ਸਨਅਤਕਾਰਾਂ ਵੱਲੋਂ ਪਾਵਰਕੌਮ ਦੇ ਡਾਇਰੈਕਟਰ ਨਾਲ ਮੁਲਾਕਾਤ
ਗੁਰਿੰਦਰ ਸਿੰਘ
ਲੁਧਿਆਣਾ, 31 ਜੁਲਾਈ
ਸਨਅਤਕਾਰਾਂ ਦੇ ਇੱਕ ਵਫ਼ਦ ਨੇ ਅੱਜ ਪਾਵਰਕੌਮ ਦੇ ਡਾਇਰੈਕਟਰ (ਵੰਡ) ਇੰਜਨੀਅਰ ਡੀਪੀਐੱਸ ਗਰੇਵਾਲ ਨਾਲ ਮੁਲਾਕਾਤ ਕਰ ਕੇ ਬਿਜਲੀ ਦੇ ਲੱਗ ਰਹੇ ਕੱਟਾਂ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਇਸ ਮੌਕੇ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਐੱਚਐੱਸ ਲੱਕੀ, ਸਾਬਕਾ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਅਤੇ ਸਮਾਲ ਸਕੇਲ ਮੈਨੂਫੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ
ਜਸਵਿੰਦਰ ਸਿੰਘ ਠੁਕਰਾਲ ਨੇ ਕਿਹਾ ਕਿ ਬਿਜਲੀ ਕਟੌਤੀਆਂ ਕਾਰਨ ਸਨਅਤਕਾਰ ਕਾਫ਼ੀ ਪ੍ਰੇਸ਼ਾਨ ਹਨ ਕਿਉਂਕਿ ਇਸ ਨਾਲ ਸਨਅਤੀ ਉਤਪਾਦਨ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ, ਜਿਸ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪਾਵਰਕੌਮ ਬਿਜਲੀ ਸਪਲਾਈ ਦੇ ਸੁਧਾਰ ਲਈ ਤੁਰੰਤ ਕਦਮ ਚੁੱਕੇ ਤਾਂ ਜੋ ਉਨ੍ਹਾਂ ਦੇ ਕਾਰੋਬਾਰ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਇੰਜਨੀਅਰ ਗਰੇਵਾਲ ਨੇ ਭਰੋਸਾ ਦਿੱਤਾ ਕਿ ਪਾਵਰਕੌਮ ਵੱਲੋਂ ਨਿਰੰਤਰ ਬਿਜਲੀ ਸਪਲਾਈ ਲਈ ਭਰਪੂਰ ਯਤਨ ਕੀਤੇ ਜਾ ਰਹੇ ਹਨ ਅਤੇ ਟਰਾਂਸਫਾਰਮਰ ਦੀ ਕਮੀ ਕਾਰਨ ਜੋ ਕੁਨੈਕਸ਼ਨ ਰੁਕੇ ਹੋਏ ਹਨ, ਉਨ੍ਹਾਂ ਨੂੰ ਰਿਲੀਜ਼ ਕਰਨ ਲਈ ਵੀ ਕਾਰਵਾਈ ਆਰੰਭੀ ਜਾਵੇਗੀ।