For the best experience, open
https://m.punjabitribuneonline.com
on your mobile browser.
Advertisement

ਵਿਕਾਸ ਕਾਰਜਾਂ ’ਤੇ ਲੱਗੀ ਰੋਕ ਹਟਵਾਉਣ ਲਈ ਕੈਬਨਿਟ ਮੰਤਰੀ ਨਾਲ ਮੁਲਾਕਾਤ

07:03 AM Jul 02, 2023 IST
ਵਿਕਾਸ ਕਾਰਜਾਂ ’ਤੇ ਲੱਗੀ ਰੋਕ ਹਟਵਾਉਣ ਲਈ ਕੈਬਨਿਟ ਮੰਤਰੀ ਨਾਲ ਮੁਲਾਕਾਤ
ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬਲਕਾਰ ਸਿੰਘ ਨਾਲ ਵਫ਼ਦ ’ਚ ਸ਼ਾਮਲ ਨੁਮਾਇੰਦੇ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 1 ਜੁਲਾਈ
ਇਕ ਸਾਲ ਤੋਂ ਸ਼ਹਿਰ ਦੇ ਵਿਕਾਸ ਕਾਰਜਾਂ ’ਚ ਆਈ ਖੜੋਤ ਨੂੰ ਤੋੜਨ ਅਤੇ ਸਰਬਸੰਮਤੀ ਨਾਲ ਪਾਸ ਕੀਤੇ ਕੰਮਾਂ ’ਤੇ ਲੱਗੀ ਰੋਕ ਹਟਵਾਉਣ ਲਈ ਇਕ ਵਫ਼ਦ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ ਨੂੰ ਮਿਲਿਆ। ਵਫ਼ਦ ’ਚ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਤੋਂ ਇਲਾਵਾ ਜਰਨੈਲ ਸਿੰਘ ਲੋਹਟ, ਰਵਿੰਦਰਪਾਲ ਸਿੰਘ ਰਾਜੂ, ਮੇਸ਼ੀ ਸਹੋਤਾ, ਅਮਨ ਕਪੂਰ ਬੌਬੀ, ਹਿਮਾਂਸ਼ੂ ਮਲਿਕ, ਵਿਕਰਮ ਜੱਸੀ (ਸਾਰੇ ਕੌਂਸਲਰ), ਦਵਿੰਦਰਜੀਤ ਸਿੰਘ ਸਿੱਧੂ, ਡਾ. ਇਕਬਾਲ ਸਿੰਘ ਧਾਲੀਵਾਲ, ਸਰਪੰਚ ਹਰਦੀਪ ਸਿੰਘ ਲੱਕੀ ਆਦਿ ਸ਼ਾਮਲ ਸਨ। ਪ੍ਰਧਾਨ ਰਾਣਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਅੱਗੇ ਸ਼ਹਿਰ ਦੀਆਂ ਕਈ ਮੰਗਾਂ ਰੱਖਣ ਤੋਂ ਇਲਾਵਾ ਬੀਤੇ ਸਾਲ 30 ਮਈ ਨੂੰ ਹਾਊਸ ’ਚ ਉਨ੍ਹਾਂ ਸਮੇਤ ਸਾਰੇ 23 ਕੌਂਸਲਰਾਂ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ’ਤੇ ਡਾਇਰੈਕਟਰ ਵੱਲੋਂ ਲਾਈ ਰੋਕ ਦਾ ਮੁੱਦਾ ਵੀ ਰੱਖਿਆ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਮੀਟਿੰਗ ’ਚ ਸ਼ਾਮਲ ਰਹੇ ਕੁਝ ਕੌਂਸਲਰਾਂ ਵੱਲੋਂ ਜਾਣਬੁੱਝ ਕੇ ਵਿਕਾਸ ਕਾਰਜਾਂ ’ਚ ਅੜਿੱਕਾ ਖੜ੍ਹਾ ਕਰਦੇ ਹੋਏ ਇਤਰਾਜ਼ ਉਠਾ ਕੇ ਇਨ੍ਹਾਂ ਕੰਮਾਂ ’ਤੇ ਰੋਕ ਲਗਵਾ ਦਿੱਤੀ ਗਈ। ਇਨ੍ਹਾਂ ਕੰਮਾਂ ’ਚ ਸ਼ਹੀਦ ਭਗਤ ਸਿੰਘ ਕਮਿਊਨਿਟੀ ਹਾਲ ਦਾ 60 ਲੱਖ ਦੀ ਲਾਗਤ ਨਾਲ ਹੋਣ ਵਾਲਾ ਨਵੀਨੀਕਰਨ ਵੀ ਸ਼ਾਮਲ ਸੀ। ਇਸ ਹਾਲ ਦੀ ਵਰਤੋਂ ਲੋੜਵੰਦ ਪਰਿਵਾਰ ਤੇ ਗਰੀਬ ਤਬਕਾ ਆਪਣੇ ਪਰਿਵਾਰਕ ਸਮਾਗਮਾਂ ਲਈ ਕਰਦਾ ਆਇਆ ਹੈ ਪਰ ਨਵੀਨੀਕਰਨ ਨਾ ਹੋਣ ਕਰਕੇ ਇਕ ਸਾਲ ਤੋਂ ਲੋਡ਼ਵੰਦ ਲੋਕਾਂ ਨੂੰ ਭਾਰੀ ਦਿੱਕਤ ਪੇਸ਼ ਆ ਰਹੀ ਹੈ। ਇਸੇ ਤਰ੍ਹਾਂ ਕਈ ਜ਼ਰੂਰੀ ਕੰਮ ਵੀ ਰੁਕੇ ਹੋਏ ਹਨ। ਵਫ਼ਦ ਨੂੰ ਸੁਣਨ ਮਗਰੋਂ ਕੈਬਨਿਟ ਮੰਤਰੀ ਨੇ ਜਾਇਜ਼ ਮੰਗਾਂ ’ਤੇ ਵਿਚਾਰ ਕਰ ਕੇ ਵਿਕਾਸ ਕਾਰਜ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਸੂਬੇ ’ਚ ਸੱਤਾ ਤਬਦੀਲੀ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਜਦਕਿ ਨਗਰ ਕੌਂਸਲ ’ਤੇ ਕਾਂਗਰਸ ਦਾ ਕਬਜ਼ਾ ਸੀ। ਕਾਂਗਰਸ ਦੇ ਬਹੁਗਿਣਤੀ ਕੌਂਸਲਰ ਹੋਣ ਦੇ ਬਾਵਜੂਦ ਕੁਝ ਕੌਂਸਲਰਾਂ ਵੱਲੋਂ ਪਾਲਾ ਬਦਲਣ ਕਰ ਕੇ ਉਕਤ ਨੌਬਤ ਪੈਦਾ ਹੋ ਗਈ। ਇਹ ਵੀ ਦੱਸਣਾ ਬਣਦਾ ਹੈ ਕਿ ਦੂਜੀ ਧਿਰ ਦੇ ਕੌਂਸਲਰ ਵੀ ਦੋ ਦਿਨ ਪਹਿਲਾਂ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੀ ਅਗਵਾਈ ਹੇਠ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੂੰ ਮਿਲਣ ਪੁੱਜੇ ਸਨ।

Advertisement

Advertisement
Tags :
Author Image

sukhwinder singh

View all posts

Advertisement
Advertisement
×