For the best experience, open
https://m.punjabitribuneonline.com
on your mobile browser.
Advertisement

‘ਇੰਡੀਆ’ ਤੇ ਐੱਨਡੀਏ ਵੱਲੋਂ ਇਕੋ ਵੇਲੇ ਮੁੰਬਈ ’ਚ ਮੀਟਿੰਗਾਂ ਪਹਿਲੀ ਨੂੰ

07:18 AM Aug 30, 2023 IST
‘ਇੰਡੀਆ’ ਤੇ ਐੱਨਡੀਏ ਵੱਲੋਂ ਇਕੋ ਵੇਲੇ ਮੁੰਬਈ ’ਚ ਮੀਟਿੰਗਾਂ ਪਹਿਲੀ ਨੂੰ
ਮੁੰਬਈ ਪਹੁੰਚਣ ’ਤੇ ਆਰਜੇਡੀ ਆਗੂ ਲਾਲੂ ਪ੍ਰਸਾਦ ਯਾਦਵ ਦਾ ਸਵਾਗਤ ਕਰਦੇ ਹੋਏ ‘ੲਿੰਡੀਆ’ ਗੱਠਜੋੜ ਦੇ ਆਗੂ। -ਫੋਟੋ: ਪੀਟੀਆਈ
Advertisement

ਮੁੰਬਈ, 29 ਅਗਸਤ
ਦੇਸ਼ ਵਿੱਚ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਿਰੋਧੀ ਧਿਰ ‘ਇੰਡੀਆ’ ਗੱਠਜੋੜ ਤੇ ਸੱਤਾਧਾਰੀ ਐੱਨਡੀਏ ਵਿਚਾਲੇ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਮੁੰਬਈ ਵਿੱਚ ਪਹਿਲੀ ਸਤੰਬਰ ਨੂੰ ਦੋਹਾਂ ਧਿਰਾਂ ਵੱਲੋਂ ਇਕਸਾਰ ਉਚ ਪੱਧਰੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਵੇਰਵਿਆਂ ਅਨੁਸਾਰ ‘ਇੰਡੀਆ’ ਵਲੋਂ ਲੋਕ ਸਭਾ ਚੋਣਾਂ ਲਈ ਗੱਠਜੋੜ ਨੀਤੀ ਤੇ ਸੂਬਿਆਂ ਵਿਚਾਲੇ ਸੀਟਾਂ ਦੀ ਵੰਡ ਬਾਰੇ ਚਰਚਾ ਕੀਤੀ ਜਾਵੇਗੀ। ਇਸ ਮੌਕੇ ‘ਇੰਡੀਆ’ ਦਾ ਨਵਾਂ ਲੋਗੋ ਵੀ ਲਾਂਚ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਮਹਾਰਾਸ਼ਟਰ ਵਿੱਚ ਸੱਤਾਧਾਰੀ ਐੱਨਡੀਏ, ਜਿਸ ’ਚ ਹਾਲ ਹੀ ਵਿੱਚ ਅਜੀਤ ਪਵਾਰ ਦੀ ਅਗਵਾਈ ਵਾਲਾ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਧੜਾ ਸ਼ਾਮਲ ਹੋਇਆ ਹੈ, ਵੱਲੋਂ ਵੀ ਇਥੇ ਮੀਟਿੰਗ ਕੀਤੀ ਜਾਵੇਗੀ। ਐੱਨਸੀਪੀ ਦੇ ਸੰਸਦ ਮੈਂਬਰ ਸੁਨੀਲ ਤਤਕਰੇ, ਜੋ ਕਿ ਅਜੀਤ ਪਵਾਰ ਧੜੇ ਦੀ ਪ੍ਰਤੀਨਿਧਤਾ ਕਰਦੇ ਹਨ, ਨੇ ਕਿਹਾ ਕਿ ਸੂਬਾਈ ਸਰਕਾਰ ਦੇ ਗੱਠਜੋੜ ’ਚ ਸ਼ਾਮਲ ਭਾਜਪਾ, ਸ਼ਿਵ ਸੈਨਾ (ਏਕਨਾਥ ਸ਼ਿੰਦੇ ਗਰੁੱਪ) ਤੇ ਐੱਨਸੀਪੀ ਵੱਲੋਂ ਮੀਟਿੰਗ ’ਚ ਸ਼ਿਰਕਤ ਕੀਤੀ ਜਾਵੇਗੀ। ਜਦੋਂ ਉਨ੍ਹਾਂ ਨੂੰ ਮੀਟਿੰਗ ਦਾ ਸਮਾਂ ‘ਇੰਡੀਆ’ ਗੱਠਜੋੜ ਦੀ ਮੀਟਿੰਗ ਨਾਲ ਮੇਲ ਖਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੀ ਮੀਟਿੰਗ ਦੀ ਯੋਜਨਾ ਕੋਆਰਡੀਨੇਸ਼ਨ ਕਮੇਟੀ ਨੇ ਸੂਬਾਈ ਮੌਨਸੂਨ ਸੈਸ਼ਨ ਤੋਂ ਪਹਿਲਾਂ ਹੀ ਬਣਾ ਲਈ ਸੀ। ਇਸ ਲਈ ਇਹ ਗੱਲ ਤਰਕਹੀਣ ਹੈ ਕਿ ਉਨ੍ਹਾਂ ਦੀ ਮੀਟਿੰਗ ਦਾ ਸਮਾਂ ‘ਇੰਡੀਆ’ ਦੀ ਮੀਟਿੰਗ ਨਾਲ ਮਿਲਦਾ ਹੈ। ਇਕ ਹੋਰ ਜਾਣਕਾਰੀ ਅਨੁਸਾਰ ਸੀਨੀਅਰ ਕਾਂਗਰਸ ਆਗੂ ਅਸ਼ੋਕ ਚਵਾਨ ਨੇ ਪੁਸ਼ਟੀ ਕੀਤੀ ਕਿ ‘ਇੰਡੀਆ’ ਦੀ ਮੀਟਿੰਗ ’ਚ 26 ਤੋਂ 27 ਵਿਰੋਧੀ ਧਿਰਾਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ। ਇਸ ਸਬੰਧ ’ਚ ਗੈਰਰਸਮੀ ਮੀਟਿੰਗ 31 ਅਗਸਤ ਦੀ ਸ਼ਾਮ ਨੂੰ ਕੀਤੀ ਜਾਵੇਗੀ ਤੇ ਰਸਮੀ ਮੀਟਿੰਗ ਪਹਿਲੀ ਸਤੰਬਰ ਨੂੰ ਹੋਵੇਗੀ। ਇਸੇ ਦੌਰਾਨ ਐੱਨਸੀਪੀ ਆਗੂ ਸ਼ਰਦ ਪਵਾਰ ਨੇ ਇੰਡੀਆ ਗੱਠਜੋੜ ਦੀ ਮੀਟਿੰਗ ਵਾਲੇ ਸਥਾਨ ਦਾ ਦੌਰਾ ਕੀਤਾ ਤੇ ਮੀਟਿੰਗ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਦੱਸਣਯੋਗ ਹੈ ਕਿ ਇੰਡੀਆ ਦੀ ਮੀਟਿੰਗ ਮੁਬੰਈ ਦੇ ਨੀਮ ਸ਼ਹਿਰੀ ਇਲਾਕੇ ਦੇ ਇਕ ਲਗਜ਼ਰੀ ਹੋਟਲ ਵਿੱਚ ਹੋਣੀ ਹੈ।
ਉੱਧਰ, ਮਹਾਰਾਸ਼ਟਰ ਕਾਂਗਰਸ ਨੇ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ, ਜਿਨ੍ਹਾਂ ਦੀ ਸੰਸਦ ਮੈਂਬਰੀ ਹਾਲ ਹੀ ਵਿੱਚ ਬਹਾਲ ਹੋਈ ਹੈ, ਦੇ ਇਥੇ ਪੁੱਜਣ ’ਤੇ ਭਰਵੇਂ ਸਵਾਗਤ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਸੂਬਾਈ ਮੁਖੀ ਨਾਨਾ ਪਟੋਲੇ ਨੇ ਕਿਹਾ ਕਿ ਮੋਦੀ ਸਰਕਾਰ ਨੇ ਬਦਲੇ ਦੀ ਰਾਜਨੀਤੀ ਤਹਿਤ ਰਾਹੁਲ ਗਾਂਧੀ ਨੂੰ ਬਤੌਰ ਸੰਸਦ ਮੈਂਬਰ ਅਯੋਗ ਠਹਿਰਾ ਦਿੱਤਾ ਸੀ। -ਏਐੱਨਆਈ/ਪੀਟੀਆਈ

Advertisement

ਲਾਲੂ ਤੇ ਤੇਜਸਵੀ ਮੁੰਬਈ ਪਹੁੰਚੇ

ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ‘ਇੰਡੀਆ’ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਅੱਜ ਮੁੰਬਈ ਪਹੁੰਚ ਗਏ ਹਨ। ਕਾਂਗਰਸੀ ਆਗੂ ਸੰਜੈ ਨਿਰੁਪਮ ਤੇ ਨਸੀਮ ਖਾਨ ਨੇ ਹਵਾਈ ਅੱਡੇ ’ਤੇ ਇਨ੍ਹਾਂ ਦੋਹਾਂ ਆਗੂਆਂ ਦਾ ਸਵਾਗਤ ਕੀਤਾ। ਅੱਜ ਦਿਨ ਦੀ ਸ਼ੁਰੂਆਤ ਵੇਲੇ ਸ਼ਿਵ ਸੈਨਾ (ਯੂਬੀਟੀ) ਆਗੂ ਅਦਿੱਤਿਆ ਠਾਕਰੇ ਤੇ ਕਾਂਗਰਸੀ ਆਗੂ ਜ਼ੀਸ਼ਾਨ ਸਿਦੀਕੀ ਨੇ ਮੀਟਿੰਗ ਵਾਲੇ ਸਥਾਨ ਦਾ ਜਾਇਜ਼ਾ ਲਿਆ ਸੀ। ਪਟਨਾ ਤੋਂ ਮੁੰਬਈ ਰਵਾਨਾ ਹੋਣ ਵੇਲੇ ਹਵਾਈ ਅੱਡੇ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਲਾਲੂ ਯਾਦਵ ਨੇ ਕਿਹਾ ਕਿ ਅਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਘੀ ਫੜੀ ਹੋਈ ਹੈ ਤੇ ਇਸ ਪਕੜ ਨੂੰ ਹੋਰ ਮਜ਼ਬੂਤ ਕਰਨ ਜਾ ਰਹੇ ਹਾਂ।

Advertisement

Advertisement
Author Image

sukhwinder singh

View all posts

Advertisement