ।ਉਸ ਨੇ ਕਿਹਾ, ‘‘ਪਰ ਅਸੀਂ ਹੁਣ ਹੌਲੀ ਹੌਲੀ ਇਸ ’ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਰਹੇ ਹਾਂ।’’ ਉਸ ਨੂੰ ਕੁਝ ਸਵਾਲ ਪਰੇਸ਼ਾਨ ਕਰ ਰਹੇ ਹਨ, ਜਿਵੇਂ ‘ਜੇ ਸੋਨਮ ਨੂੰ ਕੋਈ ਹੋਰ ਮੁੰਡਾ ਪਸੰਦ ਸੀ, ਤਾਂ ਉਸ ਨੇ ਰਾਜਾ ਨਾਲ ਵਿਆਹ ਕਰਨ ਤੋਂ ਇਨਕਾਰ ਕਿਉਂ ਨਹੀਂ ਕੀਤਾ? ਉਸ ਨੇ ਮੇਰੇ ਪੁੱਤਰ ਨੂੰ ਕਿਉਂ ਮਾਰਿਆ?’ ਦੋਵਾਂ ਦਾ ਵਿਆਹ 11 ਮਈ ਨੂੰ ਹੋਇਆ ਅਤੇ 20 ਮਈ ਨੂੰ ਹਨੀਮੂਨ ਲਈ ਰਵਾਨਾ ਹੋ ਗਏ। ਜਾਂਚ ਦੌਰਾਨ, ਇਹ ਸਾਹਮਣੇ ਆਇਆ ਕਿ ਸੋਨਮ ਨੇ ਖੁਦ ਮੇਘਾਲਿਆ ਦੀ ਯਾਤਰਾ ਦੀ ਪਲਾਨਿੰਗ ਕੀਤੀ ਸੀ। ਉਮਾ ਨੇ ਉਸ ਦਿਨ ਨੂੰ ਯਾਦ ਕਰਦਿਆਂ (ਜਦੋਂ ਰਾਜਾ ਤੇ ਸੋਨਮ ਮੇਘਾਲਿਆ ਲਈ ਰਵਾਨਾ ਹੋਏ ਸਨ) ਕਿਹਾ, ‘‘ਮੈਨੂੰ ਨਹੀਂ ਪਤਾ ਸੀ ਕਿ ਮੇਰਾ ਪੁੱਤਰ ਮੇਘਾਲਿਆ ਤੋਂ ਇੱਕ ਲਾਸ਼ ਬਣ ਕੇ ਵਾਪਸ ਆਏਗਾ।’’ ਮੇਘਾਲਿਆ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕਰਨ ਤੋਂ ਪਹਿਲਾਂ ਪਰਿਵਾਰ ਰਾਜ ਕੁਸ਼ਵਾਹਾ ਦੀ ਹੋਂਦ ਤੋਂ ਪੂਰੀ ਤਰ੍ਹਾਂ ਅਣਜਾਣ ਸੀ।ਇੰਦੌਰ ਵਿੱਚ ਇੱਕ ਛੋਟੇ ਜਿਹੇ ਕਿਰਾਏ ਦੇ ਘਰ ਵਿੱਚ ਰਾਜਾ ਦੇ ਘਰ ਤੋਂ ਕਈ ਮੀਲ ਦੂਰ, ਰਾਜ ਕੁਸ਼ਵਾਹਾ ਦੀ ਮਾਂ ਚੁੰਨੀ ਦੇਵੀ ਆਪਣੀਆਂ ਤਿੰਨ ਧੀਆਂ ਨਾਲ ਬੇਚੈਨ ਹੈ। ਉਸ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਮੇਰਾ ਪੁੱਤਰ ਬੇਕਸੂਰ ਹੈ। ਉਸ ਨੂੰ ਫਸਾਇਆ ਗਿਆ ਹੈ। ਇੱਕ 20 ਸਾਲ ਦਾ ਮੁੰਡਾ ਇੰਨਾ ਵੱਡਾ ਅਪਰਾਧ ਕਿਵੇਂ ਕਰ ਸਕਦਾ ਹੈ? ਮੇਰੇ ਪਤੀ ਦੀ ਮੌਤ ਤੋਂ ਬਾਅਦ ਉਹ ਸਾਡੇ ਘਰ ਦਾ ਇਕਲੌਤਾ ਕਮਾਉਣ ਵਾਲਾ ਹੈ।’’ ਉਸ ਨੇ ਦਾਅਵਾ ਕੀਤਾ ਕਿ ਉਸ ਦਾ ਪੁੱਤਰ ਰਾਜਾ ਰਘੂਵੰਸ਼ੀ ਦੇ ਅੰਤਿਮ ਸੰਸਕਾਰ ਵਿੱਚ ਵੀ ਸ਼ਾਮਲ ਹੋਇਆ ਸੀ ਅਤੇ ਰੋਂਦੇ ਹੋਏ ਘਰ ਪਰਤਿਆ ਸੀ।ਰਾਜ ਕੁਸ਼ਵਾਹਾ ਦੀ ਮਾਂ ਨੇ ਕਿਹਾ, ‘‘ਮੇਰਾ ਪੁੱਤਰ ਰਾਜਾ ਰਘੂਵੰਸ਼ੀ ਦੀ ਮੌਤ ਤੋਂ ਦੁਖੀ ਸੀ ਅਤੇ ਉਸ ਦੇ ਅੰਤਿਮ ਸੰਸਕਾਰ ਵਿੱਚ ਵੀ ਗਿਆ ਸੀ। ਅੰਤਿਮ ਸੰਸਕਾਰ ਤੋਂ ਵਾਪਸ ਆਉਣ ਤੋਂ ਬਾਅਦ, ਉਹ ਬਹੁਤ ਰੋ ਰਿਹਾ ਸੀ। ਮੈਂ ਉਸਨੂੰ ਦਿਲਾਸਾ ਦਿੱਤਾ ਸੀ ਕਿ ਸਭ ਕੁਝ ਠੀਕ ਹੋ ਜਾਵੇਗਾ ਅਤੇ ਹੁਣ ਰੋਣ ਦਾ ਕੀ ਫਾਇਦਾ।’’ਇੰਦੌਰ ਦੇ ਗੋਵਿੰਦ ਨਗਰ ਖਾਰਚਾ ਇਲਾਕੇ ਵਿੱਚ ਸੋਨਮ ਦੇ ਨਾਨਕੇ ਘਰ ਨੂੰ ਇੱਕ ਵੱਖਰੇ ਤਰ੍ਹਾਂ ਦਾ ਸਦਮਾ ਲੱਗਾ ਹੈ। ਉਸ ਦਾ ਪਰਿਵਾਰ ਸਨਮਾਈਕਾ ਸ਼ੀਟਾਂ ਦਾ ਕਾਰੋਬਾਰ ਕਰਦਾ ਹੈ, ਜਿੱਥੇ 12ਵੀਂ ਜਮਾਤ ਦੀ ਪੜ੍ਹਾਈ ਛੱਡ ਚੁੱਕਾ ਰਾਜ ਕੁਸ਼ਵਾਹਾ ਅਕਾਊਂਟੈਂਟ ਵਜੋਂ ਕੰਮ ਕਰਦਾ ਸੀ। ਸੋਨਮ ਦੀ ਮਾਂ ਸੰਗੀਤਾ ਮੀਡੀਆ ਨਾਲ ਗੱਲ ਕਰਨ ਤੋਂ ਝਿਜਕ ਰਹੀ ਸੀ। ਉਸ ਨੇ ਕਿਹਾ, ‘‘ਮੇਰੀ ਧੀ ’ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਮੈਂ ਹੁਣੇ ਇਹ ਨਹੀਂ ਕਹਿ ਸਕਦੀ ਕਿ ਮੇਘਾਲਿਆ ਵਿੱਚ ਰਾਜਾ ਰਘੂਵੰਸ਼ੀ ਨਾਲ ਕੀ ਹੋਇਆ ਹੋਵੇਗਾ?’’ ਕਥਿਤ ਮੁੱਖ ਮੁਲਜ਼ਮ ਸੋਨਮ ਦੀ ਮਾਂ ਨੇ ਮੰਗ ਕੀਤੀ ਕਿ ਉਸ ਦੇ ਜਵਾਈ ਦੇ ਕਤਲ ਦੀ ਵਿਸਤ੍ਰਿਤ ਜਾਂਚ ਹੋਣੀ ਚਾਹੀਦੀ ਹੈ। ਰਾਜਾ ਰਘੂਵੰਸ਼ੀ ਅਤੇ ਸੋਨਮ ਦੇ ਲਾਪਤਾ ਹੋਣ ਦੀ ਰਿਪੋਰਟ 23 ਮਈ ਨੂੰ ਆਈ ਸੀ ਅਤੇ 2 ਜੂਨ ਨੂੰ ਨਵ-ਵਿਆਹੇ ਲਾੜੇ ਦੀ ਲਾਸ਼ ਪੂਰਬੀ ਖਾਸੀ ਪਹਾੜੀਆਂ ਜ਼ਿਲ੍ਹੇ ਦੇ ਸੋਹਰਾ, ਜਿਸ ਨੂੰ ਚੇਰਾਪੂੰਜੀ ਵੀ ਕਿਹਾ ਜਾਂਦਾ ਹੈ, ਵਿੱਚ ਇੱਕ ਝਰਨੇ ਦੇ ਨੇੜੇ ਇੱਕ ਡੂੰਘੀ ਖੱਡ ਵਿੱਚ ਮਿਲੀ। ਸੋਨਮ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਵਿੱਚ ਪੁਲੀਸ ਅੱਗੇ ਆਤਮ ਸਮਰਪਣ ਕਰ ਦਿੱਤਾ, ਜਦੋਂ ਕਿ ਰਾਜ ਕੁਸ਼ਵਾਹਾ ਅਤੇ ਤਿੰਨ ਹੋਰ ਮੁਲਜ਼ਮਾਂ ਨੂੰ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। -ਪੀਟੀਆਈ