For the best experience, open
https://m.punjabitribuneonline.com
on your mobile browser.
Advertisement

‘ਭਾਰਤ ਬੰਦ’ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਜਥੇਬੰਦੀਆਂ ਵੱਲੋਂ ਮੀਟਿੰਗਾਂ ਜਾਰੀ

08:56 AM Feb 09, 2024 IST
‘ਭਾਰਤ ਬੰਦ’ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਜਥੇਬੰਦੀਆਂ ਵੱਲੋਂ ਮੀਟਿੰਗਾਂ ਜਾਰੀ
ਪਿੰਡ ਕੋਟ ਟੋਡਰ ਮੱਲ ਵਿੱਚ ਜਾਣਕਾਰੀ ਦਿੰਦੇ ਹੋਏ ਮਜ਼ਦੂਰ ਆਗੂ। - ਫੋਟੋ: ਜਾਗੋਵਾਲ
Advertisement

ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 8 ਫਰਵਰੀ
ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਇੱਥੋਂ ਨਜ਼ਦੀਕੀ ਪਿੰਡ ਕੋਟ ਟੋਡਰ ਮੱਲ ਵਿੱਚ ਖੁੱਲ੍ਹੀ ਇਕੱਤਰਤਾ ਕੀਤੀ ਗਈ ਜਿਸ ਦੀ ਪ੍ਰਧਾਨਗੀ ਦਲਬੀਰ ਸਿੰਘ ਲੀਲ੍ਹ ਕਲਾਂ ਨੇ ਕੀਤੀ। ਇਸ ਸਬੰਧੀ ਸੂਬਾ ਆਗੂ ਮੇਜਰ ਸਿੰਘ ਨੇ ਦੱਸਿਆ ਕਿ ਅੱਜ ਦੀ ਇਕੱਤਰਤਾ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਜਥੇਬੰਦੀ ਦੇ ਮੈਂਬਰਾਂ ਨੂੰ 16 ਫ਼ਰਵਰੀ ਦੇ ‘ਭਾਰਤ ਬੰਦ’ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਇੱਕਜੁਟ ਹੋ ਕੇ ਜ਼ੋਰ ਲਗਾਉਣ ਲਈ ਕਿਹਾ।
ਇਸ ਮੌਕੇ ਸੂਬਾ ਆਗੂ ਮੇਜਰ ਸਿੰਘ ਕੋਟ ਟੋਡਰ ਮੱਲ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਫਾਸ਼ੀਵਾਦੀ ਨੀਤੀਆਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ, ਟਰੇਡ ਯੂਨੀਅਨਾਂ, ਪੇਂਡੂ ਮਜ਼ਦੂਰ ਅਤੇ ਹੋਰ ਜਥੇਬੰਦੀਆਂ ਵੱਲੋਂ ‘ਭਾਰਤ ਬੰਦ’ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਮੀਟਿੰਗ ਵਿੱਚ ਕਾਲਾ ਸਿੰਘ ਭਰਥ, ਸੁੱਚਾ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਗੋਲਡੀ ਤੁਗਲਵਾਲ, ਕੇਵਲ ਸਿੰਘ ਜ਼ਫਰਵਾਲ, ਦਲਬੀਰ ਸਿੰਘ ਨੱਤ ਮੌਕਲ, ਪਰਮਜੀਤ ਕੌਰ, ਕਿਰਨਦੀਪ ਕੌਰ ਤੇ ਗੁਰਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਸਨ।
ਸ਼ਾਹਕੋਟ (ਪੱਤਰ ਪ੍ਰੇਰਕ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਗੂ ਦੇਸ਼ ਅੰਦਰ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ ਅਤੇ ਵਿਦਿਆਰਥੀ ਵਿਰੋਧੀ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਫਰਵਰੀ ਨੂੰ ਦਿੱਤੇ ਗਏ ‘ਭਾਰਤ ਬੰਦ’ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਅੱਜ ਸਥਾਨਕ ਤਹਿਸੀਲ ਕੰਪਲੈਕਸ ਵਿੱਚ ਸਾਂਝੀ ਮੀਟਿੰਗ ਕੀਤੀ ਗਈ। ਇਸ ਮੌਕੇ ਤਹਿਸੀਲ ਸ਼ਾਹਕੋਟ ਅੰਦਰ ‘ਭਾਰਤ ਬੰਦ’ ਨੂੰ ਕਾਮਯਾਬ ਬਣਾਉਣ ਲਈ 13 ਫਰਵਰੀ ਨੂੰ ਸ਼ਾਹਕੋਟ, ਮਲਸੀਆਂ ਅਤੇ ਲੋਹੀਆਂ ਖਾਸ ਦੇ ਦੁਕਾਨਦਾਰਾਂ, ਟਰੱਕ ਤੇ ਟੈਕਸੀ ਯੂਨੀਅਨਾਂ ਨਾਲ ਸੰਪਰਕ ਕਰਨ, ਪਿੰਡਾਂ ਵਿੱਚ ਮੀਟਿੰਗਾਂ ਕਰਵਾ ਕੇ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਤੋਂ ਜਾਗਰੂਕ ਕਰ ਕੇ ਉਨ੍ਹਾਂ ਦੀ ਸ਼ਮੂਲੀਅਤ ਕਰਵਾਉਣ ਲਈ ਪਿੰਡਾਂ ਦੇ ਗੁਰਦੁਆਰਿਆਂ ਤੋਂ ਅਨਾਊਂਸਮੈਂਟਾਂ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ।
ਬੁਲਾਰਿਆਂ ਨੇ ਦੱਸਿਆ ਕਿ 16 ਫਰਵਰੀ ਨੂੰ ਬੱਸ ਅੱਡਾ ਸ਼ਾਹਕੋਟ ਉੱਤੇ ਇਕੱਠੇ ਹੋਣ ਉਪਰੰਤ ਕਸਬੇ ਵਿੱਚ ਮੁਜ਼ਾਹਰਾ ਕਰ ਕੇ ਥਾਣੇ ਅੱਗੇ ਰੈਲੀ ਕੀਤੀ ਜਾਵੇਗੀ। ਬਲਾਕ ਲੋਹੀਆਂ ਖਾਸ ਵਿੱਚ ਟੀ-ਪੁਆਇੰਟ ’ਤੇ ਰੈਲੀ ਕੀਤੀ ਜਾਵੇਗੀ। ਮੀਟਿੰਗ ਵਿੱਚ ਦਿਹਾਤੀ ਮਜ਼ਦੂਰ ਸਭਾ ਵੱਲੋਂ ਨਿਰਮਲ ਸਿੰਘ ਮਲਸੀਆਂ, ਤਾਰਾ ਸਿੰਘ ਥੰਮੂਵਾਲ, ਸਤਪਾਲ ਮੁਰੀਦਵਾਲ, ਆਲ ਇੰਡੀਆ ਕਿਸਾਨ ਸਭਾ ਵੱਲੋਂ ਬਚਿੱਤਰ ਸਿੰਘ ਤੱਗੜ, ਕੇਵਲ ਸਿੰਘ ਦਾਨੇਵਾਲ, ਵਰਿੰਦਰ ਪਾਲ ਕਾਲਾ, ਕਿਸਾਨ ਸੰਘਰਸ਼ ਕਮੇਟੀ ਵੱਲੋਂ ਮਹਿੰਦਰ ਸਿੰਘ ਨੱਲ੍ਹ, ਪੇਂਡੂ ਮਜ਼ਦੂਰ ਯੂਨੀਅਨ ਵੇਲੋਂ ਗੁਰਚਰਨ ਸਿੰਘ ਅਟਵਾਲ, ਗੁਰਬਖਸ਼ ਕੌਰ ਨੇ ਭਾਗ ਲਿਆ।

Advertisement

Advertisement
Author Image

Advertisement
Advertisement
×