ਫ਼ਿਰੋਜ਼ਪੁਰ ਮਹਾਪੰਚਾਇਤ ਲਈ ਪਿੰਡਾਂ ਚ ਮੀਟਿੰਗਾਂ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 4 ਫ਼ਰਵਰੀ
ਆਗਾਮੀ 11 ਫਰਵਰੀ ਨੂੰ ਫਿਰੋਜ਼ਪੁਰ ਵਿਖੇ ਹੋਣ ਵਲੀ ‘ਕਿਸਾਨ ਮਜ਼ਦੂਰ ਮਹਾ ਪੰਚਾਇਤ’ ਦੀ ਤਿਆਰੀ ਵਜੋਂ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਵੱਲੋਂ ਅੱਜ ਜ਼ਿਲ੍ਹਾ ਬਠਿੰਡਾ ਦੇ ਬਲਾਕ ਫੂਲ਼ ਦੇ ਪਿੰਡਾਂ ਸੇਲਬਰਾਹ ਅਤੇ ਚੋਟੀਆਂ ਵਿੱਚ ਸੂਬਾ ਕਮੇਟੀ ਮੈਂਬਰ ਬਲਵੰਤ ਮਹਿਰਾਜ ਦੀ ਅਗਵਾਈ ਚ ਮੀਟਿੰਗਾਂ ਕੀਤੀਆਂ ਗਈਆਂ। ਬਲਵੰਤ ਮਹਿਰਾਜ ਨੇ ਦੱਸਿਆ ਕਿ ਫਿਰੋਜ਼ਪੁਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਵਾਲੇ ਮਾਮਲੇ ’ਚ ਕਿਸਾਨ ਮਜ਼ਦੂਰ ਆਗੂਆਂ ਦੇ ਨਾਮ ਸ਼ਾਮਿਲ ਕਰਕੇ ਸੰਗੀਨ ਧਾਰਾਵਾਂ ਤਹਿਤ ਐਫਆਈਆਰ ਵਿੱਚ ਜੋ ਵਾਧਾ ਕੀਤਾ ਗਿਆ ਹੈ, ਉਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਕੇਂਦਰ ਦੀ ਮੋਦੀ ਹਕੂਮਤ ਅੱਗੇ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੋਦੀ ਹਕੂਮਤ ਵਾਲੇ ਰਾਹਾਂ ’ਤੇ ਚੱਲ ਕੇ ਕਿਸਾਨਾਂ ਮਜ਼ਦੂਰਾਂ ਨੂੰ ਕੁਚਲਣ ਦੀ ਜੋ ਸਾਜਿਸ਼ ਰਚੀ ਗਈ ਹੈ, ਉਸ ਦਾ ਜਵਾਬ ਦੇਣ ਲਈ 11 ਫ਼ਰਵਰੀ ਨੂੰ ਫਿਰੋਜ਼ਪੁਰ ਦੇ ਐਸਐਸਪੀ ਦਫ਼ਤਰ ਅੱਗੇ ਵਿਸ਼ਾਲ ‘ਕਿਸਾਨ ਮਜ਼ਦੂਰ ਮਹਾ ਪੰਚਾਇਤ’ ਰੱਖੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਪੰਚਾਇਤ ’ਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਸ਼ਾਮਿਲ ਹੋਣਗੇ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਠੋਕਵਾਂ ਜਵਾਬ ਦਿੱਤਾ ਜਾਵੇਗਾ।
ਇਸ ਮੌਕੇ ਮੀਟਿੰਗਾਂ ’ਚ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਢਿੱਲੋਂ ਫੂਲ਼, ਜ਼ਿਲ੍ਹਾ ਮੀਤ ਪ੍ਰਧਾਨ ਗੋਰਾ ਡਿੱਖ, ਫੂਲ਼ ਬਲਾਕ ਦੇ ਪ੍ਰਧਾਨ ਗੁਰਪ੍ਰੀਤ ਢਿਪਾਲੀ, ਸਕੱਤਰ ਤੀਰਥ ਰਾਮ ਸੇਲਬਰਾਹ, ਸੇਲਬਰਾਹ ਇਕਾਈ ਦੇ ਪ੍ਰਧਾਨ ਕੁਲਦੀਪ ਸਿੰਘ ਤੋਂ ਇਲਾਵਾ ਹੋਰ ਕਿਸਾਨ ਮਜ਼ਦੂਰ ਹਾਜ਼ਰ ਸਨ।