ਆਈਟੀ ਮੁਲਾਜ਼ਮਾਂ ਵੱਲੋਂ ਵਿਧਾਇਕ ਨਾਪਾ ਨਾਲ ਮੁਲਾਕਾਤ
ਕੇ.ਕੇ ਬਾਂਸਲ
ਰਤੀਆ, 21 ਅਗਸਤ
ਹਰਿਆਣਾ ਦੀ ਹਾਰਟਰੋਨ ਆਈਟੀ ਪ੍ਰੋਫੈਸ਼ਨਲ ਵੈਲਫੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਜ਼ਿਲ੍ਹਾ ਕਾਰਜਕਾਰਨੀ ਨੇ ਰਤੀਆ ਦੇ ਵਿਧਾਇਕ ਲਕਸ਼ਮਣ ਨਾਪਾ ਨੂੰ ਹਾਰਟਰੋਨ ਆਈਟੀ ਪ੍ਰੋਫੈਸ਼ਨਲਜ਼ ਦੀਆਂ ਸੇਵਾਵਾਂ ਨਿਯਮਤ ਕਰਨ ਦੀ ਮੰਗ ਸਬੰਧੀ ਪੱਤਰ ਸੌਂਪਿਆ। ਉਨ੍ਹਾਂ 25 ਅਗਸਤ ਤੋਂ ਸ਼ੁਰੂ ਹੋ ਰਹੇ ਹਰਿਆਣਾ ਵਿਧਾਨ ਸਭਾ ਸੈਸ਼ਨ ਦੌਰਾਨ ਵਿਧਾਨਕ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਬਿੱਲ ਪਾਸ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਨਿਯਮਤ ਕਰਨ ਦੀ ਮੰਗ ਕੀਤੀ। ਐਸੋਸੀਏਸ਼ਨ ਵੱਲੋਂ ਦਿੱਤੇ ਗਏ ਮੰਗ ਪੱਤਰ ’ਤੇ ਵਿਧਾਇਕ ਲਛਮਣ ਨਾਪਾ ਨੇ ਭਰੋਸਾ ਦਿੱਤਾ ਕਿ ਉਹ ਹਰਿਆਣਾ ਵਿਧਾਨ ਸਭਾ ਦੇ ਸੈਸ਼ਨ ਵਿੱਚ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਉਠਾਉਣਗੇ। ਇਸ ਮੌਕੇ ਭਾਜਪਾ ਦੇ ਜ਼ਿਲਾ ਪ੍ਰਧਾਨ ਬਲਦੇਵ ਗਰੋਹਾ ਵੀ ਹਾਜ਼ਰ ਸਨ।
ਜ਼ਿਲ੍ਹਾ ਕਾਰਜਕਾਰਨੀ ਦੇ ਅਹੁਦੇਦਾਰ ਵਿਨੋਦ ਕੁਮਾਰ, ਬਲਵਿੰਦਰ ਸਿੰਘ, ਜਸਬੀਰ ਕੁੰਡੂ, ਸੰਦੀਪ ਕੁਮਾਰ, ਸਤਬੀਰ, ਅਸ਼ੋਕ ਕੁਮਾਰ, ਪ੍ਰਵੀਨ ਕੁਮਾਰ, ਅਜੈ, ਅਨਿਲ ਸੋਨੀ ਆਦਿ ਨੇ ਦੱਸਿਆ ਕਿ ਸਾਲ 2014 ਵਿੱਚ ਹਰਿਆਣਾ ਸਰਕਾਰ ਰੈਗੂਲਰ ਕਰਨ ਦੀ ਨੀਤੀ ਬਣਾ ਕੇ ਹਾਰਟਰੋਨ ਤਹਿਤ ਕੰਮ ਕਰਦੇ ਕਰਮਚਾਰੀਆਂ ਦੀਆਂ ਸੇਵਾਵਾਂ ਨਿਯਮਤ ਕਰ ਚੁੱਕੀ ਹੈ ਪਰ ਮੌਜੂਦਾ ਹਰਿਆਣਾ ਸਰਕਾਰ ਵੱਲੋਂ ਹਾਲੇ ਤੱਕ ਹਾਰਟਰੋਨ ਆਈਟੀ ਪ੍ਰੋਫੈਸ਼ਨ ਲਈ ਕੋਈ ਰੈਗੂਲਰਾਈਜ਼ੇਸ਼ਨ ਨੀਤੀ ਨਹੀਂ ਬਣਾਈ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਹਾਰਟਰੋਨ ਆਈਟੀ ਪ੍ਰੋਫੈਸ਼ਨਲਾਂ ਨੂੰ ਦਿੱਤੇ ਜਾਣ ਵਾਲੇ ਸਾਲਾਨਾ ਵਾਧੇ ਅਤੇ ਛੁੱਟੀਆਂ ਵਿੱਚ ਵੀ ਵਾਧਾ ਕਰਨ ਦੀ ਮੰਗ ਕੀਤੀ।