ਡਾਇਰੈਕਟਰ ਫੂਡ ਸਪਲਾਈ ਵੱਲੋਂ ਸ਼ੈਲਰ ਮਾਲਕਾਂ ਨਾਲ ਮੀਟਿੰਗ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 26 ਅਕਤੂਬਰ
ਇਥੋਂ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਖਰੀਦ ਦੌਰਾਨ ਲਿਫਟਿੰਗ ਦਾ ਕੰਮ ਬਹੁਤ ਹੀ ਮੱਧਮ ਰਫ਼ਤਾਰ ਨਾਲ ਚੱਲ ਰਿਹਾ ਹੈ ਜਿਸ ਕਾਰਨ ਬੋਰੀਆਂ ਦੇ ਅੰਬਾਰ ਲੱਗ ਗਏ ਹਨ ਅਤੇ ਕਿਸਾਨਾਂ ਲਈ ਫੜ੍ਹਾਂ ਵਿੱਚ ਫਸਲ ਢੇਰੀ ਕਰਨ ਲਈ ਥਾਂ ਨਹੀਂ ਬਚੀ। ਕਰੀਬ 26 ਦਿਨ ਪਹਿਲਾਂ ਸ਼ੁਰੂ ਹੋਈ ਸਰਕਾਰੀ ਖਰੀਦ ਤੋਂ ਬਾਅਦ ਮਾਛੀਵਾੜਾ ਮੰਡੀ ਵਿੱਚ ਅੱਜ ਪਹਿਲੀ ਵਾਰ ਫੂਡ ਸਪਲਾਈ ਵਿਭਾਗ ਦੇ ਉੱਚ ਅਧਿਕਾਰੀ ਡਾਇਰੈਕਟਰ ਪੁਨੀਤ ਗੋਇਲ ਨੇ ਪੁੱਜ ਕੇ ਸ਼ੈਲਰ ਮਾਲਕਾਂ ਨਾਲ ਮੀਟਿੰਗ ਕੀਤੀ। ਜ਼ਿਕਰਯੋਗ ਹੈ ਕਿ ਮਾਛੀਵਾੜਾ ਇਲਾਕੇ ਵਿੱਚ ਕਰੀਬ 32 ਸ਼ੈਲਰ ਹਨ, ਜਿਨ੍ਹਾਂ ’ਚੋਂ ਸਿਰਫ਼ 8 ਹੀ ਝੋਨਾ ਚੁੱਕਣ ਲਈ ਰਜ਼ਾਮੰਦ ਹੋਏ ਹਨ। ਬਾਕੀ ਸ਼ੈਲਰ ਮਾਲਕਾਂ ਨੂੰ ਮਨਾਉਣ ਲਈ ਫੂਡ ਸਪਲਾਈ ਵਿਭਾਗ ਦੇ ਡਾਇਰੈਕਟਰ ਪੁਨੀਤ ਗੋਇਲ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਡਾਇਰੈਕਟਰ ਗੋਇਲ ਨੇ ਸ਼ੈਲਰ ਮਾਲਕਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਵੀ ਰਿਆਇਤਾਂ ਸੰਭਵ ਹਨ ਉਹ ਦਿੱਤੀਆਂ ਗਈਆਂ ਹਨ ਤੇ ਭਵਿੱਖ ’ਚ ਵੀ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਜੋ ਸੂਬਾ ਸਰਕਾਰ ਦੇ ਹੱਥ ਵਿੱਚ ਹੋਵੇਗਾ ਉਸ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਝੋਨੇ ਦੀ ਫਸਲ ਬਹੁਤ ਵਧੀਆ ਹੈ, 17 ਫੀਸਦ ਨਮੀਂ ਤੋਂ ਘੱਟ ਵਾਲਾ ਝੋਨਾ ਮੰਡੀਆਂ ਵਿੱਚ ਵਿਕਣ ਲਈ ਆ ਰਿਹਾ ਹੈ ਇਸ ਲਈ ਸ਼ੈਲਰ ਮਾਲਕ ਏਜੰਸੀਆਂ ਵੱਲੋਂ ਖਰੀਦਿਆ ਝੋਨਾ ਝੜਾਈ ਲਈ ਚੁੱਕਣਾ ਸ਼ੁਰੂ ਕਰਨ।
ਆੜ੍ਹਤੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ
ਡਾਇਰੈਕਟਰ ਪੁਨੀਤ ਗੋਇਲ ਨੇ ਆੜ੍ਹਤੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਵੀ ਸਮੱਸਿਆਵਾਂ ਸੁਣੀਆਂ। ਆੜ੍ਹਤੀਆਂ ਨੇ ਕਿਹਾ ਕਿ ਇਸ ਸਮੇਂ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ, ਇਸ ਲਈ ਤੁਰੰਤ ਲਿਫਟਿੰਗ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰਵਾਇਆ ਜਾਵੇ। ਡਾਇਰੈਕਟਰ ਗੋਇਲ ਨੇ ਕਿਹਾ ਕਿ ਸ਼ੈਲਰ ਮਾਲਕਾਂ ਨਾਲ ਮੀਟਿੰਗ ਤੋਂ ਬਾਅਦ ਵੀ ਜੇਕਰ ਉਹ ਝੋਨਾ ਚੁੱਕਣ ਲਈ ਰਜ਼ਾਮੰਦ ਨਹੀਂ ਹੁੰਦੇ ਤਾਂ ਪੰਜਾਬ ਸਰਕਾਰ ਇਸ ਦੇ ਬਦਲਵੇਂ ਢੰਗ ਲੱਭੇਗੀ ਤਾਂ ਜੋ ਕਿਸਾਨਾਂ ਤੇ ਆੜ੍ਹਤੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
ਮਾਛੀਵਾੜਾ ਅਨਾਜ ਮੰਡੀ ਵਿੱਚ ਦੋ ਦਿਨਾਂ ਲਈ ਖਰੀਦ ਬੰਦ
ਮਾਛੀਵਾੜਾ ਅਨਾਜ ਮੰਡੀ ਵਿੱਚ ਲਿਫਟਿੰਗ ਨਾ ਹੋਣ ਕਾਰਨ ਅੱਜ ਆੜ੍ਹਤੀਆਂ ਵੱਲੋਂ ਦੋ ਦਿਨਾਂ ਲਈ ਫਸਲ ਖਰੀਦ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ। ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਮਾਛੀਵਾੜਾ, ਹੇਡੋਂ ਬੇਟ, ਬੁਰਜ ਪਵਾਤ, ਸ਼ੇਰਪੁਰ ਬੇਟ ਅਤੇ ਲੱਖੋਵਾਲ ਕਲਾਂ ਵਿਚ ਸਰਕਾਰੀ ਏਜੰਸੀਆਂ ਵੱਲੋਂ 6 ਲੱਖ 94 ਹਜ਼ਾਰ 330 ਕੁਇੰਟਲ ਝੋਨਾ ਖਰੀਦਿਆ ਗਿਆ ਹੈ ਪਰ ਲਿਫਟਿੰਗ ਸਿਰਫ਼ 79807 ਕੁਇੰਟਲ ਦੀ ਹੋਈ ਹੈ। ਮਾਛੀਵਾੜਾ ਮੰਡੀ ਵਿੱਚ ਹਾਲਾਤ ਇਹ ਹਨ ਕਿ ਹਰ ਪਾਸੇ ਬੋਰੀਆਂ ਹੀ ਬੋਰੀਆਂ ਨਜ਼ਰ ਆ ਰਹੀਆਂ ਹਨ ਤੇ ਕਿਸਾਨਾਂ ਨੂੰ ਆਪਣੀ ਫਸਲ ਢੇਰੀ ਕਰਨ ਵਿੱਚ ਮੁਸ਼ਕਿਲ ਆ ਰਹੀ ਹੈ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਲਿਫਟਿੰਗ ਨਾ ਹੋਣ ਕਾਰਨ ਸਮੂਹ ਆੜ੍ਹਤੀਆਂ ਨੇ ਫ਼ੈਸਲਾ ਲਿਆ ਹੈ ਕਿ ਦੋ ਦਿਨ ਫਸਲ ਖਰੀਦ ਦਾ ਕੰਮ ਬੰਦ ਰੱਖਿਆ ਜਾਵੇਗਾ।