For the best experience, open
https://m.punjabitribuneonline.com
on your mobile browser.
Advertisement

ਜਰਮਨੀ ਦੇ ਰਾਜਦੂਤ ਵੱਲੋਂ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ

07:18 AM Jul 08, 2023 IST
ਜਰਮਨੀ ਦੇ ਰਾਜਦੂਤ ਵੱਲੋਂ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ
ਚੰਡੀਗਡ਼੍ਹ ਵਿੱਚ ਫਿਲਿਪ ਐਕਰਮੈਨ ਦਾ ਸਨਮਾਨ ਕਰਦੇ ਹੋਏ ਕੁਲਤਾਰ ਸਿੰਘ ਸੰਧਵਾਂ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਜੁਲਾਈ
ਭਾਰਤ ਵਿੱਚ ਜਰਮਨੀ ਦੇ ਰਾਜਦੂਤ ਫਿਲਿਪ ਐਕਰਮੈਨ ਨੇ ਅੱਜ ਇੱਥੇ ਪੰਜਾਬ ਦੇ ਰਾਜਪਾਲ ਤੇ ਯੂਟੀ, ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਦੋਵਾਂ ਵਿਚਾਲੇ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ-ਚਰਚਾ ਹੋਈ। ਇਸ ਮੌਕੇ ਝੋਨੇ ਦੀ ਪਰਾਲੀ ਤੋਂ ਸੀਐੱਨਜੀ ਬਣਾਉਣ ਲਈ ਜਰਮਨੀ ਦੀ ਮਸ਼ੀਨਰੀ ਦੀ ਵਰਤੋਂ ਸਬੰਧੀ ਵੀ ਚਰਚਾ ਕੀਤੀ ਗਈ। ਰਾਜਪਾਲ ਨੇ ਖੇਤਰ ਵਿੱਚ ਵਾਤਾਵਰਨ ਤੇ ਖੇਤੀਬਾੜੀ ਚੁਣੌਤੀਆਂ ਦੇ ਹੱਲ ਲਈ ਤਕਨਾਲੋਜੀ ਦੀ ਵਰਤੋਂ ਵਿੱਚ ਡੂੰਘੀ ਦਿਲਚਸਪੀ ਦਿਖਾਈ। ਇਸ ਦੇ ਨਾਲ ਹੀ ਸਟੂਡੈਂਟ ਐਕਸਚੇਂਜਿਜ਼ ਦੇ ਮੌਕਿਆਂ ਦੀ ਪੜਚੋਲ ਕਰਨ ਅਤੇ ਪੰਜਾਬ ਦੀ ਤਕਨੀਕੀ ਤਰੱਕੀ ਲਈ ਜਰਮਨ ਮੁਹਾਰਤ ਦਾ ਲਾਭ ਉਠਾਉਣ ’ਤੇ ਵੀ ਚਰਚਾ ਹੋਈ। ਰਾਜਪਾਲ ਨੇ ਭਾਰਤ ਦੀ ਚੋਣ ਪ੍ਰਕਿਰਿਆ, ਰਾਜਨੀਤੀ ਅਤੇ ਭਾਰਤ ਦੇ ਸੰਵਿਧਾਨ ਦੇ ਵੱਖ-ਵੱਖ ਪਹਿਲੂਆਂ ਬਾਰੇ ਜਰਮਨੀ ਰਾਜਦੂਤ ਦੇ ਦੋ ਦੇਸ਼ਾਂ ਵਿਚਾਲੇ ਆਪਸੀ ਮੇਲ ਤੇ ਬੰਧਨ ਨੂੰ ਦਰਸਾਉਂਦੇ ਵਿਆਪਕ ਗਿਆਨ ਦੀ ਸ਼ਲਾਘਾ ਕੀਤੀ। ਇਸੇ ਤਰ੍ਹਾਂ ਜਰਮਨੀ ਦੇ ਰਾਜਦੂਤ ਨੇ ਪੰਜਾਬੀਆਂ ਦੇ ਉਤਸ਼ਾਹੀ ਜਜ਼ਬੇ ਦੀ ਸ਼ਲਾਘਾ ਕਰਦਿਆਂ ਜਰਮਨੀ ਵਿੱਚ ਵਸਦੇ ਵੱਡੀ ਗਿਣਤੀ ਪੰਜਾਬੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਹੁਨਰ ਵਿਕਾਸ ਲਈ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦਾ ਸੁਝਾਅ ਦਿੱਤਾ।
ਭਾਰਤ ਵਿੱਚ ਜਰਮਨ ਰਾਜਦੂਤ ਫਿਲਿਪ ਐਕਰਮੈਨ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਵੀ ਮੁਲਾਕਾਤ ਕੀਤੀ। ਪੰਜਾਬ ਵਿਧਾਨ ਸਭਾ ਵਿੱਚ ਹੋਈ ਇਸ ਮੀਟਿੰਗ ਦੌਰਾਨ ਆਗੂਆਂ ਨੇ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਸ੍ਰੀ ਸੰਧਵਾਂ ਨੇ ਜਰਮਨੀ ਵਿੱਚ ਵਸਦੇ ਸਿੱਖਾਂ ਦੇ ਮੁੱਦੇ ਵੀ ਸਾਹਮਣੇ ਰੱਖੇ। ਭਾਰਤ ਅਤੇ ਜਰਮਨੀ ਦਰਮਿਆਨ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ ਵੱਖ-ਵੱਖ ਖੇਤਰਾਂ ਵਿੱਚ ਆਪਸੀ ਸਹਿਯੋਗ ਤੋਂ ਲਾਭ ਲੈ ਸਕਦੇ ਹਨ। ਸੰਧਵਾਂ ਨੇ ਫਿਲਿਪ ਐਕਰਮੈਨ ਨੂੰ ਜਰਮਨੀ ਤੋਂ ਪੰਜਾਬ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੇ ਨਾਲ-ਨਾਲ ਜਰਮਨ ਕੰਪਨੀਆਂ ਨੂੰ ਪੰਜਾਬ ਰਾਜ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਨ ਦਾ ਵੀ ਸੱਦਾ ਦਿੱਤਾ। ਇਸ ਮੌਕੇ ਸ੍ਰੀ ਐਕਰਮੈਨ ਨੇ ਕਿਹਾ ਕਿ ਜਰਮਨੀ ਭਾਰਤ ਨਾਲ ਮਜ਼ਬੂਤ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਇੱਛੁਕ ਹੈ, ਜਿਸ ਨਾਲ ਦੋਵੇਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਹੋਰ ਹੁਲਾਰਾ ਮਿਲੇਗਾ। ਇਸ ਮੀਟਿੰਗ ਵਿੱਚ ਪੀਟਰ ਸਟੇਨਲਰ, ਵਿੱਤ ਸਕੱਤਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਤੇ ਸਕੱਤਰ ਵਿਧਾਨ ਸਭਾ ਰਾਮ ਲੋਕ ਖਟਾਣਾ ਵੀ ਹਾਜ਼ਰ ਸਨ।

Advertisement

Advertisement
Tags :
Author Image

joginder kumar

View all posts

Advertisement
Advertisement
×