Meghalaya honeymoon horror: ਮੇਘਾਲਿਆ ਪੁਲੀਸ ਨੂੰ ਸੋਨਮ ਰਘੂਵੰਸ਼ੀ ਦਾ 3 ਦਿਨਾ ਟਰਾਂਜ਼ਿਟ ਰਿਮਾਂਡ ਮਿਲਿਆ
ਲਖਨਊ/ਪਟਨਾ(ਬਿਹਾਰ), 10 ਜੂਨ
ਮੇਘਾਲਿਆ ਪੁਲੀਸ ਨੂੰ ਇੰਦੌਰ ਵਾਸੀ ਕਾਰੋਬਾਰੀ ਰਾਜਾ ਰਘੂਵੰਸ਼ੀ ਕਤਲ ਕੇਸ ਦੀ ਮੁੱਖ ਮੁਲਜ਼ਮ ਤੇ ਉਸ ਦੀ ਪਤਨੀ ਸੋਨਮ ਰਘੂਵੰਸ਼ੀ ਦਾ ਤਿੰਨ ਦਿਨਾ ਟਰਾਂਜ਼ਿਟ ਰਿਮਾਂਡ ਮਿਲ ਗਿਆ ਹੈ। ਮੇਘਾਲਿਆ ਪੁਲੀਸ ਸੋਨਮ ਰਘੂਵੰਸ਼ੀ ਨੂੰ ਬਿਹਾਰ ਦੇ ਪਟਨਾ ਵਿਚ ਫੁਲਵਾਰੀ ਸਰੀਫ਼ ਪੁਲੀਸ ਥਾਣੇ ਲੈ ਕੇ ਪੁੱਜੀ ਹੈ। ਸੋਨਮ ਨੂੰ ਟਰਾਂਜ਼ਿਟ ਰਿਮਾਂਡ ’ਤੇ ਸ਼ਿਲੌਂਗ ਲਿਜਾਇਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਮੇਘਾਲਿਆ ਪੁਲੀਸ ਨੇ ਕਤਲ ਕੇਸ ਦੇ ਤਿੰਨ ਹੋਰ ਮੁਲਜ਼ਮਾਂ ਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਸੀ। ਵਧੀਕ ਡੀਸੀਪੀ (ਅਪਰਾਧ) ਰਾਜੇਸ਼ ਡੰਡੋਤੀਆ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ, ‘‘ਇਨ੍ਹਾਂ ਸਾਰਿਆਂ ਨੂੰ ਸੀਜੇਐੱਮ ਜੱਜ ਅੱਗੇ ਪੇਸ਼ ਕੀਤਾ ਗਿਆ ਤੇ ਸ਼ਿਲੌਂਗ ਪੁਲੀਸ ਨੂੰ 7 ਦਿਨਾਂ ਦਾ ਟਰਾਂਜ਼ਿਟ ਰਿਮਾਂਡ ਮਿਲਿਆ ਹੈ। ਕੇਸ ਦੇ ਚੌਥੇ ਮੁਲਜ਼ਮ ਆਨੰਦ ਨੂੰ ਸਾਗਰ, ਬੀਨਾ (ਮੱਧ ਪ੍ਰਦੇਸ਼) ਤੋਂ ਇੰਦੌਰ ਲਿਆਂਦਾ ਗਿਆ ਹੈ ਤੇ ਮੰਗਲਵਾਰ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਸ਼ਿਲੌਂਗ ਪੁਲੀਸ ਇਨ੍ਹਾਂ ਚਾਰਾਂ ਨੂੰ ਮੇਘਾਲਿਆ ਲੈ ਕੇ ਜਾਵੇਗੀ।’’ ਮੇਘਾਲਿਆ ਦੇ ਉਪ ਮੁੱਖ ਮੰਤਰੀ Prestone Tynsong ਨੇ ਰਾਜਾ ਰਘੂਵੰਸ਼ੀ ਕਤਲ ਕੇਸ ਵਿਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਥਾਰਿਟੀਜ਼ ਵੱਲੋਂ ਅਜੇ ਵੀ ਇਕ ਮਸ਼ਕੂਕ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਸੋਮਵਾਰ ਦੇਰ ਰਾਤ ਇੰਦੌਰ ਅਧਾਰਿਤ ਸੋਨਮ ਰਘੂਵੰਸ਼ੀ (24) ਨੂੰ ਗਾਜ਼ੀਪੁਰ ਵਿਚ ਸਥਾਨਕ ਕੋਰਟ ਵਿਚ ਪੇਸ਼ ਕਰਕੇ ਟਰਾਂਜ਼ਿਟ ਰਿਮਾਂਡ ਦੀ ਮੰਗ ਕੀਤੀ ਗਈ। ਮੇਘਾਲਿਆ ਪੁਲੀਸ ਉਸ ਨੂੰ ਆਪਣੀ ਹਿਰਾਸਤ ਵਿਚ ਲੈਣ ਲਈ ਸੋਮਵਾਰ ਸ਼ਾਮ ਨੂੰ ਹੀ ਇਥੇ ਪੁੱਜ ਗਈ ਸੀ। ਸੋਨਮ ਨੇ ਸੋਮਵਾਰ ਤੜਕੇ ਗਾਜ਼ੀਪੁਰ ਵਿਚ ਯੂਪੀ ਪੁਲੀਸ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਕੋਰਟ ਦੀ ਕਾਰਵਾਈ ਦੇਰ ਰਾਤ ਤੱਕ ਜਾਰੀ ਰਹੀ। ਸੋਨਮ ਤੋਂ ਇਲਾਵਾ ਪੁਲੀਸ ਨੇ ਤਿੰਨ ਵਿਅਕਤੀਆਂ ਅਕਾਸ਼ ਰਾਜਪੂਤ ਵਾਸੀ ਲਲਿਤਪੁਰ ਤੇ ਦੋ ਹੋਰਨਾਂ ਨੂੰ ਇੰਦੌਰ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਹੁਣ ਤੱਕ ਇਸ ਮਾਮਲੇ ਵਿਚ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਗਾਜ਼ੀਪੁਰ ਦੇ ਐੱਸਪੀ ਇਰਾਜ਼ ਰਾਜਾ ਨੇ ਕਿਹਾ ਕਿ ਸੋਨਮ ਨੂੰ ਵਾਰਾਨਸੀ-ਗਾਜ਼ੀਪੁਰ ਮੁੱਖ ਸੜਕ ’ਤੇ ਕਾਸ਼ੀ ਢਾਬੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਇਲਾਜ ਲਈ ਸਦਰ ਹਸਪਤਾਲ ਭੇਜਿਆ ਗਿਆ ਤੇ ਮਗਰੋਂ ਵਨ ਸਟੌਪ ਸੈਂਟਰ ਵਿਚ ਰੱਖਿਆ ਗਿਆ, ਜਿੱਥੇ ਮੁਸੀਬਤ ਵਿੱਚ ਫਸੀਆਂ ਔਰਤਾਂ ਨੂੰ ਡਾਕਟਰੀ ਤੇ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਢਾਬੇ ਦੇ ਕਰਮਰਚਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੋਨਮ ਨੇ ਇੰਦੌਰ ਵਿਚ ਆਪਣੇ ਮਾਪਿਆਂ ਨੂੰ ਕਾਲ ਕਰਨ ਲਈ ਫੋਨ ਮੰਗਿਆ ਸੀ। ਇਸੇ ਫੋਨ ਕਰਕੇ ਮੱਧ ਪ੍ਰਦੇਸ਼ ਪੁਲੀਸ ਨੇ ਉਸ ਦੀ ਲੋਕੇਸ਼ਨ ਟਰੇਸ ਕਰ ਲਈ। ਮਗਰੋਂ ਉੱਤਰ ਪ੍ਰਦੇਸ਼ ਪੁਲੀਸ ਨਾਲ ਰਾਬਤਾ ਕੀਤਾ ਗਿਆ ਤੇ ਇਸ ਤਰ੍ਹਾਂ ਸੋਨਮ ਦੀ ਗ੍ਰਿਫ਼ਤਾਰੀ ਸੰਭਵ ਹੋਈ। ਮੇਘਾਲਿਆ ਪੁਲੀਸ ਦੀ ਟੀਮ ਨੇ ਸੋਮਵਾਰ ਸ਼ਾਮੀਂ ਸਾਢੇ ਛੇ ਵਜੇ ਦੇ ਕਰੀਬ ਵਨ ਸਟੌਪ ਸੈਂਟਰ ਤੋਂ ਸੋਨਮ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ। ਸੋਨਮ ਨੂੰ ਭਾਵੇਂ ਢਾਬੇ ਤੋਂ ਗ੍ਰਿਫ਼ਤਾਰ ਕੀਤਾ ਗਿਆ, ਪਰ ਪੁਲੀਸ ਨੇ ਕਿਹਾ ਕਿ ਸੋਨਮ ਨੇ ਗਾਜ਼ੀਪੁਰ ਜ਼ਿਲ੍ਹੇ ਵਿਚ ਨੰਦਗੰਜ ਪੁਲੀਸ ਥਾਣੇ ਵਿਚ ਆਤਮ ਸਮਰਪਣ ਕੀਤਾ।
ਉਧਰ ਸੋਨਮ ਦਾ ਭਰਾ ਗੋਵਿੰਦ ਵੀ ਮੇਘਾਲਿਆ ਤੋਂ ਗਾਜ਼ੀਪੁਰ ਪਹੁੰਚ ਗਿਆ। ਉਸ ਨੇ ਪੱਤਰਕਾਰਾਂ ਨੂੰ ਕਿਹਾ, ‘‘ਜੇ ਉਹ ਦੋਸ਼ੀ ਹੈ, ਉਸ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਸਰਕਾਰ ਜੋ ਫੈਸਲਾ ਕਰੇਗੀ, ਅਸੀਂ ਉਸ ਨੂੰ ਸਵੀਕਾਰ ਕਰਾਂਗੇ।’’ ਜਦੋਂ ਗੋਵਿੰਦ ਨੂੰ ਪੁੱਛਿਆ ਕਿ ਕੀ ਉਸ ਨੇ ਸੋਨਮ ਨਾਲ ਗੱਲਬਾਤ ਕੀਤੀ ਹੈ ਤਾਂ ਉਸ ਨੇ ਕਿਹਾ, ‘‘ਹਾਲ ਦੀ ਘੜੀ ਮੈਨੂੰ ਕੁਝ ਨਹੀਂ ਪਤਾ। ਮੈਨੂੰ ਕੋਈ ਆਈਡੀਆ ਨਹੀਂ ਹੈ। ਮੈਂ ਉਸ ਨੂੰ ਅਜੇ ਨਹੀਂ ਮਿਲਿਆ। ਮੈਂ ਪਿਛਲੇ 17 ਦਿਨਾਂ ਤੋਂ ਨਹੀਂ ਸੁੱਤਾ...ਮੈਂ ਮੇਘਾਲਿਆ ਪੁਲੀਸ ਨਾਲ ਮਿਲ ਕੇ ਉਸ ਨੂੰ ਲੱਭ ਰਿਹਾ ਸੀ।’’ -ਪੀਟੀਆਈ