ਉਮੀਦਵਾਰਾਂ ਵੱਲੋਂ ਗਿਣਤੀ ਏਜੰਟਾਂ ਤੇ ਵਰਕਰਾਂ ਨਾਲ ਮੀਟਿੰਗਾਂ
ਖੇਤਰੀ ਪ੍ਰਤੀਨਿਧ
ਪਟਿਆਲਾ, 3 ਜੂਨ
ਵੋਟਾਂ ਦੀ 4 ਜੂਨ ਨੂੰ ਹੋਣ ਵਾਲੀ ਗਿਣਤੀ ਸਬੰਧੀ ਪਟਿਆਲਾ ਸੰਸਦੀ ਸੀਟ ਦੇ ਉਮੀਦਵਾਰ ਵੀ ਅੱਜ ਸਾਰਾ ਦਿਨ ਤਿਆਰੀਆਂ ’ਚ ਜੁਟੇ ਰਹੇ। ਉਨ੍ਹਾਂ ਨੇ ਆਪਣੇ ਗਿਣਤੀ ਏਜੰਟਾਂ ਸਮੇਤ ਹੋਰ ਵਰਕਰਾਂ ਅਤੇ ਹਮਾਇਤੀਆਂ ਨਾਲ ਮੀਟਿੰਗਾਂ ਕੀਤੀਆਂ। ਵੋਟਾਂ ਮਗਰੋਂ ਆਏ 2 ਜੂਨ ਦੇ ਦਿਨ ਨੂੰ ਤਾਂ ਮੁੱਖ ਤੌਰ ’ਤੇ ਉਮੀਦਵਾਰਾਂ ਨੇ ਆਮ ਦਿਨਾਂ ਨਾਲੋਂ ਵੱਧ ਸਮਾਂ ਆਰਾਮ ਕਰ ਕੇ ਹੀ ਬਿਤਾਇਆ। ਅੱਜ ਦੂਜੇ ਦਿਨ ਇਹ ਉਮੀਦਵਾਰ ਮੁੜ ਸਰਗਰਮ ਨਜ਼ਰ ਆਏ। ਕਿਉਂਕਿ ਵੋਟਾਂ ਦੀ ਗਿਣਤੀ ਭਾਵੇਂ ਮੁੱਖ ਤੌਰ ’ਤੇ ਸਰਕਾਰੀ ਅਮਲੇ ਨੇ ਕਰਨੀ ਹੁੰਦੀ ਹੈ ਪਰ ਇਸ ਗਿਣਤੀ ਪ੍ਰਕਿਰਿਆ ’ਤੇ ਨਜ਼ਰ ਰੱਖਣ ਲਈ ਹਰੇਕ ਉਮੀਦਵਾਰ ਦੇ ਗਿਣਤੀ ਏਜੰਟ ਵੀ ਨਾਲ ਹਾਜ਼ਰ ਰਹਿੰਦੇ ਹਨ। ਜਿਨ੍ਹਾਂ ਨਾਲ ਅੱਜ ਉਮੀਦਵਾਰਾਂ ਨੇ ਮੀਟਿੰਗਾਂ ਕਰ ਕੇ ਉਨ੍ਹਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਅਤੇ ਸਲਾਹ ਮਸ਼ਵਰਾ ਵੀ ਕੀਤਾ। ਕੁਝ ਉਮੀਦਵਾਰਾਂ ਨੇ ਆਪਣੇ ਵਰਕਰਾਂ ਨੂੰ ਸਵੇਰ ਤੱਕ ਗਿਣਤੀ ਕੇਂਦਰਾਂ ’ਤੇ ਨਿਗਾਹ ਰੱਖਣ ਲਈ ਵੀ ਆਖਿਆ।
ਭਾਜਪਾ ਉਮੀਦਵਾਰ ਅਤੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨੇ ਇਥੇ ਸਥਿਤ ਆਪਣੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵਿੱਚ ਆਪਣੇ ਗਿਣਤੀ ਏਜੰਟਾਂ ਸਮੇਤ ਹੋਰ ਵਰਕਰਾਂ ਨਾਲ ਵੀ ਮੁਲਾਕਾਤ ਕੀਤੀ। ਜ਼ਮਾਨਤ ’ਤੇ ਪਰਤੇ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਵੀ ਅੱਜ ਮਹਿਲ ’ਚ ਆ ਕੇ ਪ੍ਰਨੀਤ ਕੌਰ ਨੂੰ ਮਿਲੇ। ‘ਆਪ’ ਉਮੀਦਵਾਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਅਕਾਲੀ ਉਮੀਦਵਾਰ ਐਨ.ਕੇ ਸ਼ਰਮਾ, ਕਾਂਗਰਸ ਉਮੀਦਵਾਰ ਤੇ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਮਾਨ ਦੇ ਉਮੀਦਵਾਰ ਪ੍ਰੋ. ਮਹਿੰਦਰਪਾਲ ਸਿੰਘ ਤੇ ਬਸਪਾ ਉਮੀਦਵਾਰ ਜਗਜੀਤ ਸਿੰਘ ਛੜਬੜ ਸਮੇਤ ਬਾਕੀ ਉਮੀਦਵਾਰਾਂ ਨੇ ਵੀ ਇਸੇ ਤਰ੍ਹਾਂ ਗਿਣਤੀ ਏਜੰਟਾਂ ਨਾਲ ਮੀਟਿੰਗਾਂ ਕੀਤੀਆਂ।