Meghalaya Honeymoon Horror: ਮੁਕਾਮੀ ਗਾਈਡ ਨੇ ਇੰਦੌਰ ਦੇ ਰਘੂਵੰਸ਼ੀ ਜੋੜੇ ਨਾਲ ਆਏ ਸ਼ੱਕੀਆਂ ’ਚੋਂ ਇੱਕ ਨੂੰ ਪਛਾਣਿਆ
ਸੋਹਰਾ (ਮੇਘਾਲਿਆ), 10 ਜੂਨ
ਇੱਕ ਸਥਾਨਕ ਟੂਰਿਸਟ ਗਾਈਡ, ਜਿਸ ਨੇ ਪੁਲੀਸ ਨੂੰ ਸੱਜ-ਵਿਆਹੇ ਜੋੜੇ ਰਾਜਾ ਅਤੇ ਸੋਨਮ ਰਘੂਵੰਸ਼ੀ (Raja Raghuvanshi and Sonam Raghuvanshi) ਦੇ ਲਾਪਤਾ ਹੋਣ ਵਾਲੇ ਦਿਨ ਤਿੰਨ ਆਦਮੀਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਦਿੱਤੀ ਸੀ, ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਕੁਝ ਫੋਟੋਆਂ ਦੇਖਣ ਤੋਂ ਬਾਅਦ ਸ਼ੱਕੀਆਂ ਵਿੱਚੋਂ ਇੱਕ ਦੀ ਪਛਾਣ ਕੀਤੀ ਹੈ।
ਗ਼ੌਰਤਲਬ ਹੈ ਕਿ ਇਹ ਜੋੜਾ 23 ਮਈ ਨੂੰ ਲਾਪਤਾ ਹੋ ਗਿਆ ਸੀ, ਜਿਸ ਤੋਂ ਬਾਅਦ ਰਾਜਾ ਦੀ ਬਹੁਤ ਹੀ ਗਲੀ-ਸੜੀ ਹੋਈ ਲਾਸ਼ 2 ਜੂਨ ਨੂੰ ਵੇਸਾਡੋਂਗ ਫਾਲਜ਼ (Weisawdong falls) ਨੇੜਿਉਂ ਮਿਲੀ ਸੀ।
ਮਾਵਲਾਖੀਆਤ ਸਥਿਤ ਗਾਈਡ ਅਲਬਰਟ ਪੇਡੇ (Albert Pde, the guide at Mawlakhiat) ਨੇ ਪੀਟੀਆਈ ਨੂੰ ਦੱਸਿਆ, "ਮੈਂ ਪੁਲੀਸ ਵੱਲੋਂ ਜਾਰੀ ਫੋਟੋਆਂ ਤੋਂ ਇੱਕ ਸ਼ੱਕੀ ਦੀ ਪਛਾਣ ਕਰ ਸਕਿਆ ਹਾਂ।... ਮੈਨੂੰ ਖੁਸ਼ੀ ਹੈ ਕਿ ਅਪਰਾਧੀ ਆਖ਼ਰਕਾਰ ਸਲਾਖਾਂ ਪਿੱਛੇ ਹਨ।’’
ਉਸ ਨੇ ਕਿਹਾ, ‘‘ਅਸੀਂ ਸਹੀ ਸਾਬਤ ਹੋਏ ਹਾਂ। ਜਿਨ੍ਹਾਂ ਲੋਕਾਂ ਨੇ ਸੋਹਰਾ ਅਤੇ ਇਸਦੇ ਲੋਕਾਂ ਦੀ ਦਿੱਖ ਖ਼ਰਾਬ ਕਰਨ ਤੇ ਉਨ੍ਹਾਂ ਨੂੰ ਹਿੰਸਕ ਵਜੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ, ਉਨ੍ਹਾਂ ਦਾ ਹੁਣ ਪਰਦਾਫਾਸ਼ ਹੋ ਗਿਆ ਹੈ।"
ਪੇਡੇ ਨੇ ਕਿਹਾ ਸੀ ਕਿ ਉਸਨੇ 23 ਮਈ ਨੂੰ ਸਵੇਰੇ 10 ਵਜੇ ਦੇ ਕਰੀਬ ਨੋਂਗਰੀਆਟ ਤੋਂ ਮਾਵਲਾਖੀਆਟ ਤੱਕ 3,000 ਪੌੜੀਆਂ ਚੜ੍ਹਦੇ ਹੋਏ ਜੋੜੇ ਨੂੰ ਤਿੰਨ ਆਦਮੀਆਂ ਦੇ ਨਾਲ ਦੇਖਿਆ ਸੀ। ਗਾਈਡ ਦੇ ਅਨੁਸਾਰ, "ਰਾਜਾ ਸਮੇਤ ਚਾਰ ਆਦਮੀ ਅੱਗੇ ਚੱਲ ਰਹੇ ਸਨ ਜਦੋਂ ਕਿ ਔਰਤ ਪਿੱਛੇ ਸੀ। ਚਾਰ ਆਦਮੀ ਹਿੰਦੀ ਵਿੱਚ ਗੱਲਬਾਤ ਕਰ ਰਹੇ ਸਨ।" ਉਸ ਨੇ ਮੰਨਿਆ ਕਿ ਉਹ ਭਾਸ਼ਾ ਸਬੰਧੀ ਬਹੁਤਾ ਜਾਣੂ ਨਹੀਂ ਸੀ।
ਪੇਡੇ ਨੇ ਸ਼ੁਰੂ ਵਿੱਚ 22 ਮਈ ਨੂੰ ਉਨ੍ਹਾਂ ਨੂੰ ਨੋਂਗਰੀਆਟ ਤੱਕ ਤੁਰਨ ਲਈ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਨੇ ਨਿਮਰਤਾ ਨਾਲ ਇਨਕਾਰ ਕਰ ਦਿੱਤਾ ਸੀ ਅਤੇ ਭਾ ਵਾਂਸਾਈ ਵਜੋਂ ਜਾਣੇ ਜਾਂਦੇ ਇੱਕ ਹੋਰ ਗਾਈਡ ਨੂੰ ਨਿਯੁਕਤ ਕੀਤਾ, ਜਿਸਨੇ ਉਨ੍ਹਾਂ ਨੂੰ ਸ਼ਿਪਾਰਾ ਹੋਮਸਟੇਅ 'ਤੇ ਛੱਡ ਦਿੱਤਾ ਸੀ।
ਪੁਲੀਸ ਨੇ ਸੋਮਵਾਰ ਨੂੰ ਇੰਦੌਰ ਦੀ 24 ਸਾਲਾ ਔਰਤ ਸੋਨਮ ਨੂੰ ਮੇਘਾਲਿਆ ਦੇ ਸੁੰਦਰ ਕਸਬੇ ਸੋਹਰਾ ਵਿੱਚ ਆਪਣੇ ਹਨੀਮੂਨ ਦੌਰਾਨ ਆਪਣੇ ਪਤੀ ਰਾਜਾ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਰਾਜਾ ਨੂੰ ਕਥਿਤ ਤੌਰ 'ਤੇ ਸੋਨਮ ਵੱਲੋਂ ਭਾੜੇ ਦੇ ਕਾਤਲਾਂ ਤੋਂ ਕਤਲ ਕਰਵਾਇਆ ਗਿਆ ਸੀ। -ਪੀਟੀਆਈ