ਦਸਮੇਸ਼ ਸਿੱਖਿਆ ਤੇ ਡਿਗਰੀ ਕਾਲਜ ਦੀ ਕੇਂਦਰੀ ’ਵਰਸਿਟੀ ਦੇ ਵਿਦਿਆਰਥੀਆਂ ਨਾਲ ਮਿਲਣੀ
ਇਕਬਾਲ ਸਿੰਘ ਸ਼ਾਂਤ
ਲੰਬੀ, 3 ਅਕਤੂਬਰ
ਕੇਂਦਰੀ ਯੂਨੀਵਰਸਿਟੀ ਘੁੱਦਾ ਅਤੇ ਦੋਵੇਂ ਦਸਮੇਸ਼ ਵਿੱਦਿਅਕ ਸੰਸਥਾਵਾਂ ਬਾਦਲ ਵਿਚਕਾਰ ਸਾਂਝੇ ਇਕਰਾਰ (ਐੱਮਓਯੂ) ਤਹਿਤ ਤਿੰਨੇ ਸੰਸਥਾਵਾਂ ਦੇ ਵਿਦਿਆਰਥੀਆਂ ਦੀ ਸਾਂਝੀ ਮਿਲਣੀ ਹੋਈ। ਇਸ ਮੌਕੇ ਡਿਗਰੀ ਕਾਲਜ ਤੇ ਸਿੱਖਿਆ ਕਾਲਜ ਦੇ ਵਿਦਿਆਰਥੀਆਂ ਵਿਚਕਾਰ ਪ੍ਰਤਿਭਾ ਨਿਖਾਰ ਸਮਾਗਮ ਹੋਇਆ। ਦਸਮੇਸ਼ ਗਰਲਜ਼ ਕਾਲਜ, ਬਾਦਲ ਦੇ ਪ੍ਰਿੰਸੀਪਲ ਡਾ. ਐੱਸਐੱਸ ਸੰਘਾ ਨੇ ਦੱਸਿਆ ਕਿ ਕੇਂਦਰੀ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵੱਲੋਂ ਡਾ. ਸ਼ਮਸ਼ੀਰ ਸਿੰਘ ਢਿੱਲੋਂ, ਡਾ. ਪਾਨੀ, ਡਾ. ਕੰਵਲਜੀਤ ਕੌਰ ਅਤੇ ਡਾ. ਮਾਨ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ। ਡਾ. ਸ਼ਮਸ਼ੀਰ ਸਿੰਘ ਢਿੱਲੋਂ ਨੇ ਦਸਮੇਸ਼ ਕਾਲਜਾਂ ਦੀ ਕੇਂਦਰੀ ਯੂਨੀਵਰਸਿਟੀ ਨਾਲ ਸਿੱਖਿਆ ਦੇ ਖੇਤਰ ਵਿਚਲੀ ਸਾਂਝ ਦਾ ਜ਼ਿਕਰ ਕਰਦਿਆਂ ਯੂਨੀਵਰਸਿਟੀ ਨੂੰ ਦਿੱਤੇ ਜਾਂਦੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਡਾ. ਪਾਨੀ ਨੇ ਪੇਂਡੂ ਖੇਤਰ ਵਿੱਚ ਦਸਮੇਸ਼ ਕਾਲਜਾਂ ਵੱਲੋਂ ਦਿੱਤੀ ਜਾ ਰਹੀ ਮਿਆਰੀ ਸਿੱਖਿਆ ਦੀ ਸ਼ਲਾਘਾ ਕੀਤੀ। ਸਹਾਇਕ ਪ੍ਰੋ. ਮਨਜੀਤ ਸਿੰਘ ਸਾਹੋਕੇ ਨੇ ਫਾਈਨ ਆਰਟਸ ਦੀ ਇੱਕ ਡੈਮੋ ਜ਼ਰੀਏ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਦਸਮੇਸ਼ ਗਰਲਜ ਸਿੱਖਿਆ ਕਾਲਜ ਬਾਦਲ ਦੇ ਪ੍ਰਿੰਸੀਪਲ ਡਾ. ਵਨੀਤਾ ਗੁਪਤਾ ਨੇ ਕੇਂਦਰੀ ਯੂਨੀਵਰਸਿਟੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਜੀ ਆਇਆਂ ਨੂੰ ਆਖਿਆ। ਕੇਂਦਰੀ ਯੂਨੀਵਰਸਿਟੀ ਦੇ ਚਾਰ ਸਾਲਾ ਬੀ.ਐਡ ਕੋਰਸ ਤੇ ਐੱਮ.ਐੱਡ ਦੇ ਵਿਦਿਆਰਥੀਆਂ ਵੱਲੋਂ ਕਾਲਜ ਦੇ ਖੇਡ-ਮੈਦਾਨਾਂ, ਲੈਬਾਂ, ਲਾਇਬ੍ਰੇਰੀਆਂ ਅਤੇ ਹੋਰ ਸਾਰੀਆਂ ਥਾਵਾਂ ਦਾ ਦੌਰਾ ਕੀਤਾ ਗਿਆ।