ਪੰਜਾਬ ਤੇ ਹਰਿਆਣਾ ਦੇ ਆੜ੍ਹਤੀਆਂ ਵੱਲੋਂ ਕੇਂਦਰੀ ਖੁਰਾਕ ਸਕੱਤਰ ਨਾਲ ਮੁਲਾਕਾਤ
ਕਰਮਜੀਤ ਸਿੰਘ ਚਿੱਲਾ
ਬਨੂੜ, 13 ਮਈ
ਪੰਜਾਬ ਅਤੇ ਹਰਿਆਣਾ ਦੀਆਂ ਆੜ੍ਹਤੀ ਐਸੋਸੀਏਸ਼ਨਾਂ ਨੇ ਅੱਜ ਸਾਂਝੇ ਤੌਰ ’ਤੇ ਦਿੱਲੀ ਵਿੱਚ ਕੇਂਦਰੀ ਖੁਰਾਕ ਸਕੱਤਰ ਸੰਜੀਵ ਚੋਪੜਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਆੜ੍ਹਤੀਆਂ ਦੇ ਮਾਮਲੇ ਵਿਚਾਰੇ ਗਏ। ਵਫ਼ਦ ਵਿੱਚ ਸ਼ਾਮਲ ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਅਤੇ ਬਨੂੜ ਮੰਡੀ ਦੇ ਪ੍ਰਧਾਨ ਪੁਨੀਤ ਜੈਨ ਨੇ ਦੱਸਿਆ ਕਿ ਕੇਂਦਰ ਵੱਲੋਂ ਆੜ੍ਹਤ ਤੇ ਮਜ਼ਦੂਰੀ ’ਤੇ ਲਾਏ ਕੱਟ ਹਟਾਉਣ ਲਈ ਕੀਤੇ ਜਾ ਰਹੇ ਯਤਨਾਂ ਸਬੰਧੀ ਅੱਜ ਕੇਂਦਰੀ ਖੁਰਾਕ ਸਕੱਤਰ ਨਾਲ ਪੰਜਾਬ ਤੇ ਹਰਿਆਣਾ ਦੀਆਂ ਸਾਰੀਆਂ ਆੜ੍ਹਤੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਆੜ੍ਹਤ ਮਜ਼ਦੂਰੀ ਮੰਡੀ ਬੋਰਡ ਨਿਯਮਾਂ ਮੁਤਾਬਕ ਦੇਣ, ਸਾਈਲੋ ਅਤੇ ਐੱਮਐੱਸਪੀ ’ਤੇ ਵਿਕਦੀਆਂ ਜਿਣਸਾਂ ਤੇ ਆੜ੍ਹਤ ਦੇਣ ਸਬੰਧੀ ਏਜੰਡਿਆਂ ’ਤੇ ਵਿਚਾਰ ਕੀਤਾ ਗਿਆ। ਕੇਂਦਰੀ ਖੁਰਾਕ ਸਕੱਤਰ ਨੇ ਮੰਗਾਂ ਸਬੰਧੀ ਵਿਚਾਰ ਕਰਨ ਦਾ ਭਰੋਸਾ ਦਿਵਾਇਆ। ਆੜ੍ਹਤੀਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਆੜ੍ਹਤ ਫਿਕਸ ਕਰਨਾ ਵਾਜ਼ਿਬ ਨਹੀਂ ਹੈ ਤੇ ਇਸ ਨੂੰ ਹਰੇਕ ਸਾਲ ਵਧਣ ਲਈ ਇੱਕ ਫਾਰਮੂਲਾ ਬਣਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਕਿਸਾਨ ਵਿੰਗ ਭਾਜਪਾ ਦੇ ਮੀਤ ਪ੍ਰਧਾਨ ਰਣਧੀਰ ਸਿੰਘ ਕਲੇਰ, ਆੜ੍ਹਤੀ ਐਸੋਸੀਏਸ਼ਨ ਹਰਿਆਣਾ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ, ਮੀਤ ਪ੍ਰਧਾਨ ਰਾਮ ਅਵਤਾਰ ਤਾਇਲ ਆਦਿ ਸ਼ਾਮਲ ਸਨ।