ਮੱਟੂ ਵੱਲੋਂ ਗਲੌਲੀ ਪਿੰਡ ਦੀ ਪੰਚਾਇਤ ਨਾਲ ਮੀਟਿੰਗ
ਪੱਤਰ ਪ੍ਰੇਰਕ
ਪਾਤੜਾਂ, 23 ਨਵੰਬਰ
ਬਦਲਾਅ ਦੇ ਨਾਂ ’ਤੇ ਬਣੀ ਸਰਕਾਰ ਨੇ ਝੋਨੇ ਦੀ ਖਰੀਦ ਨਾ ਕਰਕੇ ਕਿਸਾਨਾਂ, ਮਜ਼ਦੂਰਾਂ ਸਮੇਤ ਛੋਟੇ ਵਪਾਰੀਆਂ ਦੀ ਸੰਘੀ ਨੱਪਣ ਦਾ ਕੰਮ ਕੀਤਾ ਹੈ। ਇਹ ਪ੍ਰਗਟਾਵਾ ਡਾ. ਅੰਬੇਡਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਦੇ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਪਿੰਡ ਦੇ ਪੰਚ ਸਰਪੰਚਾਂ ਨਾਲ ਮੁਲਾਕਾਤ ਤਹਿਤ ਪਿੰਡ ਗਲੌਲੀ ਦੇ ਸਰਪੰਚ ਗੁਰਮੀਤ ਸਿੰਘ ਫ਼ੌਜੀ ਅਤੇ ਪਤਵੰਤੇ ਸੱਜਣਾਂ ਨਾਲ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਮਾਂ ਰਹਿੰਦੇ ਕੇਂਦਰ ਨਾਲ ਰਾਬਤਾ ਕਰਕੇ ਸ਼ੈਲਰ ਖਾਲੀ ਕਰਵਾਏ ਹੁੰਦੇ ਤਾਂ ਕਿਸਾਨ ਮੰਡੀਆਂ ਵਿੱਚ ਨਾ ਰੁਲਦਾ। ਦੂਜੇ ਪਾਸੇ ਭਾਰਤੀ ਖੁਰਾਕ ਨਿਗਮ ਨੇ ਕਿਸਾਨਾਂ ਨੂੰ ਖੱਜਲ ਕਰਨ ਲਈ ਮੰਡੀਆਂ ਵਿੱਚ ਪਏ ਝੋਨੇ ਦੇ ਕਈ ਕਈ ਦਿਨਾਂ ਬਾਅਦ ਨਮੀ ਦੀ ਮਾਤਰਾ ਦੀ ਗੱਲ ਆਖ ਕੇ ਖ਼ਰੀਦ ਨਹੀਂ ਕੀਤੀ, ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੀ ਬਿਹਤਰੀ ਲਈ ਕੰਮ ਕਰਕੇ ਲੋਕਾਂ ਦੀ ਜੀਵਨਸ਼ੈਲੀ ਬਦਲਣ ਯਤਨ ਤਹਿਤ ਪਿੰਡ ਦਾ ਵਿਕਾਸ ਗੁੱਟਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨ ਦੇ ਨਾਲ ਨਾਲ ਸਰਕਾਰਾਂ ਵਲੋਂ ਹੱਕਾਂ ’ਤੇ ਮਾਰੇ ਜਾ ਰਹੇ ਡਾਕਿਆਂ ਖ਼ਿਲਾਫ਼ ਲਾਮਬੰਦੀ ਕਰਨੀ ਚਾਹੀਦੀ ਹੈ। ਇਸ ਮੌਕੇ ਪਿੰਡ ਗਲੌਲੀ ਦੇ ਸਰਪੰਚ ਗੁਰਮੀਤ ਸਿੰਘ ਫੌਜੀ, ਸੂਬਾ ਸਿੰਘ ਠਰੂਆ ਅਤੇ ਨਿਰਮਲ ਸਿੰਘ ਗਲੌਲੀ ਹਾਜ਼ਰ ਸਨ।