ਡੀਸੀ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ
ਪੱਤਰ ਪ੍ਰੇਰਕ
ਮਾਨਸਾ, 3 ਜੁਲਾਈ
ਮਾਲਵਾ ਖੇਤਰ ਵਿੱਚ ਇਸ ਵਾਰ ਵੱਡੀ ਪੱਧਰ ’ਤੇ ਲਾਏ ਜਾ ਰਹੇ ਝੋਨੇ ਦੀ ਵਾਢੀ ਬਾਅਦ ਪੈਦਾ ਹੋਣ ਵਾਲੀ ਪਰਾਲੀ ਨੂੰ ਸਾੜਨ ਤੋਂ ਸਰਕਾਰ ਹੁਣੇ ਹੀ ਗੰਭੀਰ ਹੋਣ ਲੱਗੀ ਹੈ। ਅੱਜ ਇੱਥੇ ਇਸ ਸਬੰਧੀ ਇੱਕ ਮੀਟਿੰਗ ਕਰਦਿਆਂ ਮਾਨਸਾ ਦੇ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਕਿਹਾ ਕਿ ਫਸਲੀ ਰਹਿੰਦ-ਖੂੰਹਦ ਨੂੰ ਸਾੜਨ ਨਾਲ ਵਾਤਾਵਰਨ ਪ੍ਰਦੂਸ਼ਤ ਹੁੰਦਾ ਹੈ ਅਤੇ ਬਿਮਾਰੀਆਂ ਫੈਲਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਲਈ ਸਮੂਹ ਅਧਿਕਾਰੀ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਯੋਜਨਾਬੱਧ ਕਾਰਵਾਈ ਲੈਕੇ ਚੱਲਣ, ਜਿਸ ਦੇ ਸਕਾਰਤਮਕ ਨਤੀਜੇ ਸਾਹਮਣੇ ਆਉਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਕਿਸਮ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸਮੂਹ ਕਲਸਟਰ ਅਫ਼ਸਰਾਂ ਤੇ ਨੋਡਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਸਬੰਧੀ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਪਿੰਡ ਪੱਧਰ ’ਤੇ ਉਪਲੱਬਧ ਸੁਪਰ ਸੀਡਰ, ਬੇਲਰ ਆਦਿ ਮਸ਼ੀਨਾਂ ਜੋ ਪਰਾਲੀ ਦੀ ਸਾਂਭ-ਸੰਭਾਲ ਵਿਚ ਸਹਾਈ ਹੁੰਦੀਆਂ ਹਨ, ਦੀ ਗਿਣਤੀ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਉਂਦਿਆਂ ਇੰਨ੍ਹਾਂ ਮਸ਼ੀਨਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੀ ਰਿਪੋਰਟ ਅਨੁਸਾਰ ਜਿਸ ਵੀ ਪਿੰਡ ਵਿਚ 50 ਫ਼ੀਸਦੀ ਤੋਂ ਵਧੇਰੇ ਪਰਾਲੀ ਸਾੜੀ ਗਈ ਹੈ, ਉੱਥੇ ਸਬੰਧਤ ਐਸ.ਡੀ.ਐਮ. ਖ਼ੁਦ ਦੌਰਾ ਕਰਕੇ ਕਿਸਾਨਾਂ ਨੂੰ ਜਾਗਰੂਕ ਕਰਨ, ਜਿਸ ਦੀ ਸੂਚੀ ਬਣਾਉਣ ਲਈ ਖੇਤੀ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ।